ਅੱਜ ਦੁਪਹਿਰ ਸਮੇਂ ਸੁਨਾਮ-ਮਾਨਸਾ ਸੜਕ ’ਤੇ ਇਕ ਕੈਂਟਰ ਦੇ ਖੜੀ ਕਾਰ ’ਚ ਵੱਜਣ ਕਾਰਨ ਇਕ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਅਤੇ ਪਿੱਕਅਪ ਦੇ ਪਲਟ ਜਾਣ ਦੀ ਖ਼ਬਰ ਹੈ। ਮੌਕੇ ’ਤੇ ਪਹੁੰਚੇ ਪੁਲਿਸ ਥਾਣਾ ਸ਼ਹਿਰੀ ਸੁਨਾਮ ਦੇ ਐਸ.ਐਚ.ਓ.ਇੰਸਪੈਕਟਰ ਸੁਖਦੇਵ ਸਿੰਘ ਅਤੇ ਸਹਾਇਕ ਥਾਣੇਦਾਰ ਸੱਤ ਪ੍ਰਕਾਸ਼ ਨੇ ਦੱਸਿਆ ਕਿ ਮੁਕੇਸ਼ ਕਾਂਸਲ ਪੁੱਤਰ ਹਰੀ ਰਾਮ ਵਾਸੀ ਸੁਨਾਮ ਤਾਜ ਪੈਲੇਸ ਦੇ ਸਾਹਮਣੇ ਆਪਣੀ ਉਸਾਰੀ ਅਧੀਨ ਫੈਕਟਰੀ ਦੀ ਕਾਰ ਵਿਚ ਬੈਠਾ ਨਿਗਰਾਨੀ ਕਰ ਰਿਹਾ ਸੀ ਕਿ ਸੰਗਰੂਰ ਤੋਂ ਮਾਨਸਾ ਜਾ ਰਿਹਾ ਆਕਸੀਜਨ ਗੈਸ ਦਾ ਭਰਿਆ ਇਕ ਪਿੱਕਅਪ ਸੜਕ ਕਿਨਾਰੇ ਖੜੀ ਕਾਰ ’ਚ ਜ਼ਬਰਦਸਤ ਟੱਕਰ ਮਾਰ ਕੇ ਪਲਟ ਗਿਆ, ਜਿਸ ਕਾਰਨ ਕਾਰ ’ਚ ਬੈਠਾ ਮੁਕੇਸ਼ ਕਾਂਸਲ ਗੰਭੀਰ ਜ਼ਖ਼ਮੀ ਹੋ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਪਿੱਕਅਪ ਚਾਲਕ ਕਾਲਾ ਸਿੰਘ ਵਾਸੀ ਮਾਨਸਾ ਨੂੰ ਹਿਰਾਸਤ ਵਿਚ ਲੈ ਕੇ ਮਾਮਲੇ ਦੀ ਪੜ੍ਹਤਾਲ ਕੀਤੀ ਜਾ ਰਹੀ ਹੈ ਅਤੇ ਜਾਂਚ ਦੋਰਾਨ ਜੋ ਵੀ ਗੱਲ ਸਾਹਮਣੇ ਆਵੇਗੀ ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉੱਧਰ ਜ਼ਖ਼ਮੀ ਮੁਕੇਸ਼ ਕਾਂਸਲ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਨਾਮ ਲਿਜਾਇਆ ਗਿਆ ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਇਲਾਜ ਲਈ ਸੰਗਰੂਰ ਭੇਜ ਦਿੱਤਾ ਗਿਆ।