ਫਗਵਾੜਾ 28 ਜੁਲਾਈ (ਸ਼ਿਵ ਕੋੜਾ) ਸਥਾਨਕ ਸਰਾਏ ਰੋਡ ਤੇ ਕਾਫੀ ਲੰਮੇ ਸਮੇਂ ਤੋਂ ਟਰੈਫਿਕ ਸਬੰਧੀ ਲੋਕਾਂ ਨੂੰ ਪੇਸ਼ ਆ ਰਹੀ ਮੁਸ਼ਕਲ ਅਤੇ ਫਲਾਈ ਓਵਰ ਦੇ ਹੇਠਾਂ ਹੋਏ ਨਜਾਇਜ ਕਬਜਿਆਂ ਦਾ ਜਾਇਜਾ ਲੈਣ ਲਈ ਏਡੀਸੀ ਕਮ ਨਿਗਮ ਕਮਿਸ਼ਨਰ ਡਾ. ਨਯਨ ਜੱਸਲ ਸਮੇਤ ਕਾਰਪੋਰੇਸ਼ਨ ਦੇ ਅਮਲੇ ਨੂੰ ਲੈ ਕੇ ਸਾਬਕਾ ਕੈਬਿਨੇਟ ਮੰਤਰੀ ਅਤੇ ਆਪ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਦੇ ਸਪੁੱਤਰ ਹਰਨੂਰ ਮਾਨ ਨੇ ਇਲਾਕੇ ਦਾ ਦੌਰਾ ਕੀਤਾ। ਉਹਨਾਂ ਦੇ ਨਾਲ ਸੀਨੀਅਰ ਆਪ ਆਗੂ ਦਲਜੀਤ ਸਿੰਘ ਰਾਜੂ, ਯੂਥ ਆਗੂ ਵਰੁਣ ਬੰਗੜ ਚੱਕ ਹਕੀਮ ਤੇ ਹੋਰ ਪਤਵੰਤੇ ਵੀ ਸਨ। ਇਸ ਦੌਰਾਨ ਰਾਹਗੀਰਾਂ ਤੇ ਇਲਾਕੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਕ ਸਾਈਡ ਰਸਤਾ ਬੰਦ ਹੋਣ ਅਤੇ ਨਜਾਇਜ ਕਬਜਿਆਂ ਨਾਲ ਇੱਥੇ ਟਰੈਫਿਕ ਦੀ ਵੱਡੀ ਸਮੱਸਿਆ ਰਹਿੰਦੀ ਹੈ। ਵਾਹਨਾਂ ਦੇ ਜਾਮ ਵਿਚੋਂ ਲੰਘਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਕਈ ਵਾਰ ਸਬੰਧਤ ਅਧਿਕਾਰੀਆਂ ਨੂੰ ਦੱਸਿਆ ਜਾ ਚੁੱਕਾ ਹੈ ਪਰ ਉਹਨਾਂ ਨੂੰ ਹੁਣ ਤੱਕ ਰਾਹਤ ਨਹੀਂ ਮਿਲੀ ਹੈ। ਨਿਗਮ ਕਮਿਸ਼ਨਰ ਡਾ. ਜੱਸਲ ਨੇ ਮੌਕੇ ਦਾ ਮੁਆਇਨਾ ਕਰਕੇ ਫਲਾਈ ਓਵਰ ਹੇਠਾਂ ਹੋਏ ਨਾਜਾਇਜ਼ ਕਬਜਿਆਂ ਨੂੰ ਹਟਾਉਣ ਅਤੇ ਬੰਦ ਪਏ ਰਸਤੇ ਨੂੰ ਚਾਲੂ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਹਰਨੂਰ ਮਾਨ ਅਤੇ ਦਲਜੀਤ ਰਾਜੂ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਕਿਸੇ ਤਰ੍ਹਾਂ ਦਾ ਗੈਰ ਕਾਨੂੰਨੀ ਕੰਮ ਨਹੀਂ ਹੋਣ ਦੇਵੇਗੀ। ਬੇਸ਼ਕ ਨਜਾਇਜ ਕਬਜੇ ਹੀ ਕਿਉਂ ਨਾ ਹੋਣ। ਉਹਨਾਂ ਕਿਹਾ ਕਿ ਲੋਕਾਂ ਦੀ ਸਹੂਲਤ ‘ਚ ਕੋਈ ਰੁਕਾਵਟ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਹਰਮੇਸ਼ ਪਾਠਕ, ਰਣਜੀਤ ਪਾਲ ਪਾਬਲਾ ਤੋਂ ਇਲਾਵਾ ਰਾਜਿੰਦਰ ਚੋਪੜਾ ਐਸ.ਸੀ, ਕੇ.ਜੀ ਬੱਬਰ ਐਕਸ.ਈ.ਐਨ, ਕੰਵਰਪਾਲ ਸਿੰਘ ਜੇ.ਈ, ਸਨੀ ਗੁਪਤਾ ਆਦਿ ਵੀ ਹਾਜਰ ਸਨ।