Home » ਐਸੇ ਜਨ ਵਿਰਲੇ ਜਗ ਅੰਦਰਿ ਪਰਖਿ ਖਜਾਨੈ ਪਾਇਆ ॥

ਐਸੇ ਜਨ ਵਿਰਲੇ ਜਗ ਅੰਦਰਿ ਪਰਖਿ ਖਜਾਨੈ ਪਾਇਆ ॥

( ਸਿੱਖਿਆ ਦੇ ਖੇਤਰ ਵਿੱਚ ਪਠਾਨਕੋਟ ਦੇ ਕਾਲੜਾ ਪਰਿਵਾਰ ਦਾ ਵੱਡਮੁੱਲਾ ਯੋਗਦਾਨ )

by Rakha Prabh
22 views

ਮਨੁੱਖਤਾ ਨੂੰ ਸਮਰਪਿਤ ਪਰਉਪਕਾਰੀ ਵਿਅਕਤੀਆਂ ਦਾ ਜੀਵਨ ਬਿਰਤਾਂਤ ਆਮ ਜਿਗਿਆਸੂਆਂ ਲਈ ਵੱਡਾ ਪ੍ਰੇਰਨਾ ਸ੍ਰੋਤ ਹੁੰਦਾ ਹੈ। ਪੰਜਾਬ ਵਿਚ ਅਨੇਕਾਂ ਹੀ ਐਸੀਆਂ ਮਹਾਨ ਆਤਮਾਵਾਂ ਹੋ ਗੁਜਰੀਆਂ ਹਨ, ਜਿਨ੍ਹਾਂ ਨੇ ਆਪਣਾ ਜੀਵਨ ਮਨੁੱਖਤਾ ਨੂੰ ਨਿਛਾਵਰ ਕੀਤਾ ।  ਗੁਰੂ ਨਾਨਕ ਸਾਹਿਬ ਦੇ ਵਚਨ ‘ਵਿਦਿਆ ਵੀਚਾਰੀ ਤਾਂ ਪਰਉਪਕਾਰੀ ’ਤੇ ਸਹੀ ਮਾਅਨਿਆਂ ਨੂੰ ਸਮਝਦਿਆਂ ਸਿੱਖਿਆ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲਿਆਂ ’ਚ ਸ਼੍ਰੀ ਰਾਮ ਰੱਖਾ ਮੱਲ ਕਾਲੜਾ ਜੀ ਵੀ ਇਕ ਸਨ। ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸ਼੍ਰੀ ਰਾਮ ਰੱਖਾ ਮੱਲ ਕਾਲੜਾ ਜੀ ਦਾ ਜਨਮ 1892 ਵਿੱਚ ਸਿਆਲਕੋਟ ਪਾਕਿਸਤਾਨ ਵਿੱਚ ਸ਼੍ਰੀ ਗੰਗਾ ਰਾਮ ਜੀ ਦੇ ਘਰ ਹੋਇਆ । ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ਵਿਚ ਚਾਨਣ ਵੰਡਦਿਆਂ ਆਮ ਲੋਕਾਂ ਅਤੇ ਗ਼ਰੀਬਾਂ ਦੀ ਸਹਾਇਤਾ ਕਰ ਕੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਪ੍ਰਤੀ ਪ੍ਰਤੀਬੱਧਤਾ ਨਿਭਾਈ। ਉਹ ਜਾਣਦੇ ਸਨ ਕਿ ਕੌਮਾਂ ਦੀ ਜਾਗ੍ਰਿਤੀ ਅਤੇ ਤਰੱਕੀ ਦਾ ਰਾਜ਼ ਐਜੂਕੇਸ਼ਨ ਵਿਚ ਹੀ ਹੈ। ਲੋਕਾਂ ਦੀ ਆਰਥਿਕਤਾ ਲਈ ਉਦਯੋਗ ਅਤੇ ਖੇਤੀਬਾੜੀ ਨੂੰ ਉੱਨਤ ਅਤੇ ਉਤਸ਼ਾਹਿਤ ਕਰਨ, ਸਮਾਜਿਕ, ਧਾਰਮਿਕ, ਰਾਜਨੀਤਿਕ ਅਤੇ ਸਭਿਆਚਾਰਕ ਖੇਤਰ ਵਿਚ ਸੇਧ ਦੇਣ ਤੋਂ ਪਹਿਲਾਂ ਉਨ੍ਹਾਂ ਲਈ ਵਿੱਦਿਅਕ ਖੇਤਰ, ਉਹ ਵੀ ਇਸਤਰੀ ਸਿੱਖਿਆ ਨੂੰ ਸਮੇਂ ਦਾ ਹਾਣੀ ਬਣਾਇਆ ਜਾਣਾ ਜ਼ਰੂਰੀ ਹੈ। ਇਸ ਮਕਸਦ ਲਈ ਉਨ੍ਹਾਂ ਨੇ ਆਰ.ਆਰ.ਐਮ.ਕੇ. ਆਰੀਆ ਮਹਿਲਾ ਮਹਾਂਵਿਦਿਆਲਿਆ ਨੂੰ 1955 ਵਿੱਚ ਆਰੀਆ ਗਰਲਜ਼ ਹਾਇਰ ਸੈਕੰਡਰੀ ਸਕੂਲ ਦੀ ਇੱਕ ਸ਼ਾਖਾ ਦੇ ਰੂਪ ਵਿੱਚ ਇੱਕ ਲੱਖ ਰੁਪਿਆਂ ਦੀ ਪੂੰਜੀ ਨਾਲ ਪਠਾਨਕੋਟ ਵਿਖੇ ਸ਼ੁਰੂ ਕੀਤਾ। ਪਹਿਲੇ ਸਾਲ ਵਿੱਚ 20 ਵਿਦਿਆਰਥੀਆਂ ਦੇ ਨਾਲ ਇਸ ਨੂੰ ਸ਼੍ਰੀਮਤੀ ਐਸ. ਮੋਹਨ ਦੁਆਰਾ ਛੰਨਾ/ ਝੌਂਪੜੀ ਦੇ ਵਿੱਚ ਹੀ ਸ਼ੁਰੂ ਕੀਤਾ ਗਿਆ ਅਤੇ ਹੁਣ ਹੌਲੀ-ਹੌਲੀ ਵਿਕਾਸ ਕਰਦਾ ਹੋਇਆ ਸ਼ਹਿਰ ਦਾ ਇਹ ਨਾਮਵਰ ਕਾਲਜ ਬਣ ਗਿਆ।
ਇਕ ਸੰਸਥਾ ਦਾ ਰੂਪ ਧਾਰਨ ਕਰ ਗਏ ਅਜ਼ੀਮ ਸ਼ਖਸੀਅਤ ਦੇ ਮਾਲਕ ਸ਼੍ਰੀ ਰਾਮ ਰੱਖਾ ਮੱਲ ਕਾਲੜਾ ਜੀ ਦਾ ਸੁਪਨਾ ਸਾਕਾਰ ਹੋਇਆ। ਅੱਜ ਆਰੀਆ ਵਿਦਿਆ ਸਭਾ (ਰਜਿ.) ਵੱਲੋਂ ਚਲਾਇਆ ਜਾ ਰਿਹਾ ਇਹ ਕਾਲਜ ਪਿਛਲੇ 60 ਸਾਲਾਂ ਤੋਂ ਬਹੁਤ ਵਧੀਆ ਢੰਗ ਨਾਲ ਸਰਵਪੱਖੀ ਮੱਲ੍ਹਾਂ ਮਾਰ ਰਿਹਾ ਹੈ।  ਕਸਬੇ ਅਤੇ ਉਪ-ਸ਼ਹਿਰੀ ਖੇਤਰਾਂ ਦੀਆਂ ਲੜਕੇ/ਲੜਕੀਆਂ ਨੂੰ ਉੱਚ ਸਿੱਖਿਆ ਪ੍ਰਦਾਨ ਕਰਨ ਲਈ ਸ਼੍ਰੀਮਤੀ ਮੇਲਾ ਦੇਵੀ ਕਾਲੜਾ ਜੀ ਦੇ ਨਾਂ ’ਤੇ ਉਸਾਰਿਆ ਗਿਆ ਸੀਨੀਅਰ ਸੈਕੰਡਰੀ ਸਕੂਲ ਅੱਜ ਸ਼ਹਿਰ ਦਾ ਇੱਕ ਮੰਨਿਆ ਪ੍ਰਮੰਨਿਆ ਸਕੂਲ ਹੈ, ਜੋ ਕਿ ਸੀ.ਬੀ.ਐਸ.ਸੀ. ਬੋਰਡ ਨਾਲ ਸੰਬੰਧਿਤ ਹੈ । ਇਸ ਤੋਂ ਇਲਾਵਾ ਸ਼ਹਿਰ ਵਿੱਚ ਆਰੀਆ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਅਤੇ ਆਰੀਆ ਸੀਨੀਅਰ ਸੈਕੰਡਰੀ ਸਕੂਲ (ਲੜਕਿਆਂ) ਵੀ ਹਨ । ਇਹ ਚਾਰੇ ਸੰਸਥਾਵਾਂ, ਹਰ ਤਰ੍ਹਾਂ ਦੀਆਂ ਸਹੂਲਤਾਂ ਨਾਲ ਭਰਪੂਰ ਹਨ ਅਤੇ ਕਈ ਪਰਉਪਕਾਰ ਦੇ ਅਧਾਰ ‘ਤੇ ਹੀ ਚਲਾਈਆਂ ਜਾ ਰਹੀਆਂ ਹਨ, ਜਿਸ ਵਿੱਚ ਕਾਲਜ ਦੀ ਮੈਨੇਜਿੰਗ ਕਮੇਟੀ ਆਪਣਾ ਕੋਈ ਵੀ ਮੁਨਾਫ਼ਾ ਨਹੀਂ ਲੈਂਦੀ । ਇਸ ਦਾ ਸਿਹਰਾ ਕਾਲੜਾ ਪਰਿਵਾਰ ਨੂੰ ਜਾਂਦਾ ਹੈ  ਸ਼੍ਰੀ ਰਾਮ ਰੱਖਾ ਜੀ ਵਿਦਿਆ ਅਤੇ ਖੇਤੀਬਾੜੀ ਨੂੰ ਪਿਆਰ ਕਰਨ ਵਾਲੇ ਮਨੁੱਖ ਸਨ । ਉਸ ਜ਼ਮਾਨੇ ਵਿੱਚ ਉਹ ਦੂਨ ਸਕੂਲ ਦੇਹਰਾਦੂਨ ਅਤੇ ਗੁਰੂਕੁਲ ਕਾਂਗੜੀ ਹਰਿਦੁਆਰ ਜਾ ਕੇ ਆਏ ਸਨ ਅਤੇ ਆਪਣੇ ਵੱਡੇ ਪੋਤਰੇ ਸ਼੍ਰੀ ਵਿਨੋਦ ਕਾਲੜਾ ਜੀ ਨੂੰ ਉਨ੍ਹਾਂ ਨੇ ਦੂਨ ਸਕੂਲ ਵਿੱਚ ਦਾਖਲ ਕਰਵਾਇਆ, ਜਿਸ ਦੀ 1958 ਵਿੱਚ 800 ਰੁਪਏ ਫ਼ੀਸ ਸੀ, ਜੋ ਕਿ ਉਸ ਸਮੇਂ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਸੀ, ਇੱਥੋਂ ਹੀ ਉਨ੍ਹਾਂ ਨੂੰ ਆਪਣੇ ਇਲਾਕੇ ਦੇ ਬਚਿਆਂ ਨੂੰ ਘਟ ਪੈਸਿਆਂ ਵਿਚ ਮਿਆਰੀ ਸਿੱਖਿਆ ਦੇਣ ਦੀ ਸੁੱਝੀ ।
ਸਿਆਲਕੋਟ ਪਾਕਿਸਤਾਨ ਵਿੱਚ ਇਸ ਪਰਿਵਾਰ ਦਾ ਚਾਵਲ ਦੇ ਸ਼ੈਲਰਾਂ ਦਾ ਕੰਮ ਸੀ ਅਤੇ ਦੂਜੀ ਵਿਸ਼ਵ ਜੰਗ ਦੌਰਾਨ ਉਨ੍ਹਾਂ ਦੇ ਚਾਵਲ ਨਹੀਂ ਵਿਕੇ ਸਨ ਤਾਂ ਉਨ੍ਹਾਂ ਨੇ ਚਾਵਲਾ ਦੀ ਫੱਕ ਕਲਕੱਤਾ ਦੀ ਇੱਕ ਫ਼ਰਮ ਨੂੰ ਵੇਚੀ ਜੋ ਕਿ ਟੁੱਟੇ ਹੋਏ ਸਮੁੰਦਰੀ ਜਹਾਜ਼ਾਂ ਦੀ ਮੁਰੰਮਤ ਲਈ ਵਰਤੀ ਜਾਂਦੀ ਸੀ। ਜਿਸ ਦੇ ਬਦਲੇ ਅਜ਼ਾਦੀ ਤੋਂ ਬਾਅਦ ਉਨ੍ਹਾਂ ਨੂੰ ਡੇਢ ਲੱਖ ਰੁਪਏ ਮਿਲੇ ਜੋ ਕਿ 1947 ਦੇ ਜ਼ਮਾਨੇ ਵਿੱਚ ਇੱਕ ਬਹੁਤ ਵੱਡੀ ਰਕਮ ਸੀ । ਸ਼੍ਰੀ ਗੰਗਾ ਰਾਮ ਜੀ ਦੇ 6 ਭਰਾ ਸਨ ਅਤੇ ਸ਼੍ਰੀ ਰਾਮ ਰੱਖਾ ਮੱਲ ਜੀ 5ਵੇਂ ਸਨ । ਦੇਸ਼ ਵੰਡ ਤੋਂ ਬਾਅਦ ਉਨ੍ਹਾਂ ਦੇ ਦੋ ਭਰਾ ਸਹਾਰਨਪੁਰ, ਇੱਕ ਦਿੱਲੀ ਅਤੇ ਇੱਕ ਅੰਮ੍ਰਿਤਸਰ ਜਾ ਵਸੇ ਅਤੇ ਇਹ ਆਪ ਪਠਾਨਕੋਟ ਆਪਣੇ ਵੱਡੇ ਬੇਟੇ ਸ਼੍ਰੀ ਰੌਸ਼ਨ ਲਾਲ ਕਾਲੜਾ ਜੀ ਦੇ ਸਹੁਰਾ ਪਰਿਵਾਰ ਕੋਲ ਪਠਾਨਕੋਟ ਆ ਗਏ । ਜਿਨ੍ਹਾਂ ਨੇ ਏਥੇ ਈਸ਼ਰ ਦਾਸ ਸਨਾਤਨ ਧਰਮ ਸਕੂਲ ਦੀ ਸਥਾਪਨਾ ਕੀਤੀ  ਹੋਈ ਸੀ ਅਤੇ ਦਾਨ ਦੇ ਕੇ ਉਹ ਇਸ ਨੂੰ ਚਲਾਉਂਦੇ ਸਨ ।


ਸਮਾਜਿਕ ਅਤੇ ਧਾਰਮਿਕ ਪ੍ਰਤਿਭਾ ਦੇ ਮਾਲਕ ਸ਼੍ਰੀ ਰਾਮ ਰੱਖਾ ਮੱਲ ਕਾਲੜਾ ਜੀ ਨੇ ਸੰਨ 1957 ਵਿੱਚ ਆਰੀਆ ਸਮਾਜ ਮੰਦਰ ਦੀ ਸਥਾਪਨਾ ਕੀਤੀ । ਆਪ ਜੀ ਦੋ ਸਪੁੱਤਰ ਸ਼੍ਰੀ ਰੌਸ਼ਨ ਲਾਲ ਕਾਲਰਾ ਅਤੇ ਸ਼੍ਰੀ ਬਲਦੇਵ ਰਾਜ ਕਾਲਰਾ ਤੋਂ ਇਲਾਵਾ ਇੱਕ ਸਪੁੱਤਰੀ ਸ਼੍ਰੀਮਤੀ ਚੰਦਰ ਕਾਂਤਾ ਕਾਲੜਾ ਵੀ ਉਨ੍ਹਾਂ ਦੇ ਸਮਾਜਿਕ ਕੰਮਾਂ ਵਿਚ ਹੱਥ ਵਟਾਉਣ ’ਚ ਹਮੇਸ਼ਾ ਅੱਗੇ ਰਹੇ। ਪੂਰਾ ਪਰਿਵਾਰ ਸਮਾਜਿਕ ਆਰਥਿਕ ਬੁਲੰਦੀਆਂ ’ਤੇ ਹੈ। ਉਨ੍ਹਾਂ ਦੇ ਵੱਡੇ ਸਪੁੱਤਰ ਸ਼੍ਰੀ ਰੌਸ਼ਨ ਲਾਲ ਕਾਲੜਾ ਜੀ ਦੇ ਬੇਟੇ ਸ਼੍ਰੀ ਵਿਨੋਦ ਕਾਲੜਾ ਜੀ ਦਿੱਲੀ ਵਿੱਚ ਇੱਕ ਬਹੁਤ ਵੱਡੇ ਬਿਜ਼ਨਸਮੈਨ ਹਨ । ਉਨ੍ਹਾਂ ਦੇ ਛੋਟੇ ਸਪੁੱਤਰ ਸ਼੍ਰੀ ਬਲਦੇਵ ਰਾਜ ਕਾਲੜਾ ਜੀ ਦੇ ਬੇਟੇ ਡਾ. ਅਰਵਿੰਦ ਕਾਲੜਾ ਜੀ ਸ਼ਹਿਰ ਦੇ ਇੱਕ ਮੰਨੇ ਪ੍ਰਮੰਨੇ ਰੇਡਿਓਲੋਜਿਸਟ ਹਨ ।
ਮਹਿੰਗੀਆਂ ਵਸਤਾਂ ਖ਼ਰੀਦਣ ਦੇ ਸ਼ੌਕੀਨ ਸ਼੍ਰੀ ਵਿਨੋਦ ਕਾਲੜਾ ਜੀ ਸ਼ਹਿਰ ਵਿੱਚ ਜਿੱਥੇ ਵੀ ਕਿਤੇ ਕਿਸੇ ਪ੍ਰਾਪਰਟੀ ਦੀ ਬੋਲੀ ਹੁੰਦੀ, ਉਹ ਉੱਥੇ ਜ਼ਰੂਰ ਪਹੁੰਚਦੇ ਅਤੇ ਖ਼ਰੀਦ ਲੈਂਦੇ । ਪਰ ਉਹ ਆਪਣੇ ਨੌਕਰਾਂ ਦੇ ਨਾਲ ਬਹੁਤ ਦੋਸਤਾਨਾ ਸੰਬੰਧ ਰੱਖਦੇ, ਬਹੁਤ ਪਿਆਰ ਨਾਲ ਰਹਿੰਦੇ, ਉਨ੍ਹਾਂ ਦੀ ਬਹੁਤ ਮਦਦ ਕਰਦੇ, ਗ਼ਰੀਬ ਲੋਕਾਂ ਨੂੰ ਖ਼ੂਬ ਦਾਨ ਦੇਂਦੇ ਅਤੇ ਮਦਦ ਕਰਦੇ । ਖੇਤੀਬਾੜੀ ਨਾਲ ਸੰਬੰਧਿਤ ਹੋਣ ਕਾਰਨ ਉਹ ਸਬਜ਼ੀਆਂ ਅਤੇ ਫਲਾਂ ਨੂੰ ਗ਼ਰੀਬਾਂ ਅਤੇ ਨੌਕਰਾਂ ਵਿੱਚ ਸ਼ਾਮ ਨੂੰ ਵੰਡ ਦੇਂਦੇ । ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਜੱਗ ਅਤੇ ਲੰਗਰ ਲਗਾਉਂਦੇ ਅਤੇ ਲੋੜਵੰਦਾਂ ਦੀ ਮਦਦ ਕਰਦੇ । ਪਰਿਵਾਰ ਵਿੱਚ ਉਹ ਬੜੇ ਸਖ਼ਤ ਸੁਭਾਅ ਦੇ ਸਨ, ਬਹੁਤ ਘੱਟ ਬੋਲਦੇ ਅਤੇ ਉਨ੍ਹਾਂ ਦੇ ਬੇਟੇ ਜਾਂ ਭਰਾ ਉਨ੍ਹਾਂ ਸਾਹਮਣੇ ਖੜ੍ਹੇ ਹੋ ਕੇ ਗੱਲ੍ਹ ਨਹੀਂ ਕਰ ਸਕਦੇ ਸਨ ਅਤੇ ਗ਼ਲਤ ਗੱਲ ਬਰਦਾਸ਼ਤ ਨਹੀਂ ਸੀ ਕਰਦੇ । ਉਨ੍ਹਾਂ ਦੀ ਨੈਤਿਕਤਾ ਬਹੁਤ ਹੀ ਉੱਚ ਪੱਧਰ ਦੀ ਸੀ ।

ਇਹੀ ਨੈਤਿਕਤਾ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਵਿਰਾਸਤ ਵਿੱਚ ਦਿੱਤੀ ਹੁਣ ਉਨ੍ਹਾਂ ਦੇ ਪੋਤਰੇ ਸ਼੍ਰੀ ਅਰਵਿੰਦ ਕਾਲੜਾ ਜੀ,ਆਰੀਆ ਵਿਦਿਆ ਸਭਾ (ਰਜਿ.) ਦੇ ਮੈਨੇਜਿੰਗ ਕਮੇਟੀ ਦੇ ਜਨਰਲ ਸਕੱਤਰ ਹਨ ਅਤੇ ਆਪਣੀ ਅਗਵਾਈ ਵਿੱਚ ਉਪਰੋਕਤ ਸੰਸਥਾਵਾਂ ਨੂੰ ਬਾਖ਼ੂਬੀ ਚਲਾ ਰਹੇ ਹਨ ਅਤੇ ਆਪਣੇ ਦਾਦਾ ਜੀ ਦੇ ਨੈਤਿਕ ਮੁੱਲਾਂ ਤੇ ਸੰਸਕਾਰ ਜਿਸ ਵਿੱਚ ਪਰਉਪਕਾਰ ਸ਼ਾਮਲ ਸੀ, ਅਤੇ ਬਿਨਾਂ ਕਿਸੇ ਮੁਨਾਫ਼ਾ ਲੈਣ ਦੀ ਸੋਚ ਨੂੰ ਮੱਦੇ ਨਜ਼ਰ ਰੱਖਦੇ ਹੋਏ, ਉਸੇ ਸੋਚ ਤੇ ਹੀ ਪਹਿਰਾ ਦੇ ਰਹੇ ਹਨ । ਇਹ ਅੱਜ ਦੇ ਪਦਾਰਥਵਾਦ ਦੇ ਯੁੱਗ ਵਿੱਚ ਇੱਕ ਵੱਡੀ ਅਤੇ ਸੁਚੱਜੀ ਉਦਾਹਰਨ ਹੈ । ਜਿੱਥੇ ਇਹਨਾਂ ਸੰਸਥਾਵਾਂ ਨੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕੀਤੀ, ਉੱਥੇ ਅਨੇਕਾਂ ਪਰਿਵਾਰਾਂ ਦੀ ਰੋਜ਼ੀ ਰੋਟੀ ਦਾ ਸਾਧਨ ਵੀ ਹੈ । ਇਹ ਸਕੂਲ ਅਤੇ ਕਾਲਜ ਸਰਕਾਰੀ ਸਹਾਇਤਾ ਪ੍ਰਾਪਤ ਹਨ ਅਤੇ ਪਿਛਲੇ 60 ਸਾਲਾਂ ਤੋਂ ਸ਼ਹਿਰ ਦੇ ਬੱਚੇ ਬੱਚੀਆਂ ਨੂੰ ਸੁਚੱਜੀ ਅਤੇ ਸਹੀ ਸਿੱਖਿਆ ਦੇ ਰਹੇ ਹਨ । ਗੁਰਬਾਣੀ ਦੇ ਮਹਾਂਵਾਕ ’’ਸਾਚ ਵਖਰ ਕੇ ਵਾਪਾਰੀ ਵਿਰਲੇ ਲੈ ਲਾਹਾ ਸਉਦਾ ਕੀਨਾ ਹੇ ॥’’ ਅਨੁਸਾਰ ਅਜਿਹੇ ਜਨ ਦੁਨੀਆ ਵਿੱਚ ਵਿਰਲੇ ਹੀ ਹੁੰਦੇ ਹਨ ਜੋ ਸਮਾਜ ਦੀ ਭਲਾਈ ਲਈ ਚਿੰਤਨਸ਼ੀਲ ਹੁੰਦੇ ਹਨ ਅਤੇ ਸੱਚ ਦਾ ਵਪਾਰ ਕਰਦੇ ਅਤੇ ਸੱਚਾ ਸੌਦਾ ਪਾਉਂਦੇ ਹਨ ।

ਆਪ ਜੀ ਹਮੇਸ਼ਾ ਮਾਨਵਤਾ ਦੇ ਭਲੇ ਲਈ ਉਪਦੇਸ਼ ਦੇਣ ਦੇ ਨਾਲ-ਨਾਲ ਸਾਂਝੀਵਾਲਤਾ, ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਯਤਨਸ਼ੀਲ ਰਹੇ ਹਨ। ਪ੍ਰਮਾਤਮਾ ਦੇ ਪਵਿੱਤਰ ਨਾਮ ਦੀ ਲਾਲੀ ਨਾਲ ਆਪ ਜੀ ਦਾ ਨੂਰਾਨੀ ਚਿਹਰਾ ਹਰ ਪਾਸੇ ਖੇੜਾ ਵੰਡਦਾ ਸੀ। ਲੋਕ ਸੇਵਾ ਦਾ ਜਜ਼ਬਾ ਵੀ ਆਪਜੀ ਦੇ ਅੰਦਰ ਠਾਠਾਂ ਮਾਰਦਾ ਸੀ, ਦਿਨ ਰਾਤ ਉਨ੍ਹਾਂ ਨੂੰ ਇੱਕੋ ਹੀ ਚਾਅ ’ਸੇਵਾ’ ਹੁੰਦਾ ਸੀ। ਇਸੇ ਦੌਰਾਨ 10 ਮਾਰਚ 1964 ਨੂੰ ਸ਼੍ਰੀ ਰਾਮ ਰੱਖਾ ਮੱਲ ਕਾਲੜਾ ਜੀ ਪਠਾਨਕੋਟ ਵਿਖੇ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ। ਪਰ ਉਹ ਅੱਜ ਆਪਣੇ ਸਿੱਖਿਆ ਦੇ ਖੇਤਰ ਵਿੱਚ ਕੀਤੇ ਚੰਗੇ ਕਾਰਜਾਂ ਕਾਰਨ ਅਮਰ ਹਨ । ਉਨ੍ਹਾਂ ਦਾ ਸਮੁੱਚਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰੇਗਾ, ਸਮਾਜ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਨੂੰ ਹਮੇਸ਼ਾਂ ਲੋਕ ਯਾਦ ਰੱਖਣਗੇ।। ਸ਼ਾਲਾ ! ਇਹ ਆਰੀਆ ਸੰਸਥਾਵਾਂ ਅਤੇ ਪਰਿਵਾਰ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰਨ ! ਆਮੀਨ !
ਡਾ. ਰੁਪਿੰਦਰਜੀਤ ਗਿੱਲ ਐਸੋਸੀਏਟ ਪ੍ਰੋਫੈਸਰ ਤੇ ਮੁਖੀ (ਪੰਜਾਬੀ ਵਿਭਾਗ) ਆਰੀਆ ਕਾਲਜ ਪਠਾਨਕੋਟ ਮੋਬਾਇਲ ਨੰ. 78887 48681

Related Articles

Leave a Comment