ਫਗਵਾੜਾ 19 ਜੂਨ (ਸ਼ਿਵ ਕੋੜਾ) ਮਿਉਂਸਪਲ ਸਫ਼ਾਈ ਕਰਮਚਾਰੀ ਯੂਨੀਅਨ (ਰਜਿ.) ਇੰਟਕ ਦਾ ਇੱਕ ਵਫ਼ਦ ਪ੍ਰਧਾਨ ਕੁਲਵੰਤ ਰਾਏ ਸੋਂਧੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੂੰ ਮਿਲਿਆ। ਉਨ੍ਹਾਂ ਹਲਕਾ ਇੰਚਾਰਜ ਮਾਨ ਨੂੰ ਮੰਗ ਪੱਤਰ ਸੌਂਪਦਿਆਂ ਨਗਰ ਨਿਗਮ ਫਗਵਾੜਾ ਵਿੱਚ ਕੰਮ ਕਰਦੇ 134 ਕੱਚੇ ਸਫਾਈ ਕਰਮਚਾਰੀਆਂ ਨੂੰ ਡੀ.ਸੀ. ਗਰੇਡ ਕਰਨ ਦੀ ਮੰਗ ਕੀਤੀ। ਇਸ ਦੌਰਾਨ ਯੂਨੀਅਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਹ ਸਫਾਈ ਸੇਵਕ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ। ਇਸ ਲਈ ਸੀ.ਐਮ. ਭਗਵੰਤ ਮਾਨ ਵਲੋਂ ਚੋਣਾਂ ਸਮੇਂ ਕੀਤੇ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਉਨ੍ਹਾਂ ਨੂੰ ਡੀ.ਸੀ. ਗਰੇਡ ਦੇ ਹਿਸਾਬ ਨਾਲ ਤਨਖਾਹ ਅਤੇ ਭੱਤੇ ਦਿੱਤੇ ਜਾਣ। ਜੋਗਿੰਦਰ ਸਿੰਘ ਮਾਨ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਜਾਇਜ਼ ਮੰਗ ਨੂੰ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਅੱਗੇ ਮਜਬੂਤੀ ਨਾਲ ਰੱਖਿਆ ਜਾਵੇਗਾ। ਯੂਨੀਅਨ ਦੇ ਉਪ ਪ੍ਰਧਾਨ ਜੋਗਰਾਜ ਨਾਹਰ, ਸਲਾਹਕਾਰ ਮਹਿੰਦਰਪਾਲ ਥਾਪਰ, ਚੇਅਰਮੈਨ ਰਮੇਸ਼ ਕੁਮਾਰ ਗਿੱਲ, ਵਿਕਰਮ ਸੇਠੀ, ਜਨਰਲ ਸਕੱਤਰ ਸੰਨੀ ਸਰਵਟਾ, ਪਦਮ ਕੁਮਾਰ, ਨਰੇਸ਼ ਗਿੱਲ, ਕੈਸ਼ੀਅਰ ਰਾਕੇਸ਼ ਭੱਟੀ, ਅਸ਼ਵਨੀ ਸਲਹੋਤਰਾ, ਮਦਨ ਲਾਲ ਤੋਂ ਇਲਾਵਾ ਰਵੀ ਸਰਵਟਾ, ਰਿੱਕੀ ਸਰਵਟਾ, ਸਰਜੂ ਹੰਸ, ਪਰਮਿੰਦਰ, ਸੁਭਾਸ਼ ਚੰਦਰ, ਸੁਨੀਲ ਦੱਤ, ਦੇਵਰਾਜ, ਰਮਨ ਕੁਮਾਰ ਆਦਿ ਹਾਜ਼ਰ ਸਨ।