ਮੁੰਬਈ, 2 ਸਤੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਇੱਥੇ ਮਹਾਰਾਸ਼ਟਰ ਕਾਂਗਰਸ ਦੇ ਦਫ਼ਤਰ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਇੰਡੀਆ’ ਗੱਠਜੋੜ ਲੋਕ ਚੋਣਾਂ ਵਿਚ ਭਾਜਪਾ ਨੂੰ ਮਾਤ ਦੇਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਕਾਂਗਰਸ-ਮੁਕਤ ਭਾਰਤ’ ਦਾ ਸੱਦਾ ਕਦੇ ਵੀ ਸਿਰੇ ਨਹੀਂ ਚੜ੍ਹੇਗਾ। ਕਾਂਗਰਸ ਆਗੂ ਨੇ ਦਲੀਲ ਦਿੱਤੀ ਕਿ ਇਕ ਸਮੇਂ ਤਾਕਤਵਰ ਬ੍ਰਿਟਿਸ਼ ਸਾਮਰਾਜ ਨੇ ਵੀ ਪਾਰਟੀ ਨੂੰ ਖ਼ਤਮ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਸੀ। ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਪਣੀ ਕਰਨਾਟਕ ਦੀ ਜਿੱਤ ਨੂੰ ਤਿਲੰਗਾਨਾ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਵਿਚ ਵੀ ਦੁਹਰਾਏਗੀ।
ਰਾਹੁਲ ਨੇ ਦਾਅਵਾ ਕੀਤਾ ਕਿ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ), ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ, ਇਸ ਵੇਲੇ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਧਿਰ ਕਾਂਗਰਸ ਤੋਂ ਡਰੇ ਹੋਏ ਹਨ। ਗਾਂਧੀ ਨੇ ਸਵਾਲ ਕੀਤਾ, ‘ਮੀਡੀਆ ਦੇ ਲੋਕ ਕਹਿ ਰਹੇ ਹਨ ਕਿ ਕਾਂਗਰਸ ਕੋਲ ਤਾਕਤ ਨਹੀਂ ਹੈ, ਪਰ ਫਿਰ ਕਰਨਾਟਕ ਵਿਚ ਭਾਜਪਾ ਨੂੰ ਕਿਸ ਨੇ ਹਰਾਇਆ ਹੈ?’ ਕਾਂਗਰਸ ਆਗੂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਮਹਾਰਾਸ਼ਟਰ ਵਿਚ ਇਸ ਲਈ ਨਹੀਂ ਟੁੱਟੀ ਕਿਉਂਕਿ ਇਹ ਇਕ ਵਿਚਾਰਧਾਰਾ ’ਤੇ ਅਧਾਰਿਤ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਜਪਾ ਮਹਾਰਾਸ਼ਟਰ ਵਿਚ ਹਾਰੇਗੀ। ਕਾਂਗਰਸ ਆਗੂ ਨੇ ਇਸ ਮੌਕੇ ਅਡਾਨੀ ਗਰੁੱਪ ’ਤੇ ਵੀ ਨਿਸ਼ਾਨਾ ਸੇਧਿਆ ਤੇ ਧਾਰਾਵੀ ਪ੍ਰਾਜੈਕਟ ਦਾ ਮੁੱਦਾ ਵੀ ਉਠਾਇਆ। -ਪੀਟੀਆਈ