ਤੇਜ਼ ਰਫਤਾਰੀ ਦੇ ਚਲਦੇ ਹੋਏ ਵੱਖ ਵੱਖ ਸੜਕ ਹਾਦਸੇ, ਕਈਆਂ ਦੀ ਮੌਤ
ਲੁਧਿਆਣਾ, 20 ਅਕਤੂਬਰ : ਵ੍ਹੀਕਲਾਂ ਦੀ ਤੇਜ਼ ਰਫ਼ਤਾਰ ਅਤੇ ਵ੍ਹੀਕਲ ਚਾਲਕਾਂ ਦੀ ਲਾਪ੍ਰਵਾਹੀ ਦੇ ਚਲਦੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ’ਚ 3 ਵਿਅਕਤੀਆਂ ਦੀ ਮੌਤ ਹੋ ਗਈ।
ਥਾਣਾ ਡੇਹਲੋਂ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਭਾਈ ਹਿੰਮਤ ਸਿੰਘ ਨਗਰ ਦੇ ਵਾਸੀ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਅਜੀਤ ਸਿੰਘ (76) ਆਪਣੇ ਸਾਈਕਲ ’ਤੇ ਸਵਾਰ ਹੋ ਕੇ ਘਰ ਵਾਪਸ ਆ ਰਹੇ ਸਨ। ਜਿਸ ਤਰ੍ਹਾਂ ਹੀ ਉਹ ਗੁਰਦੁਆਰਾ ਆਲਮਗੀਰ ਸਾਹਿਬ ਵੱਲ ਮੁੜਨ ਲੱਗੇ ਤਾਂ ਪਿੱਛੋਂ ਤੇਜ਼ ਰਫ਼ਤਾਰੀ ਨਾਲ ਆ ਰਹੀ ਮਹਿੰਦਰਾ ਪਿਕਅੱਪ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਗੰਭੀਰ ਰੂਪ ’ਚ ਜ਼ਖ਼ਮੀ ਹੋਏ ਬਜੁਰਗ ਅਜੀਤ ਸਿੰਘ ਨੂੰ ਹਸਪਤਾਲ ਲਿਜਾਂਦਾ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਇਸ ਤੋਂ ਇਲਾਵਾ ਇਕ ਹਾਦਸਾ ਸ਼ੇਰਪੁਰ ਚੌਂਕ ਡਾਬਾ ਰੋਡ ’ਤੇ ਵਾਪਰਿਆ ਜਿਸ ਸਬੰਧੀ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਗੁਰੂ ਗੋਬਿੰਦ ਸਿੰਘ ਨਗਰ ਵਾਸੀ ਸੰਜੇ ਨੇ ਦੱਸਿਆ ਕਿ ਉਸ ਦੇ ਚਾਚਾ ਰਾਮ ਚੰਦਰ (30) ਰਾਤ ਲਗਭਗ 8 ਵਜੇ ਡਾਬਾ ਚੌਕ ਵਾਲੀ ਸੜਕ ਕਰਾਸ ਕਰ ਰਹੇ ਸਨ। ਇਸੇ ਦੌਰਾਨ ਇੱਕ ਤੇਜ ਰਫਤਾਰ ਸਪਲੈਂਡਰ ਮੋਟਰਸਾਈਕਲ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਗੰਭੀਰ ਸੱਟਾਂ ਲੱਗਣ ਕਾਰਨ ਉਹ ਬੇਸੁੱਧ ਹੋ ਗਏ। ਰਾਹਗੀਰਾਂ ਨੇ ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਦਾਖਲ ਕਰਵਾਇਆ, ਜਿਥੋਂ ਰਾਮ ਚੰਦਰ ਨੂੰ ਪੀਜੀਆਈ ਰੈਫਰ ਕਰ ਦਿੱਤਾ। ਗੰਭੀਰ ਰੂਪ ’ਚ ਜ਼ਖ਼ਮੀ ਹੋਏ ਰਾਮਚੰਦਰ ਨੇ ਹਸਪਤਾਲ ’ਚ ਦਮ ਤੋੜ ਦਿੱਤਾ।
ਇਸ ਤੋਂ ਇਲਾਵਾ ਇਕ ਹੋਰ ਸੜਕ ਹਾਦਸੇ ’ਚ ਇਕ ਨੌਜਵਾਨ ਦੀ ਮੌਤ ਹੋ ਗਈ। ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸੂਚਨਾ ਦਿੰਦਿਆਂ ਢੰਡਾਰੀ ਖੁਰਦ ਦੇ ਰਹਿਣ ਵਾਲੇ ਰਮੇਸ਼ਵਰ ਰਾਮ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਰਣਧੀਰ ਕੁਮਾਰ (23) ਸ਼ਾਮ ਸਮੇਂ ਆਪਣੇ ਚਾਚੇ ਗੋਪਾਲ ਰਾਮ ਦੇ ਘਰ ਢੰਡਾਰੀ ਕਲਾਂ ਗਿਆ ਸੀ। ਢੰਡਾਰੀ ਪੁਲ ਕਰਾਸ ਕਰਦੇ ਸਮੇਂ ਇਕ ਅਣਪਛਾਤੇ ਵਾਹਨ ਨੇ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਗੰਭੀਰ ਰੂਪ ’ਚ ਜ਼ਖ਼ਮੀ ਹੋਏ ਰਣਧੀਰ ਕੁਮਾਰ ਨੇ ਓਸਵਾਲ ਹਸਪਤਾਲ ’ਚ ਦਮ ਤੋੜ ਦਿੱਤਾ। ਇਨ੍ਹਾਂ ਤਿੰਨਾਂ ਮਾਮਲਿਆਂ ’ਚ ਹਾਦਸਿਆਂ ਤੋਂ ਬਾਅਦ ਵਿਅਕਤੀ ਵ੍ਹੀਕਲਾਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ। ਥਾਣਾ ਡੇਹਲੋਂ, ਥਾਣਾ ਸਾਹਨੇਵਾਲ ਅਤੇ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲੇ ਦਰਜ ਕਰ ਲਏ ਹਨ।