ਐਸ.ਵਾਈ.ਐਲ. ਨਹਿਰ ਦੇ ਮੁੱਦੇ ’ਤੇ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ 14 ਅਕਤੂਬਰ ਨੂੰ ਕਰਨਗੇ ਬੈਠਕ
ਚੰਡੀਗੜ੍ਹ, 11 ਅਕਤੂਬਰ : ਕਈ ਸਾਲਾਂ ਤੋਂ ਹਰਿਆਣਾ ਅਤੇ ਪੰਜਾਬ ਵਿਚਕਾਰ ਚੱਲਦਾ ਆ ਰਿਹਾ ਅਣਸੁਲਝਿਆ ਸਤਲੁਜ-ਜਮੁਨਾ ਲਿੰਕ ਨਹਿਰ ਦਾ ਮੁੱਦਾ ਸੁਲਝ ਸਕਦੇ ਹਨ।
ਦੋਵਾਂ ਸੂਬਿਆਂ ਦੇ ਮੁੱਖ ਮੰਤਰੀ 14 ਅਕਤੂਬਰ 2022 ਨੂੰ ਬੈਠਕ ਕਰਨ ਜਾ ਰਹੇ ਹਨ। ਬੈਠਕ’ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੀ ਮੌਜੂਦ ਰਹਿਣਗੇ। ਕੇਂਦਰ ਵੱਲੋਂ ਇਸ ਬੈਠਕ ’ਚ ਕੋਈ ਵੀ ਨੁਮਾਇੰਦਾ ਸ਼ਾਮਲ ਨਹੀਂ ਹੋਵੇਗਾ। ਦੋਵਾਂ ਸੂਬਿਆਂ ਲਈ ਹਮੇਸ਼ਾ ਤੋਂ ਹੀ ਐਸ.ਵਾਈ.ਐਲ. ਵੱਡਾ ਮੁੱਦਾ ਰਿਹਾ ਹੈ।
ਦਰਅਸਲ ਸੁਪਰੀਮ ਕੋਰਟ ਨੇ ਸਤੰਬਰ ਦੀ ਸ਼ੁਰੂਆਤ ’ਚ ਕੇਂਦਰ ਸਰਕਾਰ ਨੂੰ ਸਤਲੁਜ-ਜਮੁਨਾ ਲਿੰਕ ਨਹਿਰ ਨਾਲ ਜੁੜੇ ਸਾਲਾਂ ਪੁਰਾਣੇ ਵਿਵਾਦ ਨੂੰ ਸੁਲਝਾਉਣ ਲਈ ਪੰਜਾਬ ਅਤੇ ਹਰਿਆਣਾ ਸੂਬਿਆਂ ਦੇ ਨਾਲ ਬੈਠਕ ਕਰਨ ਨੂੰ ਕਿਹਾ ਸੀ। ਕੋਰਟ ਨੇ ਕਿਹਾ ਸੀ ਕਿ ਇਹ ਇਕ ਸੰਵੇਦਨਸ਼ੀਲ ਮਾਮਲਾ ਹੈ ਅਤੇ ਦੇਸ਼ ਦੇ ਵਿਆਪਕ ਹਿੱਤ ’ਚ ਇਸ ਨੂੰ ਇੰਝ ਨਹੀਂ ਛੱਡਿਆ ਜਾ ਸਕਦਾ।
ਪਾਣੀ ਇਕ ਕੁਦਰਤੀ ਵਸੀਲਾ ਹੈ ਅਤੇ ਲੋਕਾਂ ਨੂੰ ਇਸ ਨੂੰ ਸਾਂਝਾ ਕਰਨਾ ਸਿੱਖਣਾ ਚਾਹੀਦਾ, ਚਾਹੋ ਉਹ ਨਿੱਜੀ ਤੌਰ ’ਤੇ ਹੋਵੇ ਜਾਂ ਸੂਬਾ ਪੱਧਰ ’ਤੇ। ਮਾਮਲੇ ਨੂੰ ਸਿਰਫ ਇਕ ਸ਼ਹਿਰ ਜਾਂ ਇਕ ਸੂਬੇ ਦੇ ਨਜਰੀਏ ਨਾਲ ਨਹੀਂ ਦੇਖਿਆ ਜਾ ਸਕਦਾ। ਇਹ ਕੁਦਰਤੀ ਧਰੋਹਰ ਜਿਸ ਨੂੰ ਸਾਂਝਾ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਕਿਵੇਂ ਸਾਂਝਾ ਕੀਤਾ ਜਾਣਾ ਹੈ, ਇਹ ਇਕ ਤੰਤਰ ਹੈ ਜਿਸ ’ਤੇ ਕੰਮ ਕਰਨ ਦੀ ਲੋੜ ਹੈ।