ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ) 6 ਅਕਤੂਬਰ ਤੋਂ ਲੈ ਕੇ 8 ਅਕਤੂਬਰ ਹੋਣ ਵਾਲੀ ਅੰਡਰ-16 ਸਾਲ ਉਮਰ ਵਰਗ ਦੇ ਲੜਕਿਆਂ ਦੀ ਕ੍ਰਿਕੇਟ ਲੀਗ ਦੌਰਾਨ ਹਰਿਆਣਾ ਤੇ ਪੰਜਾਬ ਦੀਆਂ ਟੀਮਾਂ ਆਹਮੋ ਸਾਹਮਣੇਂ ਹੋਣਗੀਆਂ। ਇਸ ਗੱਲ ਦੀ ਜਾਣਕਾਰੀ ਗਲੀ ਮੁਹੱਲਾ ਕ੍ਰਿਕੇਟ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਤੇ ਕ੍ਰਿਕੇਟ ਖੇਡ ਖੇਤਰ ਦੀ ਜਾਨੀ ਮਾਨੀ ਹਸਤੀ ਕੌਮਾਂਤਰੀ ਕ੍ਰਿਕੇਟ ਕੋਚ ਰਜਿੰਦਰ ਨੇ ਅੱਜ ਇੱਥੇ ਦਿੱਤੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਿਲਾਫ਼ ਖਿਡਾਰੀਆਂ ਨੂੰ ਇੱਕ ਜੁੱਟ ਕਰਨ ਅਤੇ ਪ੍ਰੇਰਨਾ ਦੇਣ ਦੇ ਮੰਤਵ ਨਾਲ ਕਰਵਾਈ ਜਾ ਰਹੀ ਇਸ ਰਾਜ ਪੱਧਰੀ ਖੇਡ ਪ੍ਰਤੀਯੋਗਤਾ ਦੇ ਦੌਰਾਨ ਮਿਸਾਲੀ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਖੇਡ ਪ੍ਰਤੀਯੋਗਤਾ ਦੇ 2 ਮੈਚ ਗਿਆਨ ਆਸ਼ਰਮ ਕ੍ਰਿਕੇਟ ਅਕੈਡਮੀ ਦੇ ਖੇਡ ਮੈਦਾਨ ਵਿੱਚ ਅਤੇ ਇੱਕ ਮੈਚ ਅਮਨਦੀਪ ਕ੍ਰਿਕੇਟ ਅਕੈਡਮੀ ਦੇ ਖੇਡ ਮੈਦਾਨ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰਿਆਣਾ ਦੀ ਟੀਮ ਦੇ ਵਿੱਚ ਅੰਬਾਲਾ ਦੇ ਖਿਡਾਰੀ ਜਦੋਂ ਕਿ ਪੰਜਾਬ ਦੀ ਟੀਮ ਦੇ ਵਿੱਚ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਨਾਲ ਸਬੰਧਤ ਖਿਡਾਰੀ ਹਿੱਸਾ ਲੈਣਗੇ। ਉਨ੍ਹਾ ਦੱਸਿਆ ਕਿ ਹਰਿਆਣਾ ਦੀ ਟੀਮ ਦੇ ਇੰਚਾਰਜ਼ ਅਨਿਲ ਕੁਮਾਰ ਅਤੇ ਪੰਜਾਬ ਦੀ ਟੀਮ ਦੇ ਉਨ੍ਹਾਂ ਨੇ ਬਤੌਰ ਇੰਚਾਰਜ਼ ਖਿਡਾਰੀਆਂ ਦੀ ਚੋਣ ਕੀਤੀ ਹੈ। ਉਨ੍ਹਾਂ ਕਿਹਾ ਇਸ ਚੋਣ ਦੌਰਾਨ ਪ੍ਰਬੰਧਕਾਂ ਵੱਲੋਂ ਤੈਅ ਕੀਤੇ ਗਏ ਮਾਪਦੰਡਾਂ ਤੇ ਪੈਮਾਨਿਆਂ ਦੇ ਵਿੱਚ ਖਰਾ ਉਤਰਨ ਵਾਲੇ ਖਿਡਾਰੀਆਂ ਨੂੰ ਹੀ ਸ਼ਾਮਲ ਕੀਤਾ ਗਿਆ ਹੈ। ਕੋਚ ਰਜਿੰਦਰ ਨੇ ਅੱਗੇ ਦੱਸਿਆ ਕਿ ਇਸ ਲੀਗ ਦੇ ਦੌਰਾਨ ਸ਼ਾਨਦਾਰ ਤੇ ਬੇਹਤਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆ ਨੂੰ ਅੱਗੇ ਹੋਰ ਵੀ ਮੌਕੇ ਪ੍ਰਦਾਨ ਕੀਤੇ ਜਾਣਗੇ। ਜਦੋਂ ਕਿ ਰਾਜ ਤੇ ਕੌਮੀ ਪੱਧਰ ਦੀਆਂ ਖੇਡ ਪ੍ਰਤੀਯੋਗਤਾਵਾਂ ਦੇ ਵਿੱਚ ਸ਼ਮੂਲੀਅਤ ਕਰਵਾਉਣ ਤੋਂ ਵੀ ਇੰਨਕਾਰ ਨਹੀਂ ਕੀਤਾ ਜਾਵੇਗਾ। 6 ਅਕਤੂਬਰ ਤੋਂ ਲੈ ਕੇ 8 ਅਕਤੂਬਰ ਤੱਕ ਚੱਲਣ ਵਾਲੀ ਅੰਡਰ-16 ਸਾਲ ਉਮਰ ਵਰਗ ਦੇ ਲੜਕਿਆਂ ਦੀ ਇਸ ਅੰਤਰਰਾਜ਼ੀ ਕ੍ਰਿਕੇਟ ਲੀਗ ਨੂੰ ਲੈ ਕੇ ਖਿਡਾਰੀਆਂ ਵਿੱਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਨਸ਼ਿਆਂ ਦੇ ਖਿਲਾਫ਼ ਇੱਕ ਪਲੇਠੀ ਕ੍ਰਿਕੇਟ ਲੀਗ ਬਾਬਤ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕ੍ਰਿਕੇਟ ਕੋਚ ਰਜਿੰਦਰ ਨੇ ਸਾਫ਼ ਤੇ ਸ਼ਪੱਸ਼ਟ ਲਿਹਾਜੇ ਵਿੱਚ ਕਿਹਾ ਕਿ ਇਸ ਲੀਗ ਦੇ ਨਤੀਜੇ ਬੜੇ ਹੀ ਨਿਰਪੱਖ ਹੋਣਗੇ। ਜਿਸ ਦੇ ਲਈ ਮਾਹਿਰ ਕੋਚਾਂ ਤੇ ਜੱਜਾਂ ਤੇ ਅਧਾਰਿਤ ਜਿਊਰੀ ਤਿਆਰ ਕੀਤੀ ਗਈ ਹੈ। ਖ਼ਿਡਾਰੀਆਂ ਨੂੰ ਹਰ ਸੰਭਵ ਸਹਾਇਤਾਂ ਮੁਹੱਈਆ ਕੀਤੀ ਜਾਵੇਗੀ।