ਚੰਡੀਗੜ੍ਹ, 22 ਜੁਲਾਈ, 2023: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਮਨੀਪੁਰ ਵਿਖੇ ਤਿੰਨ ਮਈ ਤੋਂ ਜਾਰੀ ਕਤਲਾਂ ਅਤੇ ਬਲਾਤਕਾਰਾਂ ਖ਼ਿਲਾਫ਼ ਸਖ਼ਤ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਮਾਰਚ ਵਿੱਚ ਭਾਜਪਾ ਦੀ ਸਰਕਾਰ ਬਣੀ ਅਤੇ ਤੁਰੰਤ ਹੀ ਲੋਕਾਂ ਨੂੰ ਲੜਾਉਣ ਲਈ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਕਬੀਲੇ ਦਾ ਦਰਜਾ ਦੇ ਦਿੱਤਾ ਗਿਆ। ਕੁੱਕੀਆਂ ਨੇ ਇਸ ਖ਼ਿਲਾਫ਼ ‘ਕਬਾਇਲੀ ਇੱਕਜੁੱਟਤਾ ਮੁਜ਼ਾਹਰਾ’ ਕੀਤਾ। ਇਸ ਮੁਜ਼ਾਹਰੇ ਦੌਰਾਨ, ਸਰਕਾਰ ਨੇ ਪੂਰੀ ਸਾਜ਼ਿਸ਼ ਨਾਲ ਉਸੇ ਤਰਾਂ ਹਿੰਸਾ ਭੜਕਾਈ ਜਿਵੇਂ ਕਿਸਾਨਾਂ ਦੇ ਦਿੱਲੀ ਮੋਰਚੇ ਵੇਲੇ 26 ਜਨਵਰੀ ਨੂੰ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮਨੀਪੁਰ ਵਿੱਚ ਮੈਤੇਈ ਭਾਈਚਾਰੇ ਦੀ ਆਬਾਦੀ 55% , ਕੁੱਕੀ 35% ਅਤੇ ਨਾਗਾ 10% ਹਨ। ਨਾਗਾ ਵਸੋਂ ਦਾ 80% ਪਹਾੜੀਆਂ ਤੇ ਰਹਿੰਦਾ ਹੈ। ਇਹਨਾਂ ਪਹਾੜੀਆਂ ਹੇਠਾਂ ਤਾਂਬਾ, ਨਿਕਲ ਅਤੇ ਪਲਾਟੀਨਮ ਵਰਗੀਆਂ ਬੇਸ਼ਕੀਮਤੀ ਧਾਤਾਂ ਦਾ ਅਮੁੱਲ ਸਰਮਾਇਆ ਹੈ। ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਕਬੀਲੇ ਦਾ ਦਰਜਾ ਮਿਲਣ ਨਾਲ ਉਹਨਾਂ ਨੂੰ ਪਹਾੜੀ ਖੇਤਰ ਵਿੱਚ ਜ਼ਮੀਨ ਜਾਇਦਾਦ ਖਰੀਦਣ ਦੀ ਖੁੱਲ੍ਹ ਮਿਲ ਜਾਵੇਗੀ। ਇਸ ਤਰਾਂ ਭਾਰਤੀ ਜਨਤਾ ਪਾਰਟੀ, ਲੋਕਾਂ ਦੀਆਂ ਲੋਥਾਂ ਤੋਂ, ਵੋਟਾਂ ਅਤੇ ਖਣਿਜ ਪਦਾਰਥਾਂ ਦੀ ਲੁੱਟ ਦਾ ਦੂਹਰਾ ਫਾਇਦਾ ਖੱਟਣਾ ਚਾਹੁੰਦੀ ਹੈ।
ਆਗੂਆਂ ਨੇ ਕਿਹਾ ਕਿ ਆਰ ਐੱਸ ਐੱਸ ਦੀ ਸਾਜ਼ਿਸ਼ ਦਾ ਇਸ ਗੱਲ ਤੋਂ ਪਤਾ ਲਗਦਾ ਹੈ ਕਿ ਭਾਜਪਾ ਸਰਕਾਰ ਨੇ ਤਿੰਨ ਮਈ ਤੋਂ ਅੱਜ ਤੱਕ ਮੈਤੇਈ ਭਾਈਚਾਰੇ ਨੂੰ ਖੁੱਲ੍ਹ ਦਿੱਤੀ ਹੋਈ ਹੈ ਕਿ ਗੁਜਰਾਤ ਵਾਂਗੂੰ ਆਪਣਾ ਗੁੱਸਾ ਕੱਢ ਲਵੋ। ਉਸ ਦਿਨ ਤੋਂ ਹੀ ਮਨੀਪੁਰ ਅੰਦਰ ਕਤਲਾਂ, ਬਲਾਤਕਾਰਾਂ ਅਤੇ ਅੱਗਜ਼ਨੀ ਦਾ ਦੌਰ ਬੇਖੌਫ਼ ਜਾਰੀ ਹੈ। ਪ੍ਰਧਾਨ ਮੰਤਰੀ ਮੋਦੀ ਨੇ 80 ਦਿਨਾਂ ਤੱਕ ਮੂੰਹ ਬੰਦ ਰੱਖ ਕੇ ਇਸ ਜ਼ੁਲਮ ਨੂੰ ਚੁੱਪ ਸਹਿਮਤੀ ਬਖਸ਼ੀ ਹੈ। ਪ੍ਰਧਾਨ ਮੰਤਰੀ ਦੀ ਜ਼ੁਬਾਨ ਨੂੰ ਉਦੋਂ ਤੱਕ ਤਾਲਾ ਲੱਗਿਆ ਰਿਹਾ ਜਦੋਂ ਤੱਕ ਔਰਤਾਂ ਨੂੰ ਨੰਗੇ ਕਰਕੇ ਘੁਮਾਉਣ ਵਾਲੀ ਵੀਡੀਓ ਵਾਇਰਲ ਨਹੀਂ ਹੋਈ। ਸੁਪਰੀਮ ਕੋਰਟ ਵੱਲੋਂ ਆਪਣੇ ਆਪ ਘਟਨਾ ਦਾ ਨੋਟਿਸ ਲੈਣ ਅਤੇ ਤਿੱਖੀ ਪ੍ਰਤੀਕਿਰਿਆ ਦੇਣ ਮਗਰੋਂ ਹੀ ਪ੍ਰਧਾਨ ਮੰਤਰੀ ਮੋਦੀ ਬੋਲਣ ਲਈ ਮਜ਼ਬੂਰ ਹੋਇਆ ਹੈ।
ਆਗੂਆਂ ਨੇ ਕਿਹਾ ਕਿ ਦੋ ਔਰਤਾਂ ਨੂੰ ਨਗਨ ਘੁਮਾਉਣ ਦੀ ਵੀਡੀਓ ਨੇ ਦੇਸ਼ ਦੇ ਲੋਕਾਂ ਦਾ ਧਿਆਨ ਇੱਧਰ ਖਿੱਚਿਆ ਹੈ ਪਰ ਮਨੀਪੁਰ ਵਿੱਚ ਇਸ ਤਰਾਂ ਦੀਆਂ ਅਨੇਕਾਂ ਘਟਨਾਵਾਂ ਹੋਈਆਂ ਹਨ। ਕੌਮੀ ਮਹਿਲਾ ਕਮਿਸ਼ਨ ਨੇ ਚਾਰ ਮਈ ਦੀ ਇਸ ਵੀਡੀਓ ਬਾਰੇ 18 ਮਈ, 29 ਮਈ ਅਤੇ 19 ਜੂਨ ਨੂੰ ਮਨੀਪੁਰ ਸਰਕਾਰ ਤੋਂ ਸੂਚਨਾ ਮੰਗੀ ਪ੍ਰੰਤੂ ਸਰਕਾਰ ਨੇ ਅੱਜ ਤੱਕ ਕੋਈ ਜਵਾਬ ਨਹੀਂ ਦਿੱਤਾ। ਘਟਨਾ ਤੋਂ ਪਹਿਲਾਂ ਇੱਕ ਹਜ਼ਾਰ ਲੋਕਾਂ ਦੇ ਹਜ਼ੂਮ ਨੇ ਆਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ ਪਿੰਡ ਵਿੱਚ ਲੁੱਟਮਾਰ ਕੀਤੀ ਅਤੇ ਮਕਾਨਾਂ ਨੂੰ ਅੱਗ ਲਾ ਕੇ ਫੂਕ ਦਿੱਤਾ। ਇਸ ਦੇ ਬਾਵਜੂਦ ਸਰਕਾਰ ਨੇ ਸੁਪਰੀਮ ਕੋਰਟ ਵੱਲੋਂ ਨੋਟਿਸ ਲੈਣ ਮਗਰੋਂ ਸਿਰਫ ਚਾਰ ਬੰਦੇ ਗਿਰਫ਼ਤਾਰ ਕੀਤੇ ਹਨ। ਸੋ ਮਨੀਪੁਰ ਵਿੱਚ ਵੋਟਾਂ ਵਾਸਤੇ ਬਹੁਗਿਣਤੀ ਮੈਤੇਈ ਭਾਈਚਾਰੇ ਨੂੰ ਸ਼ਹਿ ਦੇ ਕੇ ਘੱਟ ਗਿਣਤੀਆਂ ਤੇ ਜ਼ੁਲਮ ਕਰਵਾਏ ਜਾ ਰਹੇ ਹਨ ਅਤੇ ਇਹ ਚਿੱਟੇ ਦਿਨ ਵਾਂਗੂੰ ਸਾਫ ਹੋ ਕਿ ਇਹ ਜ਼ੁਲਮ ਮੋਦੀ ਸਰਕਾਰ ਅਤੇ ਆਰ ਐੱਸ ਐੱਸ ਦੀ ਸਿੱਧੀ ਸਰਪ੍ਰਸਤੀ ਹੇਠ ਹੋ ਰਹੇ ਹਨ ਅਤੇ ਰਾਜਕੀ ਮਸ਼ੀਨਰੀ ਕਈ ਥਾਵਾਂ ਤੇ ਖੁਦ ਇਹਨਾਂ ਜ਼ੁਲਮਾਂ ਵਿੱਚ ਸ਼ਾਮਲ ਹੈ ਅਤੇ ਬਾਕੀ ਥਾਵਾਂ ਤੇ ਅਪਰਾਧੀਆਂ ਨੂੰ ਸ਼ਹਿ ਦੇ ਰਹੀ ਹੈ।
ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਦੋਸ਼ੀਆਂ ਦੇ ਕਟਹਿਰੇ ਵਿੱਚ ਖੜ੍ਹੀ ਭਾਜਪਾ ਸਰਕਾਰ ਤੋਂ ਇਨਸਾਫ਼ ਮੰਗਣ ਦੀ ਥਾਂ ਭਾਜਪਾ ਅਤੇ ਆਰ ਐੱਸ ਐੱਸ ਦੀਆਂ ਨੀਤੀਆਂ ਅਤੇ ਸਾਜ਼ਿਸ਼ਾਂ ਖਿਲਾਫ਼ ਲੋਕਾਂ ਦੇ ਜ਼ਬਰਦਸਤ ਏਕੇ ਅਤੇ ਸਖ਼ਤ ਘੋਲ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੇ ਪਿੰਡ ਮੰਡੌੜ ਵਿਖੇ ਮਜ਼ਦੂਰਾਂ ਦੇ ਹਿੱਸੇ ਦੀ ਜ਼ਮੀਨ ਤੇ ਰਸੂਖਵਾਨਾਂ ਵੱਲੋਂ ਡੰਮੀ ਬੋਲੀ ਕਰਵਾ ਕੇ ਕਬਜ਼ਾ ਕਰਨ ਅਤੇ ਮਜ਼ਦੂਰਾਂ ਤੇ ਲਾਠੀਚਾਰਜ ਦੀ ਸਖ਼ਤ ਨਿੰਦਾ ਕੀਤੀ ਅਤੇ ਮੰਗ ਕੀਤੀ ਕਿ ਪੰਚਾਇਤੀ ਜ਼ਮੀਨ ਵਿੱਚੋਂ ਮਜ਼ਦੂਰਾਂ ਨੂੰ ਉਹਨਾਂ ਦਾ ਬਣਦਾ ਹਿੱਸਾ ਰਿਆਇਤੀ ਦਰ ਤੇ ਦਿੱਤਾ ਜਾਵੇ।ਪੰਜਾਬ ਸਰਕਾਰ ਤੋਂ ਹੜ੍ਹ ਪੀੜਤਾਂ ਲਈ ਤੂੜੀ, ਹਰਾ ਚਾਰਾ, ਦਵਾਈਆਂ, ਪਾਣੀ ਅਤੇ ਰਿਹਾਇਸ਼ ਦਾ ਤੁਰੰਤ ਪ੍ਰਬੰਧ ਕਰੇ, ਟੁੱਟੇ ਹੋਏ ਬੰਨ੍ਹ ਠੀਕ ਕਰਵਾਵੇ, ਜ਼ਮੀਨਾਂ ਵਿੱਚ ਖੜ੍ਹੇ ਪਾਣੀ ਦੀ ਨਿਕਾਸੀ ਕਰਵਾਏ, ਹੜਾਂ ਕਾਰਨ ਜ਼ਮੀਨਾਂ ਵਿੱਚ ਭਰੀ ਗਾਰ ਅਤੇ ਮਿੱਟੀ ਚੁਕਵਾਈ ਜਾਵੇ ਅਤੇ ਮਨੁੱਖਾਂ, ਪਸ਼ੂਆਂ ਅਤੇ ਫ਼ਸਲਾਂ ਦੇ ਢੁਕਵੇਂ ਮੁਆਵਜ਼ੇ ਦਾ ਪ੍ਰਬੰਧ ਕਰੇ।