ਗੈਂਗਸਟਰ ਦੀਪਕ ਟੀਨੂੰ ਮਾਮਲਾ, ਮੁਲਜਮ ਪ੍ਰਿਤਪਾਲ ਸਿੰਘ ਦਾ ਰਿਮਾਂਡ ਖਤਮ, ਅਦਾਲਤ ’ਚ ਅੱਜ ਕੀਤਾ ਜਾਵੇਗਾ ਪੇਸ਼
ਚੰਡੀਗੜ੍ਹ, 7 ਅਕਤੂਬਰ : ਗੈਂਗਸਟਰ ਦੀਪਕ ਟੀਨੂੰ ਨੂੰ ਫਰਾਰ ਕਰਨ ਦੇ ਮਾਮਲੇ ’ਚ ਪੁਲਿਸ ਰਿਮਾਂਡ ’ਤੇ ਚੱਲ ਰਹੇ ਮੁਲਜਮ ਪ੍ਰਿਤਪਾਲ ਸਿੰਘ ਦਾ ਅੱਜ ਪੁਲਿਸ ਰਿਮਾਂਡ ਖਤਮ ਹੋਵੇਗਾ ਅਤੇ ਮਾਨਸਾ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਪੁਲਿਸ ਵੱਲੋਂ ਉਸ ਦਾ ਹੋਰ ਪੁਲਿਸ ਰਿਮਾਂਡ ਲਿਆ ਜਾ ਸਕਦਾ ਹੈ।
ਫਿਲਹਾਲ ਦੀਪਕ ਟੀਨੂੰ ਫਰਾਰ ਮਾਮਲੇ ’ਚ ਐਸਆਈਟੀ ਵੱਲੋਂ ਵੀਰਵਾਰ ਨੂੰ ਸੀਆਈਏ ਸਟਾਫ ’ਚ ਪ੍ਰਿਤਪਾਲ ਸਿੰਘ ਤੋਂ ਲਗਭਗ 6 ਘੰਟੇ ਪੁੱਛਗਿਛ ਵੀ ਕੀਤੀ ਗਈ। ਭਾਵੇਂ ਕਿ ਸੂਤਰਾਂ ਅਨੁਸਾਰ ਇਸ ਦੌਰਾਨ ਪੁਲਿਸ ਕੋਲ ਕਾਫੀ ਖੁਲਾਸੇ ਵੀ ਹੋਏ ਹਨ, ਪਰ ਪੁਲਿਸ ਅਧਿਕਾਰੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ।
ਸੂਤਰਾਂ ਦੀ ਮੰਨੀਏ ਤਾਂ ਪ੍ਰਿਤਪਾਲ ਸਿੰਘ ਦੇ ਮੋਬਾਇਲ ’ਤੇ ਖਾਤਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਪ੍ਰਿਤਪਾਲ ਸਿੰਘ ਨੇ ਦੀਪਕ ਟੀਨੂੰ ਦੀ ਕਿਸ ਕਿਸ ਨਾਲ ਗੱਲ ਕਰਵਾਈ ਹੈ ਜਾਂ ਕਿਹੜੇ ਗੈਂਗਸਟਰਾਂ ਨਾਲ ਗੱਲ ਕਰਵਾਈ ਗਈ ਹੈ। ਇਸ ਦੇ ਇਲਾਵਾ ਪ੍ਰਿਤਪਾਲ ਸਿੰਘ ਕੋਲੋਂ ਪੁਲਿਸ ਨੇ ਉਸ ਦੇ ਬੈਂਕ ਖਾਤਿਆਂ ਦੀ ਡੀਟੇਲ ਲੈ ਕੇ ਉਨ੍ਹਾਂ ਨੂੰ ਵੀ ਖੰਗਾਲਣਾ ਸ਼ੁਰੂ ਕਰ ਦਿੱਤਾ ਗਿਆ ਹੈ।