ਜ਼ੀਰਾ (ਅਕਾਲੀਆਂ ਵਾਲਾ) : ਜ਼ੀਰਾ ਦੇ ਪਿੰਡ ਮਨਸੂਰਵਾਲ ਖੁਰਦ ਵਿਖੇ ਇਕ ਪਤੀ ਵੱਲੋਂ ਆਪਣੀ ਪਤਨੀ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਜਿੰਦਰ ਕੌਰ ਪਤਨੀ ਜਗਜੀਤ ਸਿੰਘ ਵਾਸੀ ਪਿੰਡ ਮਨਸੂਰਵਾਲ ਖੁਰਦ ਨੇ ਦੱਸਿਆ ਕਿ ਉਨ੍ਹਾਂ ਦਾ ਛੋਟਾ ਲੜਕਾ ਜਸਪ੍ਰੀਤ ਸਿੰਘ (27) ਪੁੱਤਰ ਜਗਜੀਤ ਸਿੰਘ, ਜਿਸ ਦੀ ਸ਼ਾਦੀ ਅਮਨਦੀਪ ਕੌਰ ਵਾਸੀ ਪਿੰਡ ਮਨਸੂਰਵਾਲ ਕਲਾਂ ਜ਼ੀਰਾ ਨਾਲ ਸਾਲ 2018 ਵਿਚ ਹੋਈ ਸੀ। ਉਨ੍ਹਾਂ ਅੱਗੇ ਦੱਸਿਆ ਕਿ ਛੇ ਸੱਤ ਮਹੀਨੇ ਪਹਿਲਾਂ ਅਮਨਦੀਪ ਕੌਰ ਨੇ ਸਾਨੂੰ ਕਿਹਾ ਕਿ ਮੈਂ ਇੰਗਲੈਂਡ ਜਾ ਰਹੀ ਹਾਂ, ਜਿਸਦਾ ਸਾਰਾ ਖਰਚਾ ਮੇਰੇ ਪੇਕੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਤਕਰੀਬਨ ਤਿੰਨ ਮਹੀਨੇ ਪਹਿਲਾਂ ਉਨ੍ਹਾਂ ਦੀ ਨੂੰਹ ਦਾ ਫੋਨ ਉਨ੍ਹਾਂ ਦੇ ਲੜਕੇ ਜਸਪ੍ਰੀਤ ਨੂੰ ਆਇਆ ਕਿ ਉਸਦਾ ਇੰਗਲੈਂਡ ਦਾ ਵੀਜ਼ਾ ਲੱਗ ਗਿਆ ਹੈ ਤੇ ਉਹ ਇੰਗਲੈਂਡ ਚੱਲੀ ਹੈ। ਜਸਪ੍ਰੀਤ ਸਿੰਘ ਨੂੰ ਸ਼ੱਕ ਪੈਣ ’ਤੇ ਉਸਨੇ ਆਪਣੀ ਪਤਨੀ ਨੂੰ ਵਾਰ-ਵਾਰ ਵੀਡੀਓ ਕਾਲ ਕਰਨ ਲਈ ਕਿਹਾ ਪਰ ਅਮਨਦੀਪ ਕੌਰ ਬਹਾਨੇ ਲਾਉਂਦੀ ਰਹੀ। ਜਸਪ੍ਰੀਤ ਸਿੰਘ ਇਸ ਗੱਲ ਤੋਂ ਪ੍ਰੇਸ਼ਾਨ ਰਹਿੰਦਾ ਸੀ ਕਿ ਉਸਦੀ ਪਤਨੀ ਨੇ ਉਸਨੂੰ ਧੋਖੇ ਵਿਚ ਰੱਖਿਆ ਹੈ, ਉਹ ਵਿਦੇਸ਼ ਨਹੀਂ ਗਈ ਜਿਸ ’ਤੇ ਪ੍ਰੇਸ਼ਾਨ ਹੋ ਕੇ ਮਿਤੀ 13 ਫਰਵਰੀ ਨੂੰ ਆਪਣੇ ਘਰ ਦੇ ਕਮਰੇ ਵਿਚ ਪੱਖੇ ਨਾਲ ਲਟਕ ਕੇ ਜਸਪ੍ਰੀਤ ਸਿੰਘ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਸਦਰ ਜ਼ੀਰਾ ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਅਮਨਦੀਪ ਕੌਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।