ਸੰਗਰੂਰ, 1 ਅਗਸਤ, 2023: ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਡਾ. ਪਰਮਿੰਦਰ ਕੌਰ ਦੀ ਅਗਵਾਈ ਵਿਚ ਸਿਹਤ ਵਿਭਾਗ ਸੰਗਰੂਰ ਵੱਲੋਂ ਅੱਜ ਤੋਂ 7 ਅਗਸਤ ਤੱਕ ਮਨਾਏ ਜਾ ਰਹੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੁਕਤਾ ਹਫਤੇ ਦੀ ਸ਼ੁਰੂਆਤ ਮੌਕੇ ਜਾਗਰੂਕਤਾ ਪੋਸਟਰ ਜਾਰੀ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਇਸ ਹਫਤੇ ਦੌਰਾਨ ਕੰਮਕਾਜੀ ਮਾਪਿਆਂ ਚ ਬਦਲਾਅ ਲਿਆਉਣਾ, ਬੱਚੇ ਨੂੰ ਮਾਂ ਦੇ ਦੁੱਧ ਦੇ ਯੋਗ ਬਨਾਉਣਾ ਥੀਮ ਤਹਿਤ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾ ਕੇ ਸਿਹਤ ਵਿਭਾਗ ਵੱਲੋਂ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਂ ਦਾ ਦੁੱਧ ਨਵ-ਜਨਮੇਂ ਬੱਚੇ ਲਈ ਸੰਪੂਰਣ ਤੇ ਅਹਾਰ ਅੰਮ੍ਰਿਤ ਸਮਾਨ ਹੈ ਤੇ ਇਸ ਦਾ ਕੋਈ ਬਦਲ ਨਹੀ ਹੈ, ਇਹ ਕੁਦਰਤ ਵੱਲੋਂ ਦਿੱਤੀ ਬੱਚੇ ਲਈ ਇਕ ਬੇਮਿਸਾਲ ਸੌਗਾਤ ਹੈ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਅੰਜੂ ਸਿੰਗਲਾ ਨੇ ਕਿਹਾ ਕਿ ਜੋ ਔਰਤਾਂ ਆਪਣੇ ਨਵ ਜੰਮਿਆਂ ਬੱਚਿਆਂ ਨੂੰ 6 ਮਹੀਨੇ ਤੱਕ ਸਿਰਫ ਆਪਣਾ ਦੁੱਧ ਹੀ ਪਿਲਾਉਂਦੀਆਂ ਹਨ, ਉਨ੍ਹਾਂ ਬੱਚਿਆਂ ਦਾ ਮਾਨਸਿਕ ਤੇ ਸਰੀਰਕ ਵਿਕਾਸ ਨਿਰੰਤਰ ਹੁੰਦਾ ਹੈ ਭਾਰਤ ਵਿਚ ਨਵਜੰਮੇ ਬੱਚਿਆਂ ਦੀ ਮੌਤ ਦਾ ਮੁੱਖ ਕਾਰਨ ਦਸਤ , ਉਲਟੀਆਂ ਅਤੇ ਨਿਮੋਨੀਆਂ ਦਾ ਹੋਣਾ ਹੈ ਜੋ ਕਿ ਮੁੱਖ ਤੌਰ ‘ਤੇ ਬੱਚਿਆਂ ਵਿਚ ਬੋਤਲ ਨਾਲ ਬਾਹਰੀ ਦੁੱਧ ਪਿਲਾਉਣ ਕਰਕੇ ਹੁੰਦੇ ਹਨ। ਇਸ ਲਈ ਜੇਕਰ ਜਨਮ ਤੋਂ ਘੱਟੋ-ਘੱਟ ਛੇ ਮਹੀਨੇ ਤੱਕ ਮਾਂਵਾਂ ਬੱਚਿਆਂ ਨੂੰ ਕੇਵਲ ਆਪਣਾ ਦੁੱਧ ਹੀ ਪਿਲਾਉਣ ਤਾਂ ਜੋ ਬਾਲ ਮੌਤ ਦਰ ਨੂੰ ਹੋਰ ਵੀ ਘਟਾਇਆ ਜਾ ਸਕਦਾ ਹੈ।ਉਨ੍ਹਾਂ ਕਿਹਾ ਉਹ ਜਨਮ ਤੋਂ ਤੁਰੰਤ ਬਾਅਦ ਇੱਕ ਘੰਟੇ ਦੇ ਅੰਦਰ-ਅੰਦਰ ਬੱਚੇ ਨੂੰ ਛਾਤੀ ਨਾਲ ਲਗਾ ਕੇ ਆਪਣਾ ਦੁੱਧ ਪਿਲਾਉਣ ਤਾਂ ਜੋ ਬੱਚੇ ਨੂੰ ਮਾਂ ਦਾ ਨਿੱਘ ਅਤੇ ਪਹਿਲਾ ਗਾੜਾ ਪੀਲਾ ਦੁੱਧ ਮਿਲ ਸਕੇ। ਉੁਨ੍ਹਾਂ ਕਿਹਾ ਕਿ ਪਹਿਲੇ ਗਾੜ੍ਹੇ ਪੀਲੇ ਦੁੱਧ ਵਿਚ ਕਲੋਸਟਰਮ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਬੱਚੇ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਂਦਾ ਹੈ। ਉਹਨ੍ਹਾਂ ਕਿਹਾ ਕਿ ਜੇਕਰ ਮਾਂ ਬੱਚੇ ਨੂੰ ਆਪਣਾ ਦੁੱਧ ਪਿਲਾਉਂਦੀ ਹੈ ਤਾਂ ਮਾਂ ਨੂੰ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋਣ ਦਾ ਖਤਰਾ ਘੱਟ ਜਾਂਦਾ ਹੈ। ਉਹਨਾਂ ਇਹ ਵੀ ਦੱਸਿਆ ਕਿ 6 ਮਹੀਨੇ ਤੋਂ ਬਾਅਦ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ-ਨਾਲ ਪੋਸ਼ਟਿਕ ਖਾਧ ਪਦਾਰਥ ਦੇਣੇ ਸ਼ੁਰੂ ਕਰ ਦੇਣੇ ਚਾਹੀਦੇ ਹਨ ਅਤੇ ਡੱਬਾ ਬੰਦ ਦੁੱਧ ਬੱਚੇ ਨੂੰ ਨਹੀ ਦੇਣਾ ਚਾਹੀਦਾ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸੰਜੇ ਮਾਥੁਰ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਇੰਦਰਜੀਤ ਸਿੰਗਲਾ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਬਲਜੀਤ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕਰਨੈਲ ਸਿੰਘ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਵਿਸ਼ਾਲੀ ਬਾਂਸਲ, ਡਿਪਟੀ ਮਾਸ ਮੀਡੀਆ ਅਫ਼ਸਰ ਸਰੋਜ ਰਾਣੀ, ਬੀ.ਈ.ਈ. ਹਰਪ੍ਰੀਤ ਕੌਰ ਆਦਿ ਹਾਜ਼ਰ ਸਨ।