Home » ਸਿਖਿਆ ਮੰਤਰੀ ਦੇ ਲਿਖਤੀ ਸੱਦਾ ਪੱਤਰ ‘ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਹੋਈ ਮੀਟਿੰਗ

ਸਿਖਿਆ ਮੰਤਰੀ ਦੇ ਲਿਖਤੀ ਸੱਦਾ ਪੱਤਰ ‘ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਹੋਈ ਮੀਟਿੰਗ

ਕੁੱਕ ਵਰਕਰਾਂ ਦੇ ਮਿਹਨਤਾਨੇ ਵਿੱਚ ਵਾਧੇ ਅਤੇ ਕੱਚੇ ਅਧਿਆਪਕ ਪੱਕੇ ਕਰਨ ਸਮੇਤ ਹੋਰ ਮੰਗਾਂ ਜਲਦ ਲਾਗੂ ਕਰਨ ਦਾ ਦਿੱਤਾ ਭਰੋਸਾ

by Rakha Prabh
375 views

ਚੰਡੀਗੜ 06 ਜੂਨ 2023 ( ਗੁਰਪ੍ਰੀਤ ਸਿੰਘ ਸਿੱਧੂ )

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ 3 ਜੂਨ ਨੂੰ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਵਿਖੇ ਕੀਤੇ ਗਏ ਰੋਹ ਭਰਪੂਰ ਰੋਸ ਪ੍ਰਦਰਸ਼ਨ ਉਪਰੰਤ ਪ੍ਰਸਾਸ਼ਨ ਵੱਲੋਂ ਸਿੱਖਿਆ ਮੰਤਰੀ ਨਾਲ ਮੀਟਿੰਗ ਦੇ ਲਿਖਤੀ ਸੱਦੇ ‘ਤੇ ਸੂਬਾ ਪ੍ਰਧਾਨ ਸ਼੍ਰੀ ਸਤੀਸ਼ ਰਾਣਾ ਦੀ ਅਗਵਾਈ ਵਿੱਚ ਫੈਡਰੇਸ਼ਨ ਦੇ ਵਫ਼ਦ ਦੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਹੋਈ। ਸੁਖਾਵੇਂ ਮਾਹੌਲ ਵਿੱਚ ਹੋਈ ਮੀਟਿੰਗ ਵਿੱਚ ਮਿਡ-ਡੇ-ਮੀਲ ਵਰਕਰਾਂ ਅਤੇ ਅਧਿਆਪਕਾਂ ਦੀਆਂ ਮੰਗਾਂ ‘ਤੇ ਚਰਚਾ ਕੀਤੀ ਗਈ। ਆਗੂਆਂ ਨੇ ਮਿਡ-ਡੇ-ਮੀਲ ਵਰਕਰਾਂ ਦੀਆਂ ਲਿਖਤੀ ਮੰਗ ਪੱਤਰ ਵਿੱਚ ਦਰਜ ਮੰਗਾਂ ਸਬੰਧੀ ਦਲੀਲਾਂ ਸਹਿਤ ਚਰਚਾ ਕਰਦਿਆਂ ਹਰਿਆਣਾ ਪੈਟਰਨ ਅਨੁਸਾਰ ਮਾਣ ਭੱਤਾ ਦੇਣ ਸਮੇਤ ਸਮੁੱਚੀਆਂ ਮੰਗਾਂ ਦੀ ਪੂਰਤੀ ਕਰਨ ਦੀ ਮੰਗ ਕੀਤੀ। ਸਿੱਖਿਆ ਮੰਤਰੀ ਵੱਲੋਂ ਵਰਕਰਾਂ ਦਾ ਮਾਣ ਭੱਤਾ ਵਧਾਉਣ, ਗਰੁੱਪ ਬੀਮਾ ਕਰਨ, ਐਪਰਨ ਅਤੇ ਦਸਤਾਨੇ ਆਦਿ ਦੇਣ, ਛੁੱਟੀ ਕਰਨ ਸਮੇਂ ਬਦਲਵੇਂ ਪ੍ਰਬੰਧ ਲਈ ਦਿੱਤੇ ਜਾਂਦੇ ਮਿਹਨਤਾਨੇ ਦੀ ਪੂਰਤੀ ਕਰਨ ਦਾ ਭਰੋਸਾ ਦਿੱਤਾ ਗਿਆ। ਚੋਣਾਂ ਸਮੇਂ ਪੋਲਿੰਗ ਪਾਰਟੀਆਂ ਦੇ ਖਾਣੇ ਦਾ ਪ੍ਰਬੰਧ ਕਰਨ ਲਈ ਮਿਹਨਤਾਨੇ ਦੀ ਅਦਾਇਗੀ ਕਰਨ ਦੀ ਮੰਗ ਤੇ ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਮੰਗ ਪਹਿਲੀ ਵਾਰ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਗਈ ਹੈ। ਸਕੂਲਾਂ ਵਿੱਚ ਸਫ਼ਾਈ ਸੇਵਕਾਂ ਦੀ ਭਰਤੀ ਵਿੱਚ ਅਤੇ ਸਮਾਜ ਭਲਾਈ ਸਕੀਮਾਂ ਵਿੱਚ ਵਰਕਰਾਂ ਨੂੰ ਪਹਿਲ ਦੇਣ ਦਾ ਭਰੋਸਾ ਦਿੱਤਾ ਗਿਆ। ਕਿਰਤ ਵਿਭਾਗ ਰਾਹੀਂ ਮਿਲਦੀਆਂ ਸਹੂਲਤਾਂ ਲਈ ਜੋਬ ਕਾਰਡ ਬਣਾਉਣ ਅਤੇ ਸਕੂਲਾਂ ਦੇ ਕੰਮ ਨੂੰ ਮਨਰੇਗਾ ਸਕੀਮ ਵਿੱਚ ਸ਼ਾਮਲ ਕਰਵਾਉਣ ਲਈ ਉਪਰਾਲਾ ਕੀਤਾ ਜਾ ਰਿਹਾ ਹੈ।ਜੂਨ ਮਹੀਨੇ ਤੋਂ 7500 ਰੁਪਏ ਤੱਕ ਮਾਣ ਭੱਤਾ ਵਧਾਉਣ ਦੀਆਂ ਖਬਰਾਂ ਦਾ ਖੰਡਨ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਮੈਂ ਇਸ ਤਰ੍ਹਾਂ ਦਾ ਕੋਈ ਵੀ ਵਾਅਦਾ ਕਿਸੇ ਵੀ ਜਥੇਬੰਦੀ ਨਾਲ ਨਹੀਂ ਕੀਤਾ। ਉਨ੍ਹਾਂ ਇਸ ਪ੍ਰਚਾਰ ਨੂੰ ਝੂਠ ਦੱਸਿਆ।
ਆਗੂਆਂ ਵੱਲੋਂ ਹਰ ਤਰ੍ਹਾਂ ਦੇ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਜਲਦ ਪੂਰੀ ਕਰਨ, ਈ ਟੀ ਟੀ ਤੋਂ ਮਾਸਟਰ ਕਾਡਰ ਦੀਆਂ ਪਦਉਨਤੀਆਂ ਸਮੇਤ ਹਰ ਵਰਗ ਦੀਆਂ ਪਦਉਨਤੀਆਂ ਕਰਨ ਦੀ ਮੰਗ ਜ਼ੋਰਦਾਰ ਢੰਗ ਨਾਲ ਰੱਖੀ ਗਈ। ਅਧਿਆਪਕਾਂ ਦੇ ਹੋਰ ਮਸਲੇ ਮੀਟਿੰਗ ਵਿੱਚ ਲਿਖਤੀ ਤੌਰ ਤੇ ਸਿੱਖਿਆ ਮੰਤਰੀ ਨੂੰ ਦਿੱਤੇ ਗਏ, ਜਿਨ੍ਹਾਂ ਵਿੱਚ ਓਡੀਐਲ ਅਧਿਆਪਕਾਂ ਨੂੰ ਰੈਗੂਲਰ ਕਰਨ, ਕੰਪਿਊਟਰ ਟੀਚਰਾਂ ਨੂੰ ਵਿਭਾਗ ਵਿੱਚ ਸ਼ਿਫਟ ਕਰਨ, ਮੈਰੀਟੋਰੀਅਸ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਰੈਗੂਲਰ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਤਰੁੱਟੀਆਂ ਦੂਰ ਕਰਨ, ਏ ਸੀ ਪੀ ਦਾ ਲਾਭ ਦੇਣ, ਸੋਧ ਦੇ ਨਾਂ ਤੇ ਪੇਂਡੂ ਭੱਤੇ ਸਮੇਤ ਬੰਦ ਕੀਤੇ ਸਾਰੇ ਭੱਤੇ ਬਹਾਲ ਕਰਨ, ਐਚ ਟੀ ਦੀਆਂ ਖਤਮ ਕੀਤੀਆਂ 1904 ਪੋਸਟਾਂ ਸਮੇਤ ਮਿਡਲ ਸਕੂਲਾਂ ਵਿੱਚ ਸੀ ਐਂਡ ਵੀ, ਹਿਸਾਬ ਅਤੇ ਅੰਗਰੇਜ਼ੀ ਦੀਆਂ ਪੋਸਟਾਂ ਬਹਾਲ ਕਰਨ, ਹਰ ਵਰਗ ਦੇ ਅਧਿਆਪਕਾਂ ਨੂੰ ਬਦਲੀ ਦਾ ਇੱਕ ਹੋਰ ਮੌਕਾ ਦੇਣ ਆਦਿ ਮੰਗਾਂ ਦਾ ਸਿੱਖਿਆ ਮੰਤਰੀ ਵੱਲੋਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
ਵਫ਼ਦ ਵਿੱਚ ਸੁਖਵਿੰਦਰ ਸਿੰਘ ਚਾਹਲ, ਮੱਖਣ ਸਿੰਘ ਵਾਹਿਦਪੁਰੀ, ਗੁਰਦੀਪ ਸਿੰਘ ਬਾਜਵਾ, ਬਿਮਲਾ ਰਾਣੀ, ਪਰਵੀਨ ਕੁਮਾਰੀ, ਅਮਰੀਕ ਸਿੰਘ, ਗੁਰਬਿੰਦਰ ਸਿੰਘ ਸਸਕੌਰ, ਕੁਲਦੀਪ ਸਿੰਘ ਦੌੜਕਾ, ਬੋਬਿੰਦਰ ਸਿੰਘ, ਗੁਰਪ੍ਰੀਤ ਸਿੰਘ ਜਲ ਸਰੋਤ, ਗੁਰਵਿੰਦਰ ਸਿੰਘ ਚੰਡੀਗੜ੍ਹ, ਸੁਰਜੀਤ ਸਿੰਘ ਮੋਹਾਲੀ, ਅਮਰਜੀਤ ਸਿੰਘ, ਜਸਵਿੰਦਰ ਟਾਹਲੀ, ਕਮਲੇਸ਼ ਮੋਠਾਪੁਰ, ਮਹਿੰਦਰ ਕੌਰ, ਰਣਵੀਰ ਸਿੰਘ ਉੱਪਲ਼, ਮਮਤਾ ਸੈਦਪੁਰ ਆਦਿ ਸ਼ਾਮਲ ਸਨ।

Related Articles

Leave a Comment