Home » ਦੁਕਾਨ ’ਚ ਲੱਗੀ ਲਿਫਟ ਦੀ ਲਪੇਟ ’ਚ ਆ ਜਾਣ ਕਾਰਨ ਨਾਬਾਲਗ ਬੱਚੇ ਦੀ ਮੌਤ

ਦੁਕਾਨ ’ਚ ਲੱਗੀ ਲਿਫਟ ਦੀ ਲਪੇਟ ’ਚ ਆ ਜਾਣ ਕਾਰਨ ਨਾਬਾਲਗ ਬੱਚੇ ਦੀ ਮੌਤ

by Rakha Prabh
145 views

ਦੁਕਾਨ ’ਚ ਲੱਗੀ ਲਿਫਟ ਦੀ ਲਪੇਟ ’ਚ ਆ ਜਾਣ ਕਾਰਨ ਨਾਬਾਲਗ ਬੱਚੇ ਦੀ ਮੌਤ
ਭਵਾਨੀਗੜ੍ਹ, 22 ਅਕਤੂਬਰ : ਇੱਥੇ ਇੱਕ ਦੁਕਾਨ ’ਚ ਲੱਗੀ ਲਿਫਟ ਦੀ ਲਪੇਟ ’ਚ ਆ ਜਾਣ ਕਾਰਨ ਲਗਭਗ 16 ਵਰ੍ਹਿਆਂ ਦੇ ਬੱਚੇ ਦੀ ਮੌਤ ਹੋ ਗਈ। ਮਿ੍ਰਤਕ ਬੱਚਾ ਦੁਕਾਨ ’ਤੇ ਹੀ ਕੰਮ ਕਰਦਾ ਸੀ। ਦੁਕਾਨਦਾਰ ਨੂੰ ਜਦੋਂ ਹਾਦਸੇ ਸਬੰਧੀ ਪਤਾ ਲੱਗਾ ਤਾਂ ਬੱਚੇ ਨੂੰ ਤੁਰੰਤ ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਸੰਗਰੂਰ ਲਿਜਾਂਦਾ ਗਿਆ ਪਰ ਉਦੋ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ।

ਜਾਣਕਾਰੀ ਦਿੰਦਿਆਂ ਸ਼ਹਿਰ ਦੇ ਬਲਿਆਲ ਕੱਟ ਸਾਹਮਣੇ ਸਥਿਤ ਇੱਕ ਕਰਿਆਨਾ ਦੁਕਾਨ ਦੇ ਮਾਲਕ ਅਮਿਤ ਕੁਮਾਰ ਨੇ ਦੱਸਿਆ ਕਿ ਕਰਨਵੀਰ ਸਿੰਘ (16) ਵਾਸੀ ਭਵਾਨੀਗੜ੍ਹ ਲਗਭਗ 6 ਮਹੀਨੇ ਪਹਿਲਾਂ ਉਸ ਦੀ ਦੁਕਾਨ ’ਤੇ ਕੰਮ ’ਤੇ ਲੱਗਿਆ ਸੀ। ਦੀਵਾਲੀ ਦਾ ਤਿਓਹਾਰ ਨੇੜੇ ਹੋਣ ਕਾਰਨ ਅੱਜ ਦੁਕਾਨ ’ਤੇ ਕਾਫੀ ਭੀੜ ਸੀ ਅਤੇ ਇਸ ਦੌਰਾਨ ਕਰਨਵੀਰ ਸਿੰਘ ਅਚਾਨਕ ਲਿਫਟ ’ਚ ਚਲਾ ਗਿਆ ਅਤੇ ਲਿਫਟ ਨੂੰ ਚਲਾਉਣ ਲੱਗਾ। ਇਸ ਦੌਰਾਨ ਉਸ ਦਾ ਸਿਰ ਲਿਫਟ ਦੇ ਗੇਟ ’ਚ ਫਸ ਗਿਆ।

ਦੁਕਾਨਦਾਰ ਨੇ ਦੱਸਿਆ ਕਿ ਰੋਲਾ ਸੁਣ ਕੇ ਜਦੋਂ ਉਹ ਲਿਫਟ ਕੋਲ ਪਹੁੰਚਿਆ, ਭਿਆਨਕ ਹਾਦਸਾ ਵਾਪਰ ਚੁੱਕਿਆ ਸੀ। ਬੱਚੇ ਨੂੰ ਭਾਰੀ ਜਦੋ-ਜਹਿਦ ਮਗਰੋਂ ਲਿਫਟ ’ਚੋਂ ਬਾਹਰ ਕੱਢਿਆ ਗਿਆ, ਜਿਸ ਤੋਂ ਬਾਅਦ ਤੁਰੰਤ ਐਂਬੂਲੈਂਸ ਨੂੰ ਸੂਚਿਤ ਕੀਤਾ ਗਿਆ ਅਤੇ ਉਹ ਬੱਚੇ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲੈ ਕੇ ਪਹੁੰਚੇ ਜਿੱਥੇ ਡਾਕਟਰਾਂ ਨੇ ਉਸਨੂੰ ਮਿ੍ਰਤਕ ਐਲਾਨ ਦਿੱਤਾ। ਓਧਰ, ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਥਾਣਾ ਮੁਖੀ ਭਵਾਨੀਗੜ੍ਹ ਨੇ ਕਿਹਾ ਕਿ ਘਟਨਾ ਸਬੰਧੀ ਦੇਰ ਸ਼ਾਮ ਸੂਚਨਾ ਮਿਲੀ ਹੈ। ਪੁਲਿਸ ਵੱਲੋਂ ਮਿ੍ਰਤਕ ਦੇ ਵਾਰਸਾਂ ਦੇ ਬਿਆਨਾ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

Related Articles

Leave a Comment