ਬੀਤੇ ਦਿਨੀਂ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਦਾ ਸਲਾਨਾ ਸਮਾਗਮ ਬਾਬਾ ਕ੍ਰਿਪਾਲ ਸਿੰਘ ਦੀ ਯੋਗ ਅਗਵਾਈ ਹੇਠ ਸਫਲਤਾਪੂਰਵਕ ਸੰਪੰਨ ਹੋਇਆ। ਇਸ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਡਾ. ਯੋਗਿਤਾ ਸ਼ਰਮਾ ਨੇ ਦੱਸਿਆ ਕਿ ਇਸ ਦੌਰਾਨ ਵਿਦਿਆਰਥੀਆਂ ਨੇ ਅਲੱਗ—ਅਲੱਗ ਵਿਸਿ਼ਆਂ ਦੇ 200 ਦੇ ਕਰੀਬ ਵਰਕਿੰਗ ਅਤੇ ਨਾਨ ਵਰਕਿੰਗ ਮਾਡਲ ਬਣਾ ਕੇ ਪ੍ਰਦਰਸ਼ਨੀ ਲਗਾਈ। ਸਾਰੇ ਹੀ ਮਾਡਲ ਵੇਸਟ ਮਟੀਰੀਅਲ ਦੀ ਵਰਤੋਂ ਕਰਕੇ ਬਣਾਏ ਗਏ ਸਨ।ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਿਸਦਾ ਆਏ ਹੋਏ ਮਹਿਮਾਨਾਂ ਨੇ ਖੂਬ ਆਨੰਦ ਮਾਣਿਆ। ਹਾਜ਼ਰੀਨ ਨੇ ਪੰਜਾਬੀ ਵਿਰਸਾ ਜਿਸ ਵਿੱਚ ਮੱਕੀ ਦੀ ਰੋਟੀ ਨਾਲ ਸਰੋਂ ਦਾ ਸਾਗ, ਪੁਰਾਣੇ ਬਰਤਨ, ਫੁਲਕਾਰੀਆਂ, ਮੰਜਾ—ਪੀੜ੍ਹਾ, ਦਾਣਿਆਂ ਨੂੰ ਭੁੰਨਣ ਵਾਲੀ ਭੱਠੀ, ਡਰਮਾ, ਕੁੱਪ, ਮੋਟਰ, ਛੰਨ, ਦੋ ਮੰਜਿਆਂ ਤੇ ਲਗਾਏ ਸਪੀਕਰ, ਪੀਘਾਂ ਆਦਿ ਪੇਸ਼ਕਾਰੀ ਦੀ ਰੱਜ ਕੇ ਤਾਰੀਫ ਕੀਤੀ। ਧਰਮ ਦੇ ਵਿਸ਼ੇ ਨੂੰ ਲੈ ਕੇ ਬੱਚਿਆਂ ਨੇ ਪੈਂਤੀ ਅੱਖਰੀ, ਕਵਿਤਾ, ਏਬੀਸੀ, ਦਸ ਗੁਰੂ, ਪੰਜ ਕਕਾਰ ਆਦਿ ਚਾਰਟ ਤਿਆਰ ਕੀਤੇ ਗਏ। ਇਸ ਸਮਾਗਮ ਵਿੱਚ ਹੋਰਨਾਂ ਤੋਂ ਬਿਨ੍ਹਾਂ ਮੈਨੇਜਰ ਸਰਬਜੀਤ ਸਿੰਘ, ਕਮਲਦੀਪ ਸਿੰਘ ਝਨੇੜੀ, ਹਰਵਿੰਦਰ ਸਿੰਘ ਕਾਕੜਾ, ਰਮਨਦੀਪ ਕੌਰ ਪ੍ਰਿੰਸੀਪਲ ਸੈਂਟ ਥਾਮਸ, ਡਾ .ਮੁਨੀਸ਼ ਮੋਹਨ ਸ਼ਰਮਾ ਪ੍ਰਿੰਸੀਪਲ ਮੈਰੀਟੋਰੀਅਸ ਸਕੂਲ ਘਾਬਦਾ, ਰਮਨਦੀਪ ਕੌਰ ਪ੍ਰਿੰਸੀਪਲ ਮੀਰੀ—ਪੀਰੀ ਵਿਦਿਆਲਿਆ ਜੋਤੀਸਰ, ਰਜਿੰਦਰ ਕੌਰ ਡਾਇਰੈਕਟਰ ਪ੍ਰਿੰਸੀਪਲ ਅਕਾਲ ਕਿੰਡਰਗਾਰਡਨ, ਸਤਵੰਤ ਸਿੰਘ ਸੇਵਾ ਮੁਕਤ ਪ੍ਰਿੰਸੀਪਲ, ਇਕਬਾਲ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਜੱਜਮੈਂਟ ਦੀ ਡਿਊਟੀ ਬਿਕਰਮਜੀਤ ਸਿੰਘ, ਮੰਜੂ ਮੈਡਮ, ਮਨਜਿੰਦਰ, ਰੁਪਿੰਦਰ, ਸੁਖਦੀਪ ਆਦਿ ਅਧਿਆਪਕਾਂ ਵੱਲੋਂ ਬਾਖੂਬੀ ਨਿਭਾਈ ਗਈ। ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਧਰਮ ਅਤੇ ਸਿੱਖਿਆ ਦੇ ਨਾਲ ਜੁੜ ਕੇ ਰਹਿਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਆਪਣੀ ਜਿੰਦਗੀ ਨੂੰ ਸਫਲ ਬਣਾ ਸਕਣ। ਪ੍ਰੋਗਰਾਮ ਦੇ ਅੰਤ ਵਿੱਚ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।