ਅੰਮ੍ਰਿਤਸਰ 02 ਸਤੰਬਰ ( ਰਣਜੀਤ ਸਿੰਘ ਮਸੌਣ ) ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅੱਜ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦੇ ਗ੍ਰਹਿ ਵਿਖੇ ਪਹੁੰਚੇ ਤੇ ਉਨਾਂ ਗਿਆਨੀ ਜਗਤਾਰ ਸਿੰਘ ਦੇ ਅਕਾਲ ਚਲਾਣੇ ਤੇ ਪਰਿਵਾਰ ਨਾਲ ਗਹਿਰੇ ਦੁਖ ਦਾ ਇਜ਼ਹਾਰ ਕੀਤਾ।ਉਨਾਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦੀ ਧਰਮ ਪਤਨੀ ਬੀਬੀ ਬਲਜਿੰਦਰ ਕੌਰ, ਸਪੁੱਤਰੀ ਬੀਬਾ ਕੁਲਦੀਪ ਕੌਰ, ਜਵਾਈ ਜ਼ੋਰਾ ਸਿੰਘ, ਪੁੱਤਰਾਂ ਭਾਈ ਮੁਹਿੰਦਰ ਸਿੰਘ, ਭਾਈ ਨਰਾਇਣ ਸਿੰਘ, ਭਾਈ ਮਹਾਂ ਸਿੰਘ ਤੇ ਭਾਈ ਪ੍ਰਿਤਪਾਲ ਸਿੰਘ ਨਾਲ ਗਹਿਰੇ ਅਫ਼ਸੋਸ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਿੰਘ ਸਾਹਿਬ ਦੇ ਤੁਰ ਜਾਣ ਦਾ ਪੂਰੇ ਪੰਥ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹ ਇੱਕ ਵੱਡੀ ਸ਼ਖਸੀਅਤ ਦੇ ਮਾਲਕ ਸਨ। ਸਿੰਘ ਸਾਹਿਬ ਨੇ ਆਪਣਾ ਸਾਰਾ ਜੀਵਨ ਗੁਰੂ ਘਰ ਨੂੰ ਸਮਰਪਿਤ ਕੀਤਾ ਤੇ ਗੁਰੂ ਰਾਮਦਾਸ ਜੀ ਦੇ ਦਰ ਘਰ ਦੀ ਸੇਵਾ ਤੋਂ ਮੁਕਤ ਹੋਣ ਤੋਂ ਬਾਅਦ ਉਹ ਗੁਰੂ ਚਰਨਾ ਵਿੱਚ ਅਭੇਦ ਹੋ ਗਏ।ਉਨਾਂ ਦਾ ਪਵਿੱਤਰ ਜੀਵਨ ਅਜੋਕੀ ਨੌਜ਼ਵਾਨ ਪੀੜੀ ਲਈ ਰੌਸ਼ਨ ਮੁਨਾਰਾ ਹੈ। ਜੱਥੇਦਾਰ ਜੀ ਨੇ ਸਮੂੰਹ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ 5 ਸਤੰਬਰ ਨੂੰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਉਨਾਂ ਨੂੰ ਸਰ਼ਧਾ ਦੇ ਫੁਲ ਭੇਟ ਕਰਨ। ਇਸ ਮੌਕੇ ਤੇ ਦਲ ਪੰਥ ਬਾਬਾ ਬਿਧੀ ਚੰਦ ਦੇ ਮੁੱਖੀ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ ਵੀ ਹਾਜ਼ਰ ਸਨ।