ਪੰਜਾਬ ਸਰਕਾਰ ਵੱਲੋਂ “ਉਡਾਰੀਆਂ”-ਬਾਲ ਵਿਕਾਸ ਮੇਲਾ ਹਫਤਾ ਸੂਬੇ ਭਰ ਦੇ ਪਿੰਡਾਂ ਦੇ ਆਂਗਣਵਾੜੀ ਸੈਂਟਰਾਂ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਬਾਰੇ ਮੰਤਰੀ ਡਾ.ਬਲਜੀਤ ਕੌਰ ਦੇ ਵਿਸ਼ੇਸ ਸੰਦੇਸ਼ ਨਾਲ ਅੱਜ ਸੂਬੇ ਦੀਆਂ ਸਾਰੀਆਂ ਆਂਗਣਵਾੜੀਆਂ ਵਿੱਚ ਬਾਲ ਵਿਕਾਸ ਮੇਲੇ ਦੀਆਂ ਗਤੀਵਿਧੀਆਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਂਗਣਵਾੜੀ ਕੇਂਦਰਾਂ ਨਾਲ ਜੁੜੇ ਸਾਰੇ ਬੱਚਿਆਂ ਦੇ ਸੰਪੂਰਨ ਵਿਕਾਸ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸ ਦੀ ਸਫ਼ਲਤਾ ਲਈ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਰਾਹੀਂ ਕਈ ਪ੍ਰੋਗਰਾਮਾਂ ਜਿਵੇਂ ਕਿ ਪ੍ਰੀ-ਸਕੂਲ ਸੇਵਾਵਾਂ, ਪੋਸ਼ਣ ਅਭਿਆਨ, ਡਿਜੀਟਲ ਪੇਰੈਂਟ ਮਾਰਗਦਰਸ਼ਕ ਪ੍ਰੋਗਰਾਮ ਆਦਿ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਡਾ.ਬਲਜੀਤ ਕੌਰ ਨੇ ਦੱਸਿਆ ਕਿ ਇਹ ਮੇਲਾ ਨਾ ਸਿਰਫ਼ ਮਾਪਿਆਂ ਨੂੰ ਸਗੋਂ ਪੂਰੇ ਪਿੰਡ ਨੂੰ ਬਾਲ ਵਿਕਾਸ ਲਈ ਵਚਨਬੱਧ ਕਰਨ ਦਾ ਇੱਕ ਵਧੀਆ ਮੌਕਾ ਹੈ, ਜਿਸ ਨਾਲ ਭਵਿੱਖ ਵਿੱਚ ਬੱਚਿਆਂ ਲਈ ਸਕਾਰਾਤਮਕ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਬੱਚਿਆਂ ਦੇ ਵਿਕਾਸ ਲਈ ਉਹਨਾਂ ਦੇ ਪੋਸ਼ਣ, ਖੇਲ-ਅਧਾਰਿਤ ਸਿਖਲਾਈ, ਬਚਾਅ ਸੁਰੱਖਿਆ ਅਤੇ ਸਰੋਤ, ਸਕਾਰਾਤਮਕ ਪਾਲਣ ਪੋਸ਼ਣ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ।
ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪੰਜਾਬ ਦੇ ਸਾਰੇ ਆਂਗਣਵਾੜੀ ਕੇਂਦਰਾਂ ਵਿੱਚ “ਉਡਾਰੀਆਂ – ਬਾਲ ਵਿਕਾਸ ਮੇਲਾ” ਨੂੰ ਸਫਲ ਬਣਾਉਣ ਲਈ ਯੋਗ ਉਪਰਾਲੇ ਕਰਨੇ ਯਕੀਨੀ ਬਣਾਏ ਜਾਣ।