ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ / ਸੁਖਦੇਵ ਮੋਨੂੰ ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਲੋਂ ਪ੍ਰੀਖਿਆਂ ਪੈਮਾਨੇ ਤੇ ਖਰਾ ਉਤਰਨ ਵਾਲੇ ਨਵ-ਨਿਯੁਕਤ ਕਲਰਕ ਕਮ ਜੂਨੀਅਰ ਡਾਟਾ ਐਂਟਰੀ ਅਪ੍ਰੇਟਰਾਂ ਦਾ ਨਾਨ-ਟੀਚਿੰਗ ਇੰਪਲਾਈਜ ਐਸੋਸੀਏਸ਼ਨ ਦੇ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ। ਇਸ ਸਬੰਧੀ ਜੀਐਨਡੀਯੂ ਦੇ ਪ੍ਰਬੰਧਕੀ ਬਲਾਕ ਵਿਖੇ ਸਥਿਤ ਐਸੋਸੀਏਸ਼ਨ ਦੇ ਮੁੱਖ ਦਫਤਰ ਵਿਖੇ ਪ੍ਰਧਾਨ ਹਰਦੀਪ ਸਿੰਘ ਨਾਗਰਾ ਦੀ ਅਗਵਾਈ ਤੇ ਸਕੱਤਰ ਰਾਜਿੰਦਰ ਸਿੰਘ ਦੇ ਸ਼ਾਨਦਾਰ ਤੇ ਬੇਮਿਸਾਲ ਪ੍ਰਬੰਧਾਂ ਹੇਠ ਇੱਕ ਪ੍ਰਭਾਵਸ਼ਾਲੀ ਸੁਆਗਤੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਪ੍ਰਧਾਨ ਹਰਦੀਪ ਸਿੰਘ ਨਾਗਰਾ ਨੇ ਸਮੁੱਚੇ ਨਵਨਿਯੁਕਤ ਕਲਰਕ ਕਮ ਜੂਨੀਅਰ ਡਾਟਾ ਐਂਟਰੀ ਅਪ੍ਰੇਟਰਾਂ ਦਾ ਰਸਮੀ ਸੁਆਗਤ ਕਰਦਿਆਂ ਕਿਹਾ ਕਿ ਉਹ ਅੱਜ ਤੋਂ ਜੀਐਨਡੀਯੂ ਦੇ ਕਰਮਚਾਰੀ ਹੋਣ ਦੇ ਨਾਲ-ਨਾਲ ਇਥੋਂ ਦੇ ਅਤੇ ਐਸੋਸੀਏਸ਼ਨ ਪਰਿਵਾਰ ਦੇ ਮੈਂਬਰ ਵੀ ਹਨ। ਐਸੋਸੀਏਸ਼ਨ ਆਪਣੀਆਂ ਰਹੁਰੀਤਾਂ, ਰਵਾਇਤਾਂ ਤੇ ਪਰੰਪਰਾਵਾਂ ਦੇ ਅਨੁਕੂਲ ਹਰ ਦੁੱਖ ਸੁੱਖ ਵਿੱਚ ਸਾਥ ਦੇਵੇਗੀ ਤੇ ਲੋੜ ਪੈਣ ਤੇ ਨਾਲ ਵੀ ਖੜੀ ਹੋਵੇਗੀ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਨਾਨਟੀਚਿੰਗ ਕਰਮਚਾਰੀਆਂ ਦੇ ਹੱਕਾਂ ਤੇ ਅਧਿਕਾਰਾਂ ਦੀ ਖਾਤਰ ਹਾਅ ਦਾ ਨਾਅਰਾ ਮਾਰਦੀ ਆਈ ਹੈ ਤੇ ਸਮਾਂ ਆਉਣ ਤੇ ਉਨ੍ਹਾਂ ਵਾਸਤੇ ਅਜਿਹੇ ਸਿਲਸਿਲੇ ਨੂੰ ਅਮਲੀ ਜਾਮਾ ਪਹਿਨਾਏਗੀ। ਉਨ੍ਹਾਂ ਇਹ ਵੀ ਕਿਹਾ ਕਿ ਐਸੋਸੀਏਸ਼ਨ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਪ੍ਰਾਪਤੀਆਂ ਦਾ ਵੇਰਵਾ ਦਰਜ ਹੈ। ਇਸ ਲਈ ਉਨ੍ਹਾਂ ਨੂੰ ਵੀ ਆਪਣੀ ਸ਼ਮੂਲੀਅਤ ਤੇ ਹਾਜ਼ਰੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਹਰਦੀਪ ਸਿੰਘ ਨਾਗਰਾ ਨੇ ਅੱਗੇ ਕਿਹਾ ਕਿ ਨਵਨਿਯੁਕਤ ਕਰਮਚਾਰੀਆਂ ਦਾ ਅਜੇ ਸ਼ੁਰੂਆਤੀ ਦੌਰ ਹੈ। ਸੇਵਾ ਕਾਲ ਦੌਰਾਨ ਕਈ ਔਕੜਾਂ ਤੇ ਮੁਸ਼ਕਲਾਂ ਆਉਣੀਆਂ ਲਾਜ਼ਮੀ ਹਨ ਜਿਸ ਦੇ ਫੌਰੀ ਤੇ ਸਦੀਵੀ ਹੱਲ ਲਈ ਐਸੋਸੀਏਸ਼ਨ ਇੱਕ ਵੱਡੀ ਤਾਕਤ ਤੇ ਲਿਆਕਤ ਸਾਬਤ ਹੋਵੇਗੀ ਜਦੋਂ ਕਿ ਸਮੇਂ ਦੇ ਬਦਲਾਵ ਦੇ ਚੱਲਦਿਆਂ ਉਨ੍ਹਾਂ ਨੂੰ ਵੀ ਬਤੌਰ ਅਹੁਦੇਦਾਰ ਲੜਨ ਅਤੇ ਘੋਲ਼ ਕਰਨ ਦਾ ਮੌਕਾ ਮਿਲੇਗਾ । ਜਿਸਦੇ ਲਈ ਹੁਣ ਤੋਂ ਹੀ ਤਿਆਰ ਬਰ ਤਿਆਰ ਹੋਣਾ ਹੋਵੇਗਾ। ਉਨ੍ਹਾਂ ਕਿਹਾ ਕਿ ਤਿਆਰੀ ਦੇ ਅਜਿਹੇ ਮੰਚ ਐਸੋਸੀਏਸ਼ਨ ਹੀ ਮੁਹੱਈਆ ਕਰਨ ਦੀ ਸ਼ਕਤੀ ਰੱਖਦੀ ਹੈ।ਇਸ ਮੌਕੇ ਨਵਨਿਯੁਕਤ ਸਮੁੱਚੇ ਕਰਮਚਾਰੀਆਂ ਨੇ ਐਸੋਸੀਏਸ਼ਨ ਦਾ ਹਰ ਸਮੇਂ ਸਮੱਰਥਨ ਅਤੇ ਹਮਾਇਤ ਦਾ ਅਹਿਦ ਲਿਆ। ਇਸ ਮੌਕੇ ਰੇਸ਼ਮ ਸਿੰਘ ਢਿੱਲੋਂ, ਗੁਰਸ਼ਰਨ ਸਿੰਘ, ਹਰਦੀਪ ਸਿੰਘ,ਭੋਮਾ ਰਾਮ, ਸਤਨਾਮ ਸਿੰਘ, ਚਰਨਜੀਤ ਸਿੰਘ, ਰਛਪਾਲ ਸਿੰਘ ਆਦਿ ਹਾਜ਼ਰ ਸਨ