ਧਨੌਲਾ / ਬਰਨਾਲਾ 6 ਸਤੰਬਰ (ਗੁਰਪ੍ਰੀਤ ਸਿੰਘ ਸਿੱਧੂ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੰਡ ਕਲਿਆਣ ਤੋ ਚੋਰੀ ਹੋਏ ਸਫਰੀ ਸਰੂਪ ਬੁਰਜ ਜਵਾਹਰ ਸਿੰਘ ਵਾਲਾ ਅਤੇ ਸ੍ਰੋਮਣੀ ਕਮੇਟੀ ਦੇ ਪ੍ਰਬੰਧ ਚੋ ਚੋਰੀ ਹੋਏ 328 ਸਰੂਪਾਂ ਦਾ ਥੁਹ ਪਤਾ ਲਾਉਣ ਲਈ ਧਨੌਲਾ ਤੋਂ ਮੁੱਖ ਮੰਤਰੀ ਦੀ ਕੋਠੀ ਸੰਗਰੂਰ ਤੱਕ ਭਾਈ ਅਮਰੀਕ ਸਿੰਘ ਅਜਨਾਲਾ, ਬਾਬਾ ਰੇਸ਼ਮ ਸਿੰਘ ਖੁਖਰਾਣਾ, ਬਾਬਾ ਬਲਦੇਵ ਸਿੰਘ ਜੋਗੇਵਾਲਾ , ਬਾਬਾ ਚਮਕੌਰ ਸਿੰਘ ਵੱਲੋਂ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਇਨਸਾਫ਼ ਮਾਰਚ ਕੱਢਿਆ ਗਿਆ। ਜਿਸਨੂੰ ਪੁਲਿਸ ਵੱਲੋਂ ਬੈਰੀਕੇਟ ਲਗਾ ਕੇ ਸੰਗਰੂਰ ਤੋਂ ਬਾਹਰ ਹੀ ਰੋਕ ਲਿਆ ਅਤੇ ਸਿੱਖ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਰੁੱਧ ਧਰਨਾ ਲਗਾ ਦਿੱਤਾ ਗਿਆ। ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਮੰਗ ਪੱਤਰ ਲੈਣ ਉਪਰੰਤ ਮੁੱਖ ਮੰਤਰੀ ਨੂੰ ਮਿਲਣ ਦਾ ਸਮਾਂ ਦੇਣ ਦਾ ਭਰੋਸਾ ਪ੍ਰਗਟਾਇਆ।ਜਿਸ ਤੇ ਸਿੱਖ ਜਥੇਬੰਦੀਆਂ ਵੱਲੋਂ ਧਰਨਾ ਚੁੱਕ ਲਿਆ ਅਤੇ ਇਨਸਾਫ਼ ਨਾ ਦੇਣ ਦੀ ਸੂਰਤ ਵਿੱਚ ਇਸ ਤੋਂ ਵੱਡੇ ਸੰਘਰਸ਼ ਦਾ ਐਲਾਨ ਕੀਤਾ ।ਇਸ ਸਬੰਧੀ ਗੁਰਦੁਆਰਾ ਸਾਹਿਬ ਧਨੌਲਾ ਤੋਂ ਅਰਦਾਸ ਕਰਕੇ ਜਥਾ ਮਾਰਚ ਰਵਾਨਾ ਹੋਇਆ । ਇਸ ਜੱਥੇ ਅਮਰੀਕ ਸਿੰਘ ਅਜਨਾਲਾ, ਬਾਬਾ ਬਲਦੇਵ ਸਿੰਘ ਜੋਗੇਵਾਲ, ਬਾਬਾ ਰੇਸ਼ਮ ਸਿੰਘ ਖੁਖਰਾਣਾ , ਸ੍ਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਪ੍ਰਧਾਨ ਅਕਾਲੀ ਦਲ , ਬਾਬਾ ਚਮਕੌਰ ਸਿੰਘ ਭਾਈ ਰੂਪਾ, ਬਾਬਾ ਮੇਜਰ ਸਿੰਘ ਪੰਡੋਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਨਾਲ ਪੰਜਾਬ ਸਰਕਾਰ ਨੇ ਵਾਅਦਾ ਖਿਲਾਫੀ ਕੀਤੀ ਹੈ। ਉਨ੍ਹਾਂ ਕਿਹਾ ਕਿ 2 ਜੁਲਾਈ 2022 ਨੂੰ ਇਨ੍ਹਾਂ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸਰਕਾਰ ਤੇ ਦਬਾਅ ਬਣਾਉਣ ਤੇ ਕਲਿਆਣ ਮਾਮਲੇ ਵਿੱਚ ਇੱਕ ਸਿੱਟ ਦਾ ਗਠਨ ਆਈ ਜੀ ਛੀਨਾਂ ਦੀ ਅਗਵਾਈ ਵਿੱਚ ਕੀਤਾ ਗਿਆ ਸੀ ਅਤੇ ਤਿੰਨ ਮਹੀਨੇ ਦਾ ਸਮਾਂ ਦਿੱਤਾ ਸੀ। ਪਰ ਹੁਣ ਲਗਭਗ 13 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਮਾਮਲਾ ਜਿਓ ਦਾ ਤਿਓਂ ਹੀ ਖੜਾ ਹੈ। ਉਨ੍ਹਾਂ ਕਿਹਾ ਕਿ ਜਿਸ ਨੂੰ ਪੁਲੀਸ ਅਤੇ ਸੰਗਤਾਂ ਦੋਸੀ ਮੰਨਦੀਆਂ ਹਨ ਅਤੇ ਉਸ ਦਾ ਨਾਮ ਵੀ ਨਸ਼ਰ ਹੋਣ ਦੇ ਬਾਵਜੂਦ ਪੁਲਿਸ ਵੱਲੋਂ ਬਾਬੇ ਗੋਰੇ ਨੂੰ ਪਲੀਸ ਨੇ ਇੱਕ ਵਾਰ ਵੀ ਗ੍ਰਿਫਤਾਰ ਨਹੀ ਕੀਤਾ, ਸਗੋ ਉਸਨੂੰ ਜ਼ਮਾਨਤ ਲੈਣ ਵਿੱਚ ਮੱਦਦ ਕੀਤੀ ਗਈ। ਉਨ੍ਹਾਂ ਕਿਹਾ ਕਿ
ਅਜਿਹੇ ਮਸਲਿਆਂ ਤੇ ਮਿੱਟੀ ਪਾਉਣ ਦੀ ਇਜਾਜ਼ਤ ਹਰਗਿਜ਼ ਨਹੀ ਦਿੱਤੀ ਜਾ ਸਕਦੀ ਅਤੇ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਨ੍ਹਾਂ ਹੀ ਮੁਦਿਆਂ ਨੇ ਬਾਦਲ ਅਤੇ ਕੈਪਟਨ ਚੰਨੀ ਸਰਕਾਰਾਂ ਦਾ ਬਿਸਤਰਾ ਗੋਲ ਕੀਤਾ ਸੀ। ਉਨ੍ਹਾਂ ਕਿਹਾ ਕਿ ਜੇਕਰ ਆਪ ਸਰਕਾਰ ਨੇ ਵੀ ਲਾਰੇ ਲੱਪੇ ਵਾਲੀ ਨੀਤੀ ਅਪਣਾਈ ਤਾਂ ਉਨ੍ਹਾਂ ਦਾ ਹਸ਼ਰ ਵੀ ਉਨ੍ਹਾਂ ਵਾਲਾ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੁੜ ਸੁੱਤੀ ਸਰਕਾਰ ਨੂੰ ਜਗਾਉਣ ਲਈ ਰੋਸ ਮਾਰਚ ਕੱਢਣ ਵਾਸਤੇ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਸਰਕਾਰ ਦੀ ਅੱਖ ਨਾ ਖੁੱਲੀਆਂ ਤਾਂ ਅਗਲਾ ਐਕਸ਼ਨ ਇਸ ਤੋਂ ਵੀ ਸਖ਼ਤ ਹੋਵੇਗਾ ਜੋ ਸਰਕਾਰ ਦੀਆਂ ਜੜ੍ਹਾਂ ਹਲਾ ਕੇ ਰੱਖ ਦੇਵੇਗੀ,ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਸਚਾਈ ਨੂੰ ਸਾਮ੍ਹਣੇ ਲਿਉਣ ਵਸਤੇ ਕੋਈ ਕਸਰ ਬਾਕੀ ਨਹੀ ਛੱਡਣਗੇ ਅਤੇ ਸਰਕਾਰ ਨੂੰ ਇਨ੍ਹਾਂ ਅਹਿਮ ਮੁੱਦਿਆਂ ਤੋਂ ਭੱਜਣ ਨਹੀ ਦਿੱਤਾ ਜਾਵੇਗਾ। ਇਸ ਮੌਕੇ ਰੋਸ ਮਾਰਚ ਵਿੱਚ ਬਾਬਾ ਚਮਕੌਰ ਸਿੰਘ ਭਾਈ, ਭਾਈ ਮੇਜਰ ਸਿੰਘ ਪੰਡੋਰੀ, ਭਾਈ ਜਗਦੀਸ਼ ਸਿੰਘ ਫੌਜੀ, ਭਾਈ ਇੱਕਬਾਲ ਸਿੰਘ ਚੱਬਾ, ਭਾਈ ਹਰਦੀਪ ਸਿੰਘ ਹਰਦਾਸਾ, ਭਾਈ ਸੁਖਦੇਵ ਸਿੰਘ ਹੋਲਾਂਵਾਲੀ, ਬਾਬਾ ਸੁਖਪ੍ਰੀਤ ਸਿੰਘ ਰਾਜੇਆਣਾ , ਊਧਮ ਸਿੰਘ ਕਲਕੱਤਾ, ਪ੍ਰਗਟ ਸਿੰਘ ਮੱਖੂ,ਭਾਈ ਅਮਰੀਕ ਸਿੰਘ ਜ਼ੀਰਾ, ਕੁਲਵੰਤ ਸਿੰਘ ਗਾਦੜੀਵਾਲਾ, ਗਿਆਨੀ ਪ੍ਰਮਿੰਦਰ ਸਿੰਘ, ਗਿਆਨੀ ਰਾਜਵਿੰਦਰ ਸਿੰਘ ਖਾਲਸਾ, ਭਾਈ ਦਲਜੀਤ ਸਿੰਘ ਲਾਡੀ, ਜਗਤਾਰ ਸਿੰਘ ਸਰਪੰਚ ਆਦਿ ਪੰਥਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਨਾਨਕਨਾਮ ਲੇਵਾ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ।