ਥਾਣੇਦਾਰ ਦੇ ਪੁੱਤ ਨੇ ਫਾਹਾ ਲਗਾ ਕੇ ਕੀਤੀ ਆਤਮ ਹੱਤਿਆ, ਜਾਣੋ ਸੁਸਾਈਡ ਨੋਟ ’ਚ ਕੀ ਕਿਹਾ
ਲੁਧਿਆਣਾ, 25 ਅਕਤੂਬਰ : ਸਥਾਨਕ ਗਰੇਵਾਲ ਕਲੋਨੀ ਟਿੱਬਾ ਰੋਡ ਰਹਿਣ ਵਾਲੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦੇ ਬੇਟੇ ਨੇ ਕਮਰੇ ’ਚ ਫਾਹਾ ਲਗਾਕੇ ਜਿੰਦਗੀ ਨੂੰ ਅਲਵਿਦਾ ਆਖ ਦਿੱਤਾ। ਫਾਹਾ ਲਗਾ ਕੇ ਮੌਤ ਨੂੰ ਗਲੇ ਲਗਾਉਣ ਵਾਲੇ ਵਾਲਾ ਮਿ੍ਰਤਕ ਗੁਰਪ੍ਰੀਤ ਸਿੰਘ ਪੰਜਾਬ ਪੁਲਿਸ ’ਚ ਤਾਇਨਾਤ ਸਬ ਇੰਸਪੈਕਟਰ ਹਰਮਿੰਦਰ ਸਿੰਘ ਦਾ ਪੁੱਤਰ ਸੀ। ਉਕਤ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ’ਤੇ ਪੁੱਜੀ ਟਿੱਬਾ ਪੁਲਿਸ ਨੂੰ ਮਿ੍ਰਤਕ ਕੋਲੋਂ ਸੁਸਾਇਡ ਨੋਟ ਵੀ ਬਰਾਮਦ ਹੋਇਆ ਹੈ ਜਿਸ ’ਚ ਉਸ ਨੇ ਆਪਣੀ ਮਾਂ ਅਤੇ ਪਤਨੀ ਹਰਮਨ ਤੋਂ ਮੁਆਫੀ ਮੰਗੀ।
ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ’ਚ ਬਤੌਰ ਸਬ ਇੰਸਪੈਕਟਰ ਦੀ ਨੌਕਰੀ ਕਰ ਰਹੇ ਹਰਮਿੰਦਰ ਸਿੰਘ ਦੇ ਬੇਟੇ ਗੁਰਪ੍ਰੀਤ ਸਿੰਘ ਦਾ ਵਿਆਹ ਲਗਭਗ 9 ਮਹੀਨੇ ਪਹਿਲਾਂ ਹਰਮਨ ਕੌਰ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸ ਦਾ ਆਪਣੀ ਪਤਨੀ ਨਾਲ ਘਰੇਲੂ ਕਲੇਸ਼ ਸ਼ੁਰੂ ਹੋ ਗਿਆ। ਘਰੇਲੂ ਕਲੇਸ਼ ਕਾਰਨ ਤਣਾਅ ਹੇਠ ਨੌਜਵਾਨ ਨੇ ਇਹ ਆਤਮਘਾਤੀ ਕਦਮ ਚੁੱਕਿਆ। ਜਿਸ ਵੇਲੇ ਗੁਰਪ੍ਰੀਤ ਨੇ ਇਹ ਕਦਮ ਚੁੱਕਿਆ ਉਸ ਵੇਲੇ ਉਸ ਦੀ ਪਤਨੀ ਹਰਮਨ ਕੌਰ ਪੇਕੇ ਗਈ ਹੋਈ ਸੀ।
ਮਿ੍ਰਤਕ ਦੀ ਮਾਂ ਸੁਖਦੀਪ ਕੌਰ ਤੜਕੇ ਉੱਠੀ ਤਾਂ ਆਪਣੇ ਪੁੱਤਰ ਦਾ ਕਮਰਾ ਬੰਦ ਵੇਖ ਕੇ ਉਸ ਨੂੰ ਆਵਾਜ਼ ਲਗਾਈ। ਕਾਫ਼ੀ ਅਵਾਜ਼ਾਂ ਦੇਣ ਦੇ ਬਾਵਜੂਦ ਕੋਈ ਜਵਾਬ ਨਾ ਆਇਆ ਤਾਂ ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਬੁਲਾਕੇ ਕਮਰਾ ਖੋਲ੍ਹਿਆ ਗਿਆ ਤਾਂ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ।
ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਕੋਲੋਂ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਜਿਸ ’ਚ ਉਸ ਨੇ ਲਿਖਿਆ ਕਿ ਉਸ ਦੇ ਦਿਲ ’ਚ ਕਈ ਗੱਲਾਂ ਹਨ ਜੋ ਉਹ ਕਿਸੇ ਨਾਲ ਨਹੀਂ ਕਰ ਸਕਿਆ। ਮਿ੍ਰਤਕ ਨੇ ਆਪਣੇ ਸੁਸਾਈਡ ਨੋਟ ’ਚ ਮੁਆਫੀ ਮੰਗਦੇ ਹੋਏ ਆਪਣੀ ਪਤਨੀ ਨੂੰ ਆਪਣੇ ਮਰਨ ’ਤੇ ਸੱਦਿਆ। ਉੱਧਰ ਮਿ੍ਰਤਕ ਗੁਰਪ੍ਰੀਤ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਵਿਆਹ ਤੋਂ ਲਗਭਗ ਪੰਦਰਾਂ ਦਿਨ ਬਾਅਦ ਹੀ ਹਰਮਨ ਦਾ ਆਪਣੇ ਪਤੀ ਨਾਲ ਕਲੇਸ਼ ਸ਼ੁਰੂ ਹੋ ਗਿਆ। ਮਿ੍ਰਤਕ ਦੇ ਭਰਾ ਸਿਮਰਨ ਮੁਤਾਬਕ ਉਸ ਦੇ ਭਰਾ ਨੇ ਭਾਬੀ ਨੂੰ ਕੈਨੇਡਾ ਭੇਜਣ ਲਈ 25 ਲੱਖ ਰੁਪਏ ਤੋਂ ਵੀ ਵੱਧ ਦੀ ਰਕਮ ਖਰਚ ਕੀਤੀ ਪਰ ਜਦ ਹਰਮਨ ਦਾ ਵੀਜਾ ਲੱਗ ਗਿਆ ਤਾਂ ਉਸ ਨੇ ਅੱਖਾਂ ਫੇਰ ਲਈਆਂ ਸਨ। ਬਹਰਹਾਲ ਪੁਲਿਸ ਨੇ ਲਾਸ਼ ਕਬਜੇ ’ਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।