ਪੰਜਾਬ ’ਚ ਰਾਤ ਦੇ ਤਾਪਮਾਨ ’ਚ ਗਿਰਾਵਟ ਕਾਰਨ ਵਧਣ ਲੱਗੀ ਠੰਢ, ਪੜੋ ਪੂਰੀ ਖ਼ਬਰ
ਚੰਡੀਗੜ੍ਹ, 14 ਅਕਤੂਬਰ : ਪੰਜਾਬ ਦੇ ਮੌਸਮ ਦਾ ਰੂਪ ਹੁਣ ਬਦਲ ਗਿਆ ਹੈ। ਹੌਲੀ-ਹੌਲੀ ਠੰਢ ਪੈਣੀ ਸ਼ੁਰੂ ਹੋ ਗਈ ਹੈ। ਰਾਤ ਦਾ ਤਾਪਮਾਨ 15 ਤੋਂ 17 ਡਿਗਰੀ ਸੈਲਸੀਅਸ ਦੇ ਵਿਚਕਾਰ ਆ ਗਿਆ ਹੈ। ਦਿਨ ਦਾ ਤਾਪਮਾਨ 30 ਡਿਗਰੀ ਸੈਲਸੀਅਸ ਦੇ ਆਸ-ਪਾਸ ਹੈ। ਮੌਸਮ ਵਿਭਾਗ ਅਨੁਸਾਰ 17 ਅਕਤੂਬਰ ਤੱਕ ਪੰਜਾਬ ’ਚ ਮੌਸਮ ਖੁਸਕ ਰਹੇਗਾ।
ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 19 ਅਕਤੂਬਰ ਤੋਂ ਬਾਅਦ ਮੁੜ ਬੱਦਲ ਛਾਏ ਰਹਿਣਗੇ, ਜਿਸ ਕਾਰਨ ਠੰਢ ਵਧੇਗੀ। ਇਸ ਦੇ ਨਾਲ ਹੀ 25 ਅਕਤੂਬਰ ਤੋਂ ਦਿਨ ਦਾ ਤਾਪਮਾਨ 28 ਡਿਗਰੀ ਸੈਲਸੀਅਸ ਅਤੇ ਰਾਤ ਦਾ ਤਾਪਮਾਨ 15 ਡਿਗਰੀ ਸੈਲਸੀਅਸ ਤੋਂ ਹੇਠਾਂ ਆ ਜਾਵੇਗਾ। ਇਸ ਨਾਲ ਠੰਢ ਦਾ ਅਹਿਸਾਸ ਹੋਰ ਵੀ ਵਧ ਜਾਵੇਗਾ। ਦੂਜੇ ਪਾਸੇ ਅੱਜ ਸਵੇਰੇ ਬਠਿੰਡਾ ਦਾ ਸਭ ਤੋਂ ਘੱਟ ਤਾਪਮਾਨ 15 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਬਾਅਦ ਰੋਪੜ ਵਿੱਚ ਤਾਪਮਾਨ 16 ਡਿਗਰੀ ਸੈਲਸੀਅਸ ਰਿਹਾ। ਉਪਰੋਕਤ ਦੋਵੇਂ ਜ਼ਿਲ੍ਹਿਆਂ ’ਚ ਸਵੇਰੇ ਲੋਕਾਂ ਨੇ ਠੰਢ ਮਹਿਸੂਸ ਕੀਤੀ।
ਜਦਕਿ ਜਲੰਧਰ ਅਤੇ ਕਪੂਰਥਲਾ ’ਚ ਪਾਰਾ 17.6 ਡਿਗਰੀ ਸੈਲਸੀਅਸ ਦੇ ਕਰੀਬ ਰਿਹਾ। ਲੁਧਿਆਣਾ ਅਤੇ ਅੰਮਿ੍ਰਤਸਰ ’ਚ ਤਾਪਮਾਨ 19.5 ਤੋਂ 19.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਵੀਰਵਾਰ ਸਵੇਰੇ ਲੁਧਿਆਣਾ ’ਚ ਸੂਰਜਦੇਵ ਦਾ ਦਰਸਨ ਹੋਇਆ ਅਤੇ ਦਿਨ ਭਰ ਕੜਕਦੀ ਧੁੱਪ ਰਹੀ।