ਜੇਲ੍ਹ ਮੰਤਰੀ ਨੇ ਕੇਂਦਰੀ ਜੇਲ੍ਹ ’ਚ ਮਾਰਿਆ ਛਾਪਾ, ਬੋਲੇ ਇਸ ਤਕਨੀਕ ਨਾਲ ਬੰਦ ਹੋਵੇਗੀ ਜੇਲ੍ਹਾਂ ’ਚ ਹੁੰਦੀ ਤਸਕਰੀ
ਅੰਮ੍ਰਿਤਸਰ, 21 ਅਕਤੂਬਰ : ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੰਮ੍ਰਿਤਸਰ ਕੇਂਦਰੀ ਜੇਲ੍ਹ ’ਚ ਅਚਨਚੇਤ ਛਾਪਾ ਮਾਰਕੇ ਜਿੱਥੇ ਜੇਲ੍ਹ ਪ੍ਰਬੰਧਨ ਦੀ ਸਮੀਖਿਆ ਕੀਤੀ, ਉਥੇ ਕੈਦੀਆਂ ਨਾਲ ਗੱਲਬਾਤ ਕਰਕੇ ਜੇਲ੍ਹ ’ਚ ਕੀਤੇ ਜਾਂਦੇ ਵਿਹਾਰ ਦੇ ਵੇਰਵੇ ਲਏ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਨ੍ਹਾਂ ਦੱਸਿਆ ਕਿ ਜੇਲ੍ਹ ਮੰਤਰੀ ਬਣਨ ਦੇ 6 ਮਹੀਨਿਆਂ ਦੌਰਾਨ ਜੇਲ੍ਹ ਸੁਧਾਰ ਲਈ ਕੀਤੇ ਗਏ ਯਤਨਾਂ ਸਦਕਾ ਹੁਣ ਤੱਕ 3600 ਦੇ ਕਰੀਬ ਮੋਬਾਈਲ ਫੋਨ ਜੇਲ੍ਹਾਂ ’ਚੋਂ ਬਰਾਮਦ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਹਰੇਕ ਜੇਲ੍ਹ ’ਚ ਬਾਡੀ ਸਕੈਨਰ ਨਾਲ ਕੈਦੀਆਂ ਦੀ ਤਲਾਸ਼ੀ ਸ਼ੁਰੂ ਹੋ ਜਾਵੇਗੀ ਅਤੇ ਅਤਿ ਸੁਰੱਖਿਅਤ ਸੈਲ ਜਿੱਥੇ ਗੈਂਗਸਟਰ ਕੈਦ ਹਨ, ਦੇ ਹਿੱਸੇ ਉਪਰ ਲੋਹੇ ਦੀ ਜਾਅਲੀ ਲਗਾਈ ਜਾਵੇਗੀ, ਤਾਂ ਜੋ ਕੋਈ ਮੋਬਾਇਲ ਜਾਂ ਹੋਰ ਸਮਾਨ ਬਾਹਰੋਂ ਨਾ ਆ ਸਕੇ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਗੈਂਗਸਟਰਾਂ ਦੀ ਰੋਜ਼ਾਨਾ ਦੋ ਵਾਰ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਤਲਾਸ਼ੀ ਲੈਣ ਵਾਲੀ ਟੀਮ ਨੂੰ ਵੀ ਲਗਾਤਾਰ ਬਦਲਿਆ ਜਾ ਰਿਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਪੰਜਾਬ ਦੀ ਇੱਛਾ ਅਨੁਸਾਰ ਨਿਕਟ ਭਵਿਖ ’ਚ ਪੰਜਾਬ ਦੀਆਂ ਜੇਲ੍ਹਾਂ ਮੋਬਾਈਲ ਅਤੇ ਨਸ਼ਾ ਮੁਕਤ ਹੋਣਗੀਆਂ।
ਉਨ੍ਹਾਂ ਕਿਹਾ ਕਿ ਜੇਲ੍ਹਾਂ ਨੂੰ ਸੁਧਾਰ ਘਰ ਵਜੋਂ ਤਿਆਰ ਕੀਤਾ ਜਾ ਰਿਹਾ ਹੈ, ਜਿਸ ਕੋਸ਼ਿਸ਼ ਵਜੋਂ ਚੰਗੇ ਆਚਰਣ ਵਾਲੇ ਕੈਦੀਆਂ ਨੂੰ ਪਰਿਵਾਰਕ ਮਿਲਣੀ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਬੈਂਸ ਨੇ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਕਿ ਕੈਦੀਆਂ ਨੂੰ ਹੁਨਰਮੰਦ ਅਤੇ ਸਿਹਤਮੰਦ ਬਣਾਕੇ ਘਰਾਂ ਨੂੰ ਭੇਜੀਏ। ਉਨ੍ਹਾਂ ਦੱਸਿਆ ਕਿ ਇਸ ਕੋਸ਼ਿਸ਼ ਸਦਕਾ ਹੀ ਅੰਮ੍ਰਿਤਸਰ ਜੇਲ੍ਹ ’ਚ ਸਾਰੇ ਕੈਦੀ ਜੇਲ੍ਹ ਨੂੰ ਰੰਗ ਕਰ ਰਹੇ ਹਨ।
ਉਨ੍ਹਾਂ ਕਿਹਾ ਹੁਣ ਸਾਡੀਆਂ ਜੇਲ੍ਹਾਂ ’ਚ ਮੁਖਤਾਰ ਅੰਸਾਰੀ ਵਰਗੇ ਅਪਰਾਧੀ ਲੋਕ ਆਪਣੀ ਤਾਕਤ ਨਾਲ ਐਸ਼ ਨਹੀਂ ਕਰ ਸਕਦੇ, ਬਲਕਿ ਚੰਗੇ ਆਚਰਨ ਵਾਲੇ ਕੈਦੀਆਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੇਲ੍ਹ ਸੁਧਾਰ ’ਚ ਅੜਿੱਕਾ ਬਣਨ ਵਾਲੇ ਚਾਹੇ ਸਾਡਾ ਅਧਿਕਾਰੀ ਹੋਵੇ, ਰਾਜਸੀ ਵਿਅਕਤੀ ਹੋਵੇ ਜਾਂ ਸਾਡੇ ਕੋਈ ਹੋਰ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਬੈਂਸ ਨੇ ਜੇਲ੍ਹਾਂ ’ਚ ਬੰਦ ਗੈਂਗਸਟਰਾਂ ਅਤੇ ਹੋਰ ਅਪਰਾਧੀ ਬਿਰਤੀ ਵਾਲੇ ਲੋਕਾਂ ਨੂੰ ਸਾਂਭਣ ਲਈ ਜੇਲ੍ਹ ਸਟਾਫ ਵੱਲੋਂ ਦਿੱਤੀ ਜਾ ਰਹੀ ਡਿਊਟੀ ਦੀ ਸਰਾਹਨਾ ਕਰਦੇ ਚੰਗੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਪਿੱਠ ਥਾਪੜੀ।
ਉਨ੍ਹਾਂ ਦੱਸਿਆ ਕਿ ਸਟਾਫ ਦੀ ਕਮੀ ਪੂਰੀ ਕਰਨ ਲਈ 800 ਜੇਲ੍ਹ ਵਾਰਡਨ ਦੀ ਸਿਖਲਾਈ ਚੱਲ ਰਹੀ ਹੈ ਅਤੇ 800 ਹੋਰ ਵਾਰਡਨ ਦੀ ਭਰਤੀ ਛੇਤੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੌਕੇ ਜੇਲ੍ਹ ਸੁਪਰਡੈਂਟ ਸੁਰਿੰਦਰ ਸਿੰਘ ਅਤੇ ਡਿਪਟੀ ਜੇਲ੍ਹ ਸੁਪਰਡੈਂਟ ਜੈਦੀਪ ਸਿੰਘ ਅਤੇ ਰਾਜਾ ਨਵਦੀਪ ਸਿੰਘ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਉਨ੍ਹਾਂ ਅੰਮ੍ਰਿਤਸਰ ਜੇਲ੍ਹ ’ਚ ਕੰਧ ਤੋਂ ਪਾਰ ਸੁੱਟੇ ਗਏ ਲਿਫਾਫੇ ਵਿਖਾਉਂਦੇ ਦੱਸਿਆ ਕਿ ਇਸ ਤਰ੍ਹਾਂ ਜੇਲ੍ਹ ’ਚ ਮੋਬਾਈਲ ਅਤੇ ਨਸ਼ਾ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਛੇਤੀ ਹੀ ਜੇਲਾਂ ’ਚ ਆਰਐਫ ਤਕਨਾਲੋਜੀ, ਜੋ ਕਿ ਮੋਬਾਈਲ ਨੈਟਵਰਕ ਜਾਮ ਕਰਨ ਵਾਲੀ ਦੁਨੀਆ ਦੀ ਅਤਿ ਆਧੁਨਿਕ ਤਕਨੀਕ ਹੈ, ਦੀ ਵਰਤੋਂ ਕਰਨ ਜਾ ਰਹੇ ਹਾਂ, ਜਿਸ ਨਾਲ ਜੇਲ੍ਹ ’ਚੋਂ ਮੋਬਾਈਲ ਦੀ ਵਰਤੋਂ ਪੂਰਨ ਰੂਪ ਵਿੱਚ ਬੰਦ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਤਕਨੀਕ ਵਰਤਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ।
ਜੇਲ੍ਹ ਮੰਤਰੀ ਬੈਂਸ ਨੇ ਦੱਸਿਆ ਕਿ ਸਾਡੇ ਵੱਲੋਂ ਹਰੇਕ ਜੇਲ੍ਹ ਦੇ ਕਰਵਾਏ ਸਰਵੇਖਣ ਅਨੁਸਾਰ 33000 ਦੇ ਕਰੀਬ ਕੈਦੀਆਂ ’ਚੋਂ 46 ਫੀਸਦੀ ਨਸ਼ੇ ਦੇ ਆਦੀ ਹਨ, ਜਿਨ੍ਹਾਂ ’ਚੋਂ ਸਵੈ ਇੱਛਾ ਨਾਲ ਨਸ਼ਾ ਛੱਡਣ ਦੇ ਚਾਹਵਾਨਾਂ ਦੀ ਗਿਣਤੀ ਭਾਵੇਂ ਨਾਂਹ ਦੇ ਬਰਾਬਰ ਹੈ, ਪਰ ਅਸੀਂ ਇਸ ਕੰਮ ਨੂੰ ਮਿਸ਼ਨ ਵਜੋਂ ਸ਼ੁਰੂ ਕਰ ਦਿੱਤਾ ਹੈ।