ਜ਼ੀਰਾ/ਫਿਰੋਜ਼ਪੁਰ, 27 ਅਗਸਤ ( ਗੁਰਪ੍ਰੀਤ ਸਿੰਘ ਸਿੱਧੂ ) : ਪੰਜਾਬ ਸਰਕਾਰ ਦੀ ਪੋਲ ਖੋਲ ਰੈਲੀ ਅਤੇ ਹੜ ਪ੍ਰਭਾਵਿਤ ਖੇਤਰਾਂ ਵਿੱਚ ਵਸਦੇ ਲੋਕਾਂ ਨੂੰ ਤੁਰੰਤ ਮੁਆਵਜ਼ੇ ਦੇਣ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਦੇਸ਼ਾਂ ਤਹਿਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਸਾਬਕਾ ਵਿਧਾਇਕ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਫਿਰੋਜ਼ਪੁਰ ਬਾਹਰ 28 ਅਗਸਤ 2023 ਨੂੰ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਵੇਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜੋਗਿੰਦਰ ਸਿੰਘ ਸਰਪੰਚ ਬੌਈਆ ਵਾਲਾ, ਪਿੱਪਲ ਸਿੰਘ ਸਰਪੰਚ ਅਤੇ ਮੈਂਬਰ ਪੰਚਾਇਤ ਸੁਖਮੰਦਰ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬੀਆਂ ਨਾਲ ਵਾਅਦੇ ਕੀਤੇ ਸਨ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਨਸ਼ਿਆ ਨੂੰ ਬੰਦ ਕੀਤਾ ਜਾਵੇਗਾ, ਕਿਸਾਨਾਂ ਅਤੇ ਮੁਲਾਜ਼ਮਾਂ ਨੂੰ ਧਰਨੇ ਨਹੀ ਲਗਾਉਂਣੇ ਪੈਣਗੇ ਪਰ ਸਭ ਉਲਟ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਨੌਜਵਾਨਾਂ ਨਾਲ ਨੌਕਰੀਆਂ ਦੇਣ ਲਈ ਕੀਤੇ ਵਾਅਦੇ ਖੰਭ ਲਗਾ ਕੇ ਉੱਡ ਗਏ ਹਨ ਨਸ਼ੇ ਸ਼ਰੇਆਮ ਵਿਕ ਰਹੇ ਹਨ ਰਿਸ਼ਵਤਖੋਰੀ ਦਾ ਬੋਲਬਾਲਾ ਹੈ । ਉਨ੍ਹਾਂ ਕਿਹਾ ਕਿ ਜਦੋਂ ਕੋਈ ਜੱਥੇਬੰਦੀ ਹੱਕਾ ਲਈ ਅਦੋਲਨ ਲਈ ਸੜਕਾਂ ਤੇ ਉਤਰਦੀ ਹੈ ਤਾਂ ਅੰਦੋਲਨ ਵਿਚੋਂ ਨਿਕਲੀ ਆਮ ਆਦਮੀ ਪਾਰਟੀ ਦੀ ਸਰਕਾਰ ਉਨ੍ਹਾਂ ਨੂੰ ਦਬਾਉਣ ਲਈ ਡੰਡੇ ਲਾਠੀ ਦਾ ਸਹਾਰਾ ਲੈਂਦੀ ਹੈ ਅਤੇ ਅੰਦੋਲਨ ਕਾਰੀਆਂ ਦੀ ਜਾਨ ਤੱਕ ਵੀ ਚਲੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਮਜ਼ਬੂਰਨ ਸੜਕਾਂ ਤੇ ਉਤਰਦਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਤੱਕ ਅੰਦੋਲਨ ਕਾਂਗਰਸ ਪਾਰਟੀ ਕਰਦੀ ਰਹੇਗੀ।