-
ਪਿਛਲੇ ਸਾਲ 6,60,682 ਮੀਟਰਕ ਟਨ ਦੇ ਮੁਕਾਬਲੇ ਇਸ ਸਾਲ 767024 ਮੀਟਰਕ ਟਨ ਕਣਕ ਦੀ ਹੋਈ ਖਰੀਦ
ਫਿਰੋਜ਼ਪੁਰ, 7 ਮਈ :
ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਪ੍ਰਕੀਰਿਆ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ, ਜਿਸ ਤਹਿਤ 100 ਫੀਸਦੀ ਖਰੀਦ ਨਾਲ ਵੱਖ-ਵੱਖ ਏਜੰਸੀਆਂ ਅਤੇ ਵਪਾਰੀਆਂ ਵੱਲੋਂ 7 ਲੱਖ 67 ਹਜ਼ਾਰ 24 ਮੀਟਰਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ਅਤੇ ਖ਼ਰੀਦੀ ਕੀਤੀ ਗਈ ਕਣਕ ਦੀ ਕਿਸਾਨਾਂ ਨੂੰ 1575.63 ਕਰੋੜ ਰੁਪਏ ਦੀ ਤੈਅ ਸਮੇਂ ਅੰਦਰ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 100 ਫੀਸਦੀ ਕਣਕ ਦੀ ਕਣਕ ਖਰੀਦ ਕੀਤੀ ਜਾ ਚੁੱਕੀ ਹੈ ਅਤੇ 67 ਫੀਸਦੀ ਸਟਾਕ ਦੀ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲਿਫਟਿੰਗ ਦਾ ਕੰਮ ਨਿਰੰਤਰ ਜਾਰੀ ਹੈ ਅਤੇ ਬਾਕੀ ਰਹਿੰਦੇ ਸਟਾਕ ਦੀ ਲਿਫਟਿੰਗਿ ਵੀ ਜਲਦੀ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੌਜੂਦਾ ਹਾੜੀ ਮੰਡੀਕਰਨ ਸੀਜ਼ਨ ਦੌਰਾਨ ਕੀਤੇ ਗਏ ਖਰੀਦ ਪ੍ਰਬੰਧਾਂ ਤੇ ਜ਼ਿਲ੍ਹੇ ਦੇ ਕਿਸਾਨਾਂ ਨੇ ਸੰਤੁਸ਼ਟੀ ਪ੍ਰਗਟ ਕੀਤੀ ਹੈ ਕਿਉਂਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ ਅਤੇ ਤਹਿ ਸਮੇਂ ਅੰਦਰ ਹੀ ਉਨ੍ਹਾਂ ਦੀ ਫ਼ਸਲ ਦੀ ਤੁਲਾਈ ਅਤੇ ਅਦਾਇਗੀ ਹੋ ਗਈ ਹੈ।
ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਸ੍ਰੀ ਹਿਮਾਂਸ਼ੂ ਕੁੱਕੜ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਹੋਈ ਕੁਲ ਖ਼ਰੀਦ ਵਿੱਚੋਂ ਪਨਗਰੇਨ 2,40,665 ਮੀਟਰਕ ਟਨ, ਮਾਰਕਫੈਡ ਵੱਲੋਂ 2,00,657 ਮੀਟਰਕ ਟਨ, ਪਨਸਪ ਵੱਲੋਂ 2,00,628 ਮੀਟਰਕ ਟਨ, ਪੰਜਾਬ ਰਾਜ ਗੁਦਾਮ ਨਿਗਮ ਵੱਲੋਂ 1,19,578 ਮੀਟਰਕ ਟਨ ਅਤੇ ਵਪਾਰੀਆਂ ਵੱਲੋਂ 5496 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੇ 6,60,682 ਮੀਟਰਕ ਟਨ ਦੇ ਮੁਕਾਬਲੇ ਇਸ ਸਾਲ 7,67,024 ਮੀਟਰਕ ਟਨ ਕਣਕ ਦੀ ਰਿਕਾਰਡ ਖ਼ਰੀਦ ਕੀਤੀ ਗਈ ਹੈ ਜੋ ਕਿ ਪਿੱਛਲੇ ਸਾਲ ਦੀ ਖਰੀਦ ਨਾਲੋਂ 1,06,342 ਮੀਟਰਕ ਟਨ ਜਿਆਦਾ ਹੈ।