Home » ਸੰਯੁਕਤ ਕਿਸਾਨ ਮੋਰਚੇ ਵੱਲੋਂ ਬਿੱਟੂ ਨੂੰ ਚਿਤਾਵਨੀ ਪੱਤਰ

ਸੰਯੁਕਤ ਕਿਸਾਨ ਮੋਰਚੇ ਵੱਲੋਂ ਬਿੱਟੂ ਨੂੰ ਚਿਤਾਵਨੀ ਪੱਤਰ

ਸੰਸਦ ਸੈਸ਼ਨ ਦੌਰਾਨ ਕਿਸਾਨਾਂ ਦੇ ਮਸਲੇ ਉਠਾਉਣ ਦੀ ਮੰਗ; ਵਫ਼ਦ ਨਾਲ ਬਿੱਟੂ ਦੀ ਬਹਿਸ ਹੋਈ

by Rakha Prabh
18 views

ਲੁਧਿਆਣਾ, 29 ਮਈ

ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਮੈਂਬਰ ਲੋਕ ਸਭਾ ਰਵਨੀਤ ਸਿੰਘ ਬਿੱਟੂ ਨੂੰ ਚੇਤਾਵਨੀ ਪੱਤਰ ਦੇ ਕੇ ਸੰਸਦ ਦੇ ਅਗਲੇ ਸੈਸ਼ਨ ਦੌਰਾਨ ਕਿਸਾਨ ਮੋਰਚੇ ਦੀਆਂ ਮੰਨੀਆਂ ਗਈਆਂ ਮੰਗਾਂ ਕਾਂਗਰਸ ਪਾਰਟੀ ਰਾਹੀਂ ਉਠਾਉਣ ਦੀ ਮੰਗ ਕੀਤੀ ਗਈ।

ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਦੀ ਅਗਵਾਈ ਹੇਠ ਕੁੱਲ ਹਿੰਦ ਕਿਸਾਨ ਸਭਾ-1936 ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਜਸਵੀਰ ਸਿੰਘ ਝੱਜ, ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਸ਼ਮਸੇਰ ਸਿੰਘ ਆਸੀ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਤਿਨਾਮ ਸਿੰਘ ਬੜੈਚ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਅਤੇ ਬੀਕੇਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਢਿੱਲੋਂ ਨੇ ਸ੍ਰੀ ਬਿੱਟੂ ਦੀ ਰੋਜ਼ ਗਾਰਡਨ ਸਥਿਤ ਰਿਹਾਇਸ਼ ਤੇ ਪੱਤਰ ਸੌਂਪਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਕਾਂਗਰਸ ਪਾਰਟੀ ਨੇ ਸੈਸ਼ਨ ਦੌਰਾਨ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਨਾ ਕੀਤੀ ਤਾਂ ਕਾਂਗਰਸ ਪਾਰਟੀ ਇਸ ਦਾ ਨਤੀਜਾ ਅਗਲੀਆਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭੁਗਤਣ ਲਈ ਤਿਆਰ ਰਹੇ।

ਇਸ ਮੌਕੇ ਵਫ਼ਦ ਦੀ ਬਿੱਟੂ ਨਾਲ ਕੁੱਝ ਬਹਿਸ ਵੀ ਹੋਈ ਪਰ ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਉਨ੍ਹਾਂ ਚੇਤਾਵਨੀ ਪੱਤਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਅੱਗੇ ਰੱਖਣ ਦਾ ਭਰੋਸਾ ਦਿੱਤਾ।

ਇਸ ਮੌਕੇ ਕਾਮਰੇਡ ਸੰਧੂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਮੋਰਚਾ ਨੂੰ 11 ਸਤੰਬਰ 2001 ਨੂੰ ਮੰਗਾਂ ਮੰਨਣ ਸਬੰਧੀ ਜਲਦੀ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਕਿਸਾਨਾਂ ਦਾ ਅੰਦੋਲਨ ਮੁਅੱਤਲ ਕਰਾਇਆ ਸੀ ਪਰ ਡੇਢ ਸਾਲ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਜਿਸ ਕਾਰਨ ਉਨ੍ਹਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਮੇਂ ਡਾ. ਗੁਲਜ਼ਾਰ ਸਿੰਘ ਪੰਧੇਰ, ਜੰਗ ਸਿੰਘ ਸਿਰਥਲਾ, ਕੇਵਲ ਸਿੰਘ ਮੰਜ਼ਾਲੀਆਂ, ਮਲਕੀਤ ਸਿੰਘ ਮਾਲ੍ਹੜਾ, ਅਮਰਜੀਤ ਸਿੰਘ, ਸਵਰਨ ਸਿੰਘ, ਮਾਸਟਰ ਬਲਦੇਵ ਸਿੰਘ, ਬਲਰਾਜ ਸਿੰਘ ਕੋਟਉਮਰਾ, ਡਾ ਅਜੀਤ ਰਾਮ, ਗੁਰਮੇਲ ਸਿੰਘ ਰੂਮੀ ਆਦਿ ਵੀ ਹਾਜ਼ਰ ਸਨ।

Related Articles

Leave a Comment