ਭਾਈ ਕਨੱਈਆ ਰਾਮ ਜੀ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਅਨਿੰਨ ਸੇਵਕ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰੋਂ-ਘਰੋਂ ਵਰੋਸਾਏ ਹੋਏ ਸਨ। ਭਾਈ ਕਨੱਈਆ ਜੀ ਜਦ ਗੁਰੂ ਦਰਬਾਰ ’ਚ ਹਾਜ਼ਰ ਹੋਏ ਤਾਂ ਉਸ ਸਮੇਂ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਗੁਰਗੱਦੀ ਤੇ ਬਿਰਾਜਮਾਨ ਹੋ ਚੁੱਕੇ ਸਨ। ਉਹਨਾਂ ਨੂੰ ਆਉਂਦਿਆਂ ਹੀ ਗੁਰੂ ਜੀ ਨੇ ਨਦੀ ਤੋਂ ਪਾਣੀ ਭਰ ਕੇ ਲਿਆਉਣ ਲਈ ਕਿਹਾ। ਭਾਈ ਕਨੱਈਆ ਰਾਮ ਜੀ ਜਦ ਪਾਣੀ ਦਾ ਘੜਾ ਲੈ ਕੇ ਆਏ ਤਾਂ ਗੁਰੂ ਸਾਹਿਬ ਨੇ ਹੱਥ ਧੋ ਕੇ ਬਾਕੀ ਸਾਰਾ ਪਾਣੀ ਡੋਲ੍ਹ ਦਿੱਤਾ। ਗੁਰੂ ਸਾਹਿਬ ਨੇ ਫਿਰ ਉਹਨਾਂ ਨੂੰ ਪਾਣੀ ਭਰ ਕੇ ਲਿਆਉਣ ਲਈ ਕਿਹਾ। ਭਾਈ ਕਨੱਈਆ ਰਾਮ ਜੀ ਫਿਰ ਪਾਣੀ ਦਾ ਘੜਾ ਭਰ ਲਿਆਏ ਤਾਂ ਫਿਰ ਗੁਰੂ ਸਾਹਿਬ ਨੇ ਆਪਣੇ ਚਰਨ (ਪੈਰ) ਧੋ ਕੇ ਬਾਕੀ ਸਾਰਾ ਪਾਣੀ ਡੋਲ੍ਹ ਦਿੱਤਾ। ਦੂਜੇ ਦਿਨ ਫਿਰ ਇੰਝ ਹੀ ਹੋਇਆ। ਇਸ ਤਰ੍ਹਾਂ ਕਈ ਦਿਨ ਹੁੰਦਾ ਰਿਹਾ। ਗੁਰੂ ਸਾਹਿਬ ਇੱਕ ਬਹੁਤ ਵੱਡਾ ਇਮਤਿਹਾਨ ਲੈ ਰਹੇ ਸਨ। ਜੇ ਅੱਜ ਭਾਈ ਕਨੱਈਆ ਰਾਮ ਜੀ ਨੂੰ ਗੁਰੂ ਜੀ ਦਾ ਇੰਝ ਪਾਣੀ ਡੋਲ੍ਹਣਾ ਨਾ ਭਾਉਂਦਾ ਤਾਂ ਉਹ ਮੈਦਾਨੇ ਜੰਗ ਵਿੱਚ ਸਭ ਨੂੰ ਇੱਕ ਦ੍ਰਿਸ਼ਟੀ ਨਾਲ ਵੇਖ ਕੇ ਪਾਣੀ ਨਾ ਪਿਆ ਸਕਦਾ। ਭਾਈ ਸਾਹਿਬ ਨੇ ਨਾ ਕੋਈ ਉਜਰ ਕੀਤਾ ਤੇ ਨਾ ਹੀ ਗੁੱਸਾ ਗਿਲਾ, ਮੱਥੇ ਤੇ ਵੱਟ ਤੱਕ ਨਹੀਂ ਪਾਇਆ। ਹਰ ਰੋਜ਼ ਸਤਬਚਨ ਕਹਿ ਕੇ ਹੀ ਜਲ ਲਿਆਉਂਦੇ ਰਹੇ। ਭਾਈ ਕਨੱਈਆ ਰਾਮ ਜੀ ਨੂੰ ਇਸ ਤਰ੍ਹਾਂ ਜਲ ਢੋਣ ਦਾ ਚੰਗਾ ਅਭਿਆਸ ਹੋ ਗਿਆ। ਕਦੇ ਲੰਗਰ ਪਕਾਉਣ ਲਈ, ਕਦੇ ਲੰਗਰ ਵਿੱਚ ਬੈਠੀਆਂ ਸੰਗਤਾਂ ਜਾਂ ਗੁਰੂ ਦਰਬਾਰ ਵਿੱਚ ਬੈਠੀਆਂ ਸੰਗਤਾਂ ਨੂੰ ਜਲ ਛਕਾਉਣ ਦੀ ਸੇਵਾ ਕਰਦੇ। ਇਸ ਤਰ੍ਹਾਂ ਉਹ ਗੁਰੂ ਦੀਆਂ ਖ਼ੁਸ਼ੀਆਂ ਦੇ ਨਾਲ-ਨਾਲ ਸੰਗਤਾਂ ਦੀਆਂ ਅਸੀਸਾਂ ਵੀ ਲੈਂਦੇ ਰਹੇ। ਭਾਈ ਕਨੱਈਆ ਰਾਮ ਜੀ ਤਬੇਲੇ ਵਿੱਚ ਘੋੜਿਆਂ ਨੂੰ ਜਲ ਛਕਾਉਣ, ਘੋੜਿਆਂ ਲਈ ਘਾਹ, ਦਾਣਾ, ਲਿੱਦ ਇਕੱਠੀ ਕਰਨ ਤੇ ਨਹਾਉਣ ਆਦਿ ਦੀ ਸੇਵਾ ਵੀ ਕਰਦੇ।
ਇੱਕ ਦਿਨ ਗੁਰੂ ਜੀ ਨੇ ਭਾਈ ਕਨੱਈਆ ਰਾਮ ਜੀ ਨੂੰ ਕਿਹਾ, ‘‘ਤੁਹਾਡੀ ਸੇਵਾ ਥਾਇ ਪਈ ਹੈ, ਜਾਓ! ਆਪ ਨਾਮ ਜਪੋ ਤੇ ਹੋਰਨਾਂ ਨੂੰ ਜਪਾਓ।’’ ਸਾਹਿਬ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਹੁਕਮ ਮੰਨ ਕੇ ਸੇਵਾਪੰਥੀਆਂ ਦੀ ਪਹਿਲੀ ਧਰਮਸਾਲਾ ਲਾਹੌਰ ਅਤੇ ਪਿਸ਼ਾਵਰ ਦੇ ਵਿਚਕਾਰ ਜ਼ਿਲ੍ਹਾ ਕੈਮਲਪੁਰ (ਪਾਕਿਸਤਾਨ) ਦੇ ਪਿੰਡ ‘ਕਹਵਾ’ ਵਿੱਚ ਭਾਈ ਕਨੱਈਆ ਰਾਮ ਜੀ ਨੇ ਬਣਾਈ। ਜਰਨੈਲੀ ਸੜਕ ਤੇ ਵਸਿਆ ਇਹ ਪਿੰਡ ਪਹਾੜਾਂ ਨਾਲ ਮਿਲਿਆ ਹੋਇਆ ਹੈ। ਇੱਕ ਕੋਹ ਦਾ ਪੈਂਡਾ ਤੈਅ ਕਰਕੇ ਪਹਾੜਾਂ ਤੇ ਚੜ੍ਹ ਕੇ ਲੋਕ ਦੂਰੋਂ ਪਾਣੀ ਲਿਆ ਕੇ ਗੁਜ਼ਾਰਾ ਕਰਦੇ ਸਨ। ਭਾਈ ਕਨੱਈਆ ਰਾਮ ਜੀ ਨੇ ਇਸ ਥਾਂ ਜਰਨੈਲੀ ਸੜਕ ਤੇ ਰਾਹਗੀਰ ਮੁਸਾਫ਼ਰਾਂ ਦੇ ਸੁੱਖ ਆਰਾਮ ਅਤੇ ਗੁਰਮਤਿ ਪ੍ਰਚਾਰ ਲਈ ਧਰਮਸਾਲਾ ਬਣਾਈ। ਇਲਾਕੇ ਦੇ ਲੋਕਾਂ ਨੇ ਤਨ, ਮਨ ਤੇ ਧਨ ਨਾਲ ਸੇਵਾ ਕੀਤੀ।
ਦੋ ਸੌ ਮੰਜੇ ਬਿਸਤਰੇ ਆਏ-ਗਏ ਰਾਹੀਆਂ-ਪਾਂਧੀਆਂ ਦੇ ਸੁੱਖ ਆਰਾਮ ਲਈ ਤਿਆਰ ਕੀਤੇ ਗਏ। ਦੋ ਸੌ ਘੜਾ ਪਾਣੀ ਦਾ ਹਰ ਸਮੇਂ ਭਰ ਕੇ ਰੱਖਦੇ। ਸਵੇਰੇ-ਸ਼ਾਮ ਕਥਾ-ਕੀਰਤਨ ਦੀਆਂ ਧੁਨਾਂ ਗੂੰਜਣ ਲੱਗ ਪਈਆਂ। ਗੁਰੂ ਕਾ ਲੰਗਰ ਅਤੁੱਟ ਵਰਤਣ ਲੱਗ ਪਿਆ। ਇੱਥੇ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਭ ਧਰਮਾਂ ਦੇ ਲੋਕ ਆ ਕੇ ਸੁੱਖ ਪ੍ਰਾਪਤ ਕਰਦੇ। ਇਹ ਧਰਮਸਾਲਾ ਸਾਂਝੀਵਾਲਤਾ ਦਾ ਪ੍ਰਤੀਕ ਬਣ ਗਈ।
ਪ੍ਰੋ: ਪ੍ਰੀਤਮ ਸਿੰਘ ਨੇ ਭਾਈ ਕਨੱਈਆ ਰਾਮ ਜੀ ਦਾ ਜਨਮ ਸੰਮਤ 1680-90 ਬਿਕਰਮੀ ਸੰਨ 1623-1633 ਈ: ਦੇ ਵਿਚਕਾਰ ਮੰਨਿਆ ਹੈ। ਜਿਸ ਦਾ ਅਧਾਰ ਮਹੰਤ ਗਣੇਸ਼ਾ ਸਿੰਘ ਦੀ ਪੁਸਤਕ ਭਾਰਤ ਮਤ ਦਰਪਣ ਹੈ। ਆਚਾਰੀਆ ਸੀਤਾ ਰਾਮ ਚਤੁਰਵੇਦੀ ਨੇ ਜਨਮ ਮਿਤੀ ਪੋਹ ਸ਼ੁਕਲ 5 ਸੰਮਤ 1707, ਸੰਨ 1650 ਈ: ਦਿੱਤੀ ਹੈ ,ਪਰ ਉਹ ਇਸ ਸ੍ਰੋਤ ਬਾਰੇ ਚੁੱਪ ਹਨ। ਭਾਈ ਕਨੱਈਆ ਰਾਮ ਜੀ ਦਾ ਜਨਮ 375 ਸਾਲ ਪਹਿਲਾਂ ਵਜ਼ੀਰਾਬਾਦ ਲਾਗੇ ਸਿਆਲਕੋਟ (ਪਾਕਿਸਤਾਨ) ਦੇ ਪਿੰਡ ‘ਸੋਦਰਾ’ ਵਿਖੇ ਪਿਤਾ ਭਾਈ ਨੱਥੂ ਰਾਮ ਖੱਤਰੀ ਦੇ ਘਰ ਮਾਤਾ ਸੁੰਦਰੀ ਜੀ ਦੀ ਕੁੱਖੋਂ ਸੰਮਤ 1705 ਬਿਕਰਮੀ ਸੰਨ 1648 ਈ: ਵਿੱਚ ਹੋਇਆ। ਇਹ ਜਨਮ ਸੰਨ ਠੀਕ ਜਾਪਦਾ ਹੈ। ਕਿਉਂਕਿ ਸੇਵਾਪੰਥੀਆਂ ਦੇ ਇਤਿਹਾਸਕ ਗ੍ਰੰਥ ਜੋ ਭਾਈ ਲਾਲ ਚੰਦ ਜੀ ਨੇ ਸ੍ਰੀ ਸੰਤ ਰਤਨ ਮਾਲ੍ਹਾ ਲਿਖਿਆ ਹੈ। ਉਸ ਵਿੱਚ ਵੀ ਸੰਮਤ 1705 ਬਿਕਰਮੀ ਲਿਖਿਆ ਹੈ। ਕਿਉਂਕਿ ਇਹ ਗ੍ਰੰਥ ਉਪਰੋਕਤ ਵਿਦਵਾਨਾਂ ਦੀਆਂ ਰਚਨਾਵਾਂ ਤੋਂ ਪਹਿਲਾਂ ਲਿਖਿਆ ਗਿਆ ਹੈ।
ਭਾਈ ਕਨੱਈਆ ਰਾਮ ਦੇ ਪਿਤਾ ਭਾਈ ਨੱਥੂ ਰਾਮ ਜੀ ਜਰਨੈਲ ਅਮੀਰ ਸਿੰਘ ਮੁਸਾਹਿਬ ਦੇ ਮੈਨੇਜਰ ਸਨ। ਜਗੀਰਾਂ ਮੁੱਲ ਲੈ ਕੇ ਅੱਗੋਂ ਵੇਚਣ ਦਾ ਕੰਮ ਵੀ ਕਰਦੇ ਸਨ। ਭਾਈ ਕਨੱਈਆ ਰਾਮ ਜੀ ਦੇ ਜਨਮ ਸਮੇਂ ਇਲਾਕੇ ਦੇ ਸਿਆਣੇ ਪੁਰਸ਼ਾਂ ਨੇ ਕਹਿ ਦਿੱਤਾ ਸੀ ਕਿ ਇਹ ਕੋਈ ਪੂਰਨ ਪੁਰਖ ਹੈ। ਜਿੰਨਾ ਕੋਈ ਇਹਨਾਂ ਨਾਲ ਪ੍ਰੇਮ ਕਰੇਗਾ,ਉਹਨਾਂ ਹੀ ਲਾਭਦਾਇਕ ਰਹੇਗਾ। ਇਹ ਆਪ ਵੀ ਜੀਵਨ ਮੁਕਤ ਹੋਣਗੇ ਤੇ ਦੂਜਿਆਂ ਨੂੰ ਵੀ ਜੀਵਨ ਮੁਕਤ ਕਰਨ ਦੇ ਸਮਰੱਥ ਹੋਣਗੇ।
ਬਚਪਨ ਵਿੱਚ ਹੀ ਐਸੀ ਅਵਸਥਾ ਬਣ ਗਈ ਸੀ। ਜਿੱਥੇ ਸਤਿਸੰਗ ਹੋਵੇ, ਕਥਾ-ਕੀਰਤਨ ਹੋਵੇ, ਸਭ ਤੋਂ ਪਹਿਲਾਂ ਜਾ ਬੈਠਦੇ ਸਨ। ਇੱਥੋਂ ਤੱਕ ਕਿ ਰੈਣ-ਬਸੇਰਾ ਵੀ ਉਥੇ ਹੀ ਕਰ ਛੱਡਦੇ ਸਨ। ਆਪ ਹਰ ਸਮੇਂ ਜੇਬਾਂ ਪੈਸਿਆਂ ਨਾਲ ਭਰੀ ਰੱਖਦੇ ਸਨ। ਜਿੱਥੇ ਕਿਤੇ ਕੋਈ ਨੰਗਾ, ਭੁੱਖਾ, ਗ਼ਰੀਬ, ਲੋੜਵੰਦ ਵੇਖਦੇ ਉਹਨਾਂ ਦੀ ਸੇਵਾ ਕਰ ਛੱਡਦੇ ਸਨ।
ਭਾਈ ਕਨੱਈਆ ਰਾਮ ਜੀ ਦੀ 12 ਸਾਲ ਦੀ ਉਮਰ ਵਿੱਚ ਭਗਤ ਨਨੂਆ ਨਾਲ ਭੇਟ ਹੋਈ। ਉਹਨਾਂ ਨੂੰ ਆਪਣੀ ਤੜਪ ਦੱਸਣ ’ਤੇ ਭਗਤ ਨਨੂਆ ਨੇ ਕਿਹਾ ਕਿ ਪਰਮਪਦ ਤੱਕ ਪਹੁੰਚਣ ਲਈ ਧਰੂ ਭਗਤ ਦੀ ਤਰ੍ਹਾਂ ਸਾਧਨਾ ਕਰਨ ਦੀ ਲੋੜ ਹੈ। ਭਾਈ ਕਨੱਈਆ ਰਾਮ ਸਾਧਨਾ ਲਈ ਉਹਨਾਂ ਦੀ ਸ਼ਰਨ ਵਿੱਚ ਆ ਗਏ, ਪਰ ਉਹਨਾਂ ਦੀ ਸ਼ਰਨ ਬਹੁਤਾ ਸਮਾਂ ਨਾ ਮਿਲ ਸਕੀ, ਭਗਤ ਨਨੂਆ ਜੀ ਸੱਚ-ਖੰਡ ਜਾ ਬਿਰਾਜੇ, ਉਪਰੰਤ ਭਾਈ ਕਨੱਈਆ ਰਾਮ ਵਾਪਸ ਪਿੰਡ ਆ ਗਏ। ਘਰ ਪਹੁੰਚਣ ਤੇ ਪਿਤਾ ਨੱਥੂ ਰਾਮ ਜੀ ਅਕਾਲ ਚਲਾਣਾ ਕਰ ਗਏ। ਇਸ ਮਗਰੋਂ ਪਰਿਵਾਰ ਦਾ ਤੇ ਕਾਰੋਬਾਰ ਦਾ ਸਾਰਾ ਬੋਝ ਭਾਈ ਕਨੱਈਆ ਰਾਮ ਜੀ ਦੇ ਮੋਢਿਆਂ ਤੇ ਆ ਪਿਆ ਪਰ ਆਪ ਘਰ ਦਾ ਸਭ ਕੁਝ ਤਿਆਗ ਕੇ ਜੰਗਲ ਵੱਲ ਚਲੇ ਗਏ ਅਤੇ ਭੁੱਖੇ-ਭਾਣੇ ਕਈ ਦਿਨ ਜੰਗਲਾਂ ਵਿੱਚ ਫਿਰਦੇ ਰਹੇ। ਕਈ ਦਿਨਾਂ ਦੀ ਭਟਕਣ ਮਗਰੋਂ ਉਹਨਾਂ ਦਾ ਮਿਲਾਪ ਇੱਕ ਸਾਧੂ ਨਾਲ ਹੋਇਆ। ਸਾਧੂ ਤੋਂ ਪਰਮਪਦ ਦੀ ਪ੍ਰਾਪਤੀ ਦਾ ਰਸਤਾ ਪੁੱਛਿਆ। ਇੱਕ ਦਿਨ ਨਦੀ ਦੇ ਕਿਨਾਰੇ ਅੰਨ-ਜਲ ਤਿਆਗ ਕੇ ਬੈਠ ਗਏ, 31 ਦਿਨਾਂ ਬਾਅਦ ਭਾਈ ਕਨੱਈਆ ਰਾਮ ਜੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਜਾਣ ਦੀ ਆਕਾਸ਼ਵਾਣੀ ਹੋਈ। ਭਾਈ ਜੀ ਦਾ ਅਨੰਦਪੁਰ ਸਾਹਿਬ ਪਹੁੰਚਣ ’ਤੇ ਸਭ ਤੋਂ ਪਹਿਲਾਂ ਗੁਰੂ ਜੀ ਦੇ ਦਰਸ਼ਨ ਕਰਕੇ ਮਨ ਸ਼ਾਂਤ ਹੋ ਗਿਆ। ਹਿਰਦੇ ਦੀ ਵੇਦਨਾ ਪੂਰੀ ਹੋਈ। ਘੋੜਿਆਂ ਦੇ ਤਬੇਲੇ ’ਚ ਘੋੜਿਆਂ ਨੂੰ ਜਲ ਛਕਾਉਣ ਦੀ ਸੇਵਾ ਕਰਨ ਲੱਗ ਪਏ। ਥੋੜ੍ਹੀ ਦੇਰ ਬਾਅਦ ਗੁਰੂ ਜੀ ਦੇ ਹੁਕਮ ਨਾਲ ਲਾਹੌਰ ਚਲੇ ਗਏ।
ਭਾਈ ਕਨੱਈਆ ਰਾਮ ਜੀ ਦੇ ਜਾਣ ਤੋਂ ਬਾਅਦ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦਿੱਲੀ ਵਿਖੇ ਸ਼ਹੀਦ ਕੀਤੇ ਗਏ। ਉਪਰੰਤ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ਉੱਪਰ ਬੈਠੇ। ਭਾਈ ਕਨੱਈਆ ਰਾਮ ਜੀ ਨੇ ਜਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ ਤਾਂ ਨਦਰੀ-ਨਦਰ ਨਿਹਾਲ ਹੋ ਗਏ। ਗੁਰੂ ਜੀ ਦੇ ਦਰਸ਼ਨ ਕਰਨ ਉਪਰੰਤ ਸੇਵਾ ’ਚ ਲੱਗ ਪਏ। ਗੁਰੂ ਜੀ ਵੱਲੋਂ ਸਭ ਸਿੱਖਾਂ ਨੂੰ ਸ਼ਸਤਰਬੱਧ ਹੋਣ ਦੇ ਹੁਕਮ ਤੇ ਉਹ (ਕਨੱਈਆ ਰਾਮ) ਵੀ ਸ਼ਸਤਰਧਾਰੀ ਹੋ ਗਏ। ਇੱਕ ਸਿੱਖ ਨੇ ਭਾਈ ਜੀ ਨੂੰ ਪੁੱਛਿਆ, ‘‘ਕਿ ਤੁਸੀਂ ਤੇਗ (ਕਿ੍ਰਪਾਨ) ਕਿਸ ਨੂੰ ਮਾਰਨ ਲਈ ਧਾਰਨ ਕੀਤੀ ਹੈ? ਤਾਂ ਭਾਈ ਕਨੱਈਆ ਰਾਮ ਜੀ ਨੇ ਕਿਹਾ ਕਿ ਮੈਂ ਤੇਗ ਕਿਸੇ ਨੂੰ ਮਾਰਨ ਲਈ ਨਹੀਂ ਫੜੀ ਬਲਕਿ ਜੋ ਮੈਨੂੰ ਮਾਰਨ ਆਵੇਗਾ, ਉਸ ਨੂੰ ਆਪਣੀ ਤੇਗ ਦੇ ਦੇਵਾਂਗਾ ਤਾਂ ਕਿ ਉਸ ਨੂੰ ਖੇਚਲ ਨਾ ਕਰਨੀ ਪਵੇ।’’ ਇਸ ਗੱਲ ਦਾ ਪਤਾ ਲੱਗਣ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਕਨੱਈਆ ਰਾਮ ਜੀ ਦੇ ਸ਼ਸਤਰ ਉਤਰਵਾ ਦਿੱਤੇ। ਗੁਰੂ ਜੀ ਨੇ ਭਾਈ ਕਨੱਈਆ ਰਾਮ ਜੀ ਨੂੰ ਕਿਹਾ ਕਿ ਤੁਹਾਡੀ ਜ਼ਬਾਨ ਹੀ ਤੇਗ ਦਾ ਕੰਮ ਕਰੇਗੀ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ 1702 ਤੋਂ 1704 ਈ: ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਬਰ, ਜ਼ੁਲਮ ਦੇ ਖਾਤਮੇ ਅਤੇ ਗ਼ਰੀਬਾਂ, ਮਜ਼ਲੂਮਾਂ ਦੀ ਰੱਖਿਆ ਲਈ ਧਰਮ ਯੁੱਧ ਹੋ ਰਹੇ ਸਨ। ਧਰਮ ਯੁੱਧ ਵਿੱਚ ਸਿੰਘ ਅਤੇ ਦੁਸ਼ਮਣ ਦੋਵੇਂ ਹੀ ਜ਼ਖ਼ਮੀ ਹੋ ਕੇ ਜਲ ਦੀ ਮੰਗ ਕਰ ਰਹੇ ਸਨ। ਭਾਈ ਕਨੱਈਆ ਰਾਮ ਜੀ ਨੇ ਚਮੜੇ ਦੀ ਮਸ਼ਕ ਜਲ ਦੀ ਭਰ ਕੇ ਸਭ ਵਿੱਚ ਸਰਬ ਵਿਆਪਕ ਇੱਕ ਜੋਤ ਜਾਣ ਜਲ ਛਕਾਉਣਾ ਸ਼ੁਰੂ ਕਰ ਦਿੱਤਾ। ਜਿੱਥੋਂ ਕਿਤੋਂ ਵੀ ਜਲ ਦੀ ਆਵਾਜ਼ ਸੁਣਦੇ, ਜਲ ਛਕਾ ਆਉਂਦੇ। ਭਾਵੇਂ ਕੋਈ ਗੁਰੂ ਦਾ ਸਿੰਘ ਸੀ, ਭਾਵੇਂ ਦੁਸ਼ਮਣ ਦਾ ਸਿਪਾਹੀ। ਦੋਵਾਂ ਵਿੱਚ ਇੱਕ ਜੋਤ ਸਮਝ ਕੇ ਜਲ ਛਕਾ ਰਹੇ ਸਨ। ਦੁਸ਼ਮਣਾਂ ਨੂੰ ਜਲ ਛਕਾਉਂਦੇ ਦੇਖ ਸਿੰਘਾਂ ਨੇ ਰੋਕਿਆ, ‘‘ਕਨੱਈਆ ਰਾਮ! ਇਹ ਗੁਰੂ ਜੀ ਦੇ ਦੁਸ਼ਮਣ ਹਨ, ਤੁਸੀਂ ਇਹਨਾਂ ਨੂੰ ਜਲ ਨਾ ਛਕਾਓ।’’ ਭਾਈ ਕਨੱਈਆ ਰਾਮ ਨੇ ਗੱਲ ਸੁਣੀ-ਅਣਸੁਣੀ ਕਰ ਦਿੱਤੀ। ਬਿਨਾਂ ਵਿਤਕਰੇ ਦੇ ਜਲ ਛਕਾਉਂਦੇ, ਸੇਵਾ ਕਮਾਉਂਦੇ ਰਹੇ। ਗੁਰੂ ਜੀ ਕੋਲ ਕੁਝ ਸਿੰਘਾਂ ਨੇ ਸ਼ਿਕਾਇਤ ਕੀਤੀ ਕਿ ਅਸੀਂ ਮੁਗ਼ਲਾਂ ਨੂੰ ਜ਼ਖ਼ਮੀ ਕਰਦੇ ਹਾਂ ਪਰ ਭਾਈ ਕਨੱਈਆ ਰਾਮ ਇਹਨਾਂ ਨੂੰ ਪਾਣੀ ਪਿਆ ਕੇ ਮੁੜ ਜੀਵਿਤ ਕਰ ਦਿੰਦੇ ਹਨ। ਗੁਰੂ ਜੀ ਨੇ ਭਾਈ ਕਨੱਈਆ ਰਾਮ ਜੀ ਨੂੰ ਬੁਲਾ ਕੇ ਜਦੋਂ ਪੁੱਛਿਆ ਤਾਂ ਭਾਈ ਜੀ ਨੇ ਨਿਮਰਤਾ ਸਹਿਤ ਉੱਤਰ ਦਿੱਤਾ। ਗ਼ਰੀਬ ਨਿਵਾਜ ਸਾਹਿਬ ਜੀਓ! ਮੈਨੂੰ ਤਾਂ ਹਰ ਇੱਕ ਵਿੱਚ ਆਪ ਦਾ ਹੀ ਰੂਪ ਦਿਖਾਈ ਦਿੰਦਾ ਹੈ। ਮੈਂ ਤਾਂ ਆਪ ਜੀ ਨੂੰ ਹੀ ਪਾਣੀ ਪਿਆਉਂਦਾ ਹਾਂ।
ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਂਈ।
ਤੁਰਕ ਅਤੁਰਕ ਨ ਦਿਸਦਾ ਮੈਨੂੰ ਤੂੰ ਸਾਰੇ ਦਿਸ ਆਈਂ॥
(ਸ੍ਰੀ ਸੰਤ ਰਤਨ ਮਾਲ੍ਹਾ)
ਗੁਰੂ ਸਾਹਿਬ ਨੇ ਭਾਈ ਕਨੱਈਆ ਰਾਮ ਜੀ ਨੂੰ ਛਾਤੀ ਨਾਲ ਲਾ ਲਿਆ, ਭਾਈ ਜੀ ਦਾ ਮੱਥਾ ਚੁੰਮਿਆ ਤੇ ਪ੍ਰਸੰਨ ਹੋ ਕੇ ਬੋਲੇ, ਤੇਰੀ ਕਮਾਈ ਧੰਨ ਹੈ, ਤੁਸੀਂ ਸਿੱਖੀ ਨੂੰ ਸਮਝਿਆ ਹੈ। ਗੁਰੂ ਜੀ ਨੇ ਇੱਕ ਸੇਵਾਦਾਰ ਭੇਜ ਕੇ ਮਲ੍ਹਮ ਦੀ ਡੱਬੀ ਤੇ ਪੱਟੀ ਮੰਗਵਾਈ ਤੇ ਭਾਈ ਕਨੱਈਆ ਰਾਮ ਜੀ ਨੂੰ ਸੌਂਪ ਕੇ ਹੁਕਮ ਕੀਤਾ ਕਿ ਜਿੱਥੇ ਪਾਣੀ ਪਿਆਉਣ ਦੀ ਸੇਵਾ ਕਰਦੇ ਹੋ, ਉੱਥੇ ਜ਼ਖ਼ਮੀਆਂ ਦੇ ਜ਼ਖ਼ਮਾਂ ਤੇ ਮਲ੍ਹਮ-ਪੱਟੀ ਕਰਨ ਦੀ ਸੇਵਾ ਵੀ ਕਰਿਆ ਕਰੋ।
ਹੱਸੇ ਤੇ ਗਲ ਲਾਇਆ ਪਿਆਰਾ ਡੱਬੀ ਹੱਥ ਫੜਾਈ।
ਪਾਣੀ ਨਾਲ ਮਲ੍ਹਮ ਵੀ ਰੱਖੀਂ ਲੋੜ ਪਈ ਤੇ ਲਾਈ।
(ਸ੍ਰੀ ਸੰਤ ਰਤਨ ਮਾਲ੍ਹਾ)
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਕਨੱਈਆ ਰਾਮ ਜੀ ’ਤੇ ਮਿਹਰਾਂ, ਬਖ਼ਸ਼ਿਸ਼ਾਂ ਕਰਦਿਆਂ ਫ਼ਰਮਾਨ ਕੀਤਾ। ਭਾਈ ਜੀ! ਤੁਹਾਡੀ ਘਾਲ (ਸੇਵਾ) ਅਕਾਲ ਪੁਰਖ ਦੀ ਦਰਗਾਹ ਵਿੱਚ ਥਾਂਇ ਪਈ ਹੈ। ਆਪ ਨਾਮ ਜਪੋ ਤੇ ਹੋਰਨਾਂ ਨੂੰ ਵੀ ਜਪਾਵੋ। ਆਪ ਦੂਜਿਆਂ ਨੂੰ ਵੀ ਨਿਸ਼ਕਾਮ ਸੇਵਾ ਕਰਨੀ ਸਿਖਾਓ। ਰਿੱਧੀਆਂ-ਸਿੱਧੀਆਂ ਤੇਰੇ ਅੱਗੇ-ਪਿੱਛੇ ਲੱਗੀਆਂ ਫਿਰਨਗੀਆਂ, ਕਿਸੇ ਗੱਲ ਦੀ ਕੋਈ ਕਮੀ ਨਹੀਂ ਰਹੇਗੀ। ਤੇਰੇ ਨਾਂ ’ਤੇ ‘ਸੇਵਾਪੰਥੀ’ ਸੰਪਰਦਾਇ ਚੱਲੇਗੀ। ਜਿਸ ਵਿੱਚ ਮਹਾਨ ਤਪੱਸਵੀ, ਬ੍ਰਹਮ-ਗਿਆਨੀ, ਸੰਤ ਮਹਾਂਪੁਰਸ਼ ਜਤੀ-ਸਤੀ-ਤਪੀ ਹੋਣਗੇ। ਗੁਰੂ ਸਦਾ ਤੁਹਾਡੇ ਅੰਗ-ਸੰਗ ਰਹੇਗਾ।
ਕਲਗ਼ੀਧਰ ਪਾਤਸ਼ਾਹ ਜਦੋਂ ਅਨੰਦਪੁਰ ਸਾਹਿਬ ਤੋਂ ਰਵਾਨਾ ਹੋਏ ਤਾਂ ਉਹਨਾਂ ਭਾਈ ਕਨੱਈਆ ਰਾਮ ਜੀ ਨੂੰ ਆਪਣੇ ਪਿੰਡ ‘ਸੋਦਰਾ’ ਵਿੱਚ ਜਾ ਕੇ ਪ੍ਰਚਾਰ ਕਰਨ ਲਈ ਕਿਹਾ। ਭਾਈ ਕਨੱਈਆ ਰਾਮ ਜੀ ਨੇ ਆਪਣੇ ਅਖ਼ੀਰਲੇ ਦਸ ਕੁ ਸਾਲ ਪਿੰਡ ਹੀ ਬਿਤਾਏ। ਪਿੰਡ ਸੋਦਰਾ ਵਿੱਚ ਥਾਂ-ਥਾਂ ਜਾ ਕੇ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ। ਭਾਈ ਸਾਹਿਬ ਨੂੰ ਸੇਵਾ, ਸਿਮਰਨ ਦੇ ਨਾਲ-ਨਾਲ ਕੀਰਤਨ ਦਾ ਬਹੁਤ ਸ਼ੌਕ ਸੀ। ਹਰ ਰੋਜ਼ ਅੰਮ੍ਰਿਤ ਵੇਲੇ ਤੋਂ ਸੂਰਜ ਨਿਕਲਣ ਤੱਕ ਕੀਰਤਨ ਕਰਦੇ ਤੇ ਸੁਣਦੇ ਸਨ।
ਭਾਈ ਕਨੱਈਆ ਰਾਮ ਜੀ ਦਾ ਸਰੀਰ ਇੱਕ ਦਿਨ ਕੁਝ ਢਿੱਲਾ ਹੋ ਗਿਆ। ਅੰਮ੍ਰਿਤ ਵੇਲੇ ਇਸ਼ਨਾਨ ਕਰਨ ਉਪਰੰਤ ਨਿੱਤ-ਨੇਮ ਦੀਆਂ ਪੰਜ ਬਾਣੀਆਂ ਦਾ ਪਾਠ ਕਰਕੇ ਸਮਾਧੀ ਲਾਈ। ਕੀਰਤਨ ਸੁਣਦੇ-ਸੁਣਦੇ ਹੀ ਆਪਣੇ ਪਿੰਡ ਸੋਦਰੇ ਵਿਖੇ 20 ਸਤੰਬਰ ਸੰਨ 1718 ਈ: ਮੁਤਾਬਿਕ ਸੰਮਤ 1775 ਬਿਕਰਮੀ ਨੂੰ 70 ਸਾਲ ਦੀ ਉਮਰ ਬਤੀਤ ਕਰਕੇ ਗੁਰੂ ਚਰਨਾਂ ’ਚ ਜਾ ਬਿਰਾਜੇ।
ਸੇਵਾ ਸਥਾਨ ਭਾਈ ਕਨੱਈਆ ਜੀ ਸਾਹਮਣੇ ਰੇਲਵੇ ਸਟੇਸ਼ਨ ਸ਼੍ਰੀ ਅਨੰਦਪੁਰ ਸਾਹਿਬ (ਰੋਪੜ) ਵਿਖੇ ਸ਼੍ਰੀਮਾਨ ਮਹੰਤ ਦਿਲਬਾਗ ਸਿੰਘ ਜੀ ‘ਸੇਵਾਪੰਥੀ’ ਦੀ ਸਰਪ੍ਰਸਤੀ ਹੇਠ ਭਾਈ ਕਨੱਈਆ ਰਾਮ ਜੀ ਦੀ 305ਵੀਂ ਸਾਲਾਨਾ ਬਰਸੀ 18,19 ਤੇ 20 ਸਤੰਬਰ ਦਿਨ ਸੋਮਵਾਰ, ਮੰਗਲਵਾਰ ਤੇ ਬੁੱਧਵਾਰ ਨੂੰ ਬੜੇ ਪ੍ਰੇਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ।