Home » ਡੀ.ਟੀ.ਐੱਫ. ਵੱਲੋਂ ਡਾਇਰੈਕਟਰ (ਪ੍ਰਾਇਮਰੀ) ਨਾਲ ਤਰੱਕੀਆਂ ਤੇ ਭਰਤੀਆਂ ਸਬੰਧੀ ਮੀਟਿੰਗ

ਡੀ.ਟੀ.ਐੱਫ. ਵੱਲੋਂ ਡਾਇਰੈਕਟਰ (ਪ੍ਰਾਇਮਰੀ) ਨਾਲ ਤਰੱਕੀਆਂ ਤੇ ਭਰਤੀਆਂ ਸਬੰਧੀ ਮੀਟਿੰਗ

ਪ੍ਰਾਇਮਰੀ ਤੋਂ ਮਾਸਟਰ ਅਤੇ ਬੀ.ਪੀ.ਈ.ਓ. ਲਈ ਤਰੱਕੀਆਂ ਜਲਦ ਮੁਕੰਮਲ ਕਰਨ ਦੀ ਮੰਗ

by Rakha Prabh
102 views
ਚੰਡੀਗੜ੍ਹ, 21 ਜੂਨ, 2023:
ਪੰਜਾਬ ਦੇ 13 ਹਜ਼ਾਰ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸੇਵਾਵਾਂ ਦੇ ਰਹੇ ਹਜ਼ਾਰਾਂ ਪ੍ਰਾਇਮਰੀ ਅਧਿਆਪਕਾਂ ਦੀ ਮਾਸਟਰ ਕਾਡਰ ਲਈ ਪੈਂਡਿੰਗ ਤਰੱਕੀ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀਆਂ 228 ਵਿੱਚੋਂ 111 ਅਸਾਮੀਆਂ ਖਾਲੀ ਹੋਣ ਅਤੇ ਈ.ਟੀ.ਟੀ. ਦੀਆਂ ਪੈਂਡਿੰਗ ਭਰਤੀਆਂ ਵਰਗੇ ਅਹਿਮ ਮਸਲਿਆਂ ਸਬੰਧੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ ਦੇ ਵਫ਼ਦ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਵਿੱਚ ਡਾਇਰੈਕਟਰ ਸਕੂਲ ਸਿੱਖਿਆ (ਪ੍ਰਾਇਮਰੀ) ਸ਼੍ਰੀਮਤੀ ਸੰਗੀਤ ਸ਼ਰਮਾ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਹੈ।
 ਡੀ.ਟੀ.ਐੱਫ. ਦੇ ਸੂਬਾਈ ਸੰਯੁਕਤ ਸਕੱਤਰ ਦਲਜੀਤ ਸਫ਼ੀਪੁਰ, ਗਿਆਨ ਚੰਦ (ਪ੍ਰਧਾਨ, ਡੀ.ਟੀ.ਐੱਫ. ਰੂਪਨਗਰ) ਅਤੇ ਜੰਗਪਾਲ ਸਿੰਘ ਰਾਏਕੋਟ (ਵਿੱਤ ਸਕੱਤਰ, ਡੀ.ਟੀ.ਐੱਫ. ਲੁਧਿਆਣਾ) ਨੇ ਦੱਸਿਆ ਕੇ ਡਾਇਰੈਕਟਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਪ੍ਰਾਇਮਰੀ ਤੋਂ ਮਾਸਟਰ ਕਾਡਰ ਵਿੱਚ ਤਰੱਕੀ ਸਾਲ 2018 ਵਿੱਚ ਕੀਤੀ ਗਈ ਸੀ। ਜਿਸ ਕਾਰਨ ਕਿੱਤੇ ਵਿੱਚ ਆਈ ਖੜੋਤ ਤੋਂ ਅਧਿਆਪਕ ਨਿਰਾਸ਼ਾ ਦੇ ਆਲਮ ਵਿੱਚ ਹਨ। ਡਾਇਰੈਕਟਰ ਨੇ ਭਰੋਸਾ ਦਿੱਤਾ ਕੇ ਇਹਨਾਂ ਤਰੱਕੀਆਂ ਸਬੰਧੀ ਸੁਹਿਰਦਤਾ ਨਾਲ ਮੁੱਢਲੀ ਕਾਰਵਾਈ ਆਰੰਭ ਦਿੱਤੀ ਗਈ ਹੈ, ਜਿਸ ਨੂੰ ਜਲਦ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ 6635 ਈ.ਟੀ.ਟੀ. ਦੀ ਉਡੀਕ ਸੂਚੀ ਦੇ ਆਰਡਰ ਜਲਦ ਜਾਰੀ ਕਰਨ ਅਤੇ 5994 ਭਰਤੀ ਦੀ ਪ੍ਰਕ੍ਰਿਆ ਅਗਲੇ ਮਹੀਨੇ ਸ਼ੁਰੂ ਕਰਨ ਦਾ ਭਰੋਸਾ ਦਿੱਤਾ। ਆਗੂਆਂ ਨੇ ਦੱਸਿਆ ਕਿ ਬੀ.ਪੀ.ਈ.ਓ. ਦੀਆਂ ਵੱਡੀ ਗਿਣਤੀ ਪੋਸਟਾਂ ਖਾਲੀ ਹੋਣ ਕਾਰਨ ਪ੍ਰਾਇਮਰੀ ਸਿੱਖਿਆ ਢਾਂਚਾ ਬੁਰੀ ਤਰਾਂ ਪ੍ਰਭਾਵਿਤ ਹੋ ਰਿਹਾ ਹੈ ਅਤੇ ਇੱਕ-ਇੱਕ ਬੀ.ਪੀ.ਈ.ਓਜ਼. ਕੋਲ ਕਈ-ਕਈ ਬਲਾਕਾਂ ਦਾ ਵਾਧੂ ਚਾਰਜ ਚਾਰਜ ਹੋਣ ਕਾਰਨ ਉਨ੍ਹਾਂ ਨੂੰ ਵਧੇਰੇ ਮਾਨਸਿਕ ਦਬਾਅ ਝੱਲਣਾ ਪੈ ਰਿਹਾ ਹੈ। ਆਗੂਆਂ ਨੇ ਬੀ.ਪੀ.ਈ.ਓ. ਦੀਆਂ ਖਾਲੀ ਅਸਾਮੀਆਂ 75% ਤਰੱਕੀ ਕੋਟੇ ਅਨੁਸਾਰ ਤੇ ਬਾਕੀ 25% ਸਿੱਧੀ ਭਰਤੀ ਕੋਟੇ ਰਾਹੀਂ ਭਰਨ ਅਤੇ ਸੈਂਟਰ ਹੈਡ ਟੀਚਰ ਦੀ ਸੀਨੀਆਰਤਾ ਜਿਲ੍ਹਾ ਕਾਡਰ ਅਨੁਸਾਰ ਤਿਆਰ ਕਰਦਿਆਂ ਤਰੱਕੀਆਂ ਬਿਨਾਂ ਦੇਰੀ ਮੁਕੰਮਲ ਕਰਨ ਦੀ ਮੰਗ ਕੀਤੀ। ਡਾਇਰੈਕਟਰ ਨੇ ਦੱਸਿਆ ਕੇ ਬੀ.ਪੀ.ਈ.ਓਜ਼ ਦੀਆਂ ਤਰੱਕੀਆਂ ਸਬੰਧੀ ਪ੍ਰਵਾਨਗੀ ਦੀ ਫਾਇਲ ਵਿਸ਼ੇਸ਼ ਸਕੱਤਰ (ਸਿੱਖਿਆ) ਕੋਲੋਂ ਜਲਦ ਪਾਸ ਹੋ ਕੇ ਆਉਣ ਦੀ ਉਮੀਦ ਹੈ ਅਤੇ ਇਸ ਬਾਬਤ ਜੱਥੇਬੰਦੀ ਦਾ ਮੰਗ ਪੱਤਰ ਵੀ ਉੱਚ ਅਧਿਕਾਰੀਆਂ ਤੱਕ ਪੁੱਜਦਾ ਕੀਤਾ ਜਾਵੇਗਾ।
ਇਸ ਮੌਕੇ ਡੀ.ਟੀ.ਐੱਫ. ਆਗੂ ਰਵਿੰਦਰ ਦਿੜ੍ਹਬਾ, ਹਰਿੰਦਰ ਪਟਿਆਲਾ, ਸੁਰਿੰਦਰ ਕੁਮਾਰ ਰਾਏਕੋਟ ਅਤੇ ਗੁਰਦੀਪ ਦਿੜ੍ਹਬਾ ਵੀ ਮੌਜੂਦ ਰਹੇ।

Related Articles

Leave a Comment