ਹੁਸਿ਼ਆਰਪੁਰ, 9 ਜੁਲਾਈ (ਤਰਸੇਮ ਦੀਵਾਨਾ)-ਦੁਨੀਆਂ ਭਰ ਵਿੱਚ ਬਹਾਦਰੀ ਲਈ ਜਾਣੇ ਜਾਂਦੇ ਪੰਜਾਬ ਦੇ ਨੌਜਵਾਨ ਨਸਿ਼ਆਂ ਵਿੱਚ ਡੁੱਬ ਕੇ ਮਰ ਰਹੇ ਹਨ ਜਿਸ ਕਰਕੇ ਪੰਜਾਬ ਦੀ ਨੌਜਵਾਨੀ ਦਾ ਸਤਿਆਨਾਸ਼ ਹੋ ਰਿਹਾ । ਪੰਜਾਬ ਵਿੱਚੋ ਨਸਿ਼ਆਂ ਨੂੰ ਖਤਮ ਕਰਨਾ ਬਹੁਤ ਹੀ ਜਰੂਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਨਾਲਦੇ ਪਿੰਡ ਭੀਖੋਵਾਲ ਦੇ ਗੁਰਦੁਆਰਾ ਗੁਰੂ ਨਾਨਕ ਚਰਨਸਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਅਵਤਾਰ ਸਿੰਘ ਭੀਖੋਵਾਲ ਨੇ ਕੁਝ ਚੌਣਵੇ ਪੱਤਰਕਾਰਾ ਨਾਲ ਕੀਤਾ ਉਹਨਾ ਕਿਹਾ ਕਿ ਹਰ ਰੋਜ ਅਖਬਾਰਾਂ ਵਿੱਚ ਨਸ਼ੇ ਦੀ ਵੱਧ ਡੋਜ਼ ਲੈਣ ਕਾਰਨ ਨੌਜਵਾਨਾਂ ਦੀ ਮੌਤ ਹੋਣ ਦੀਆਂ ਖਬਰਾਂ ਅਕਸਰ ਛੱਪਦੀਆਂ ਰਹਿੰਦੀਆਂ ਹਨ, ਜਿਸ ਤੋਂ ਬੁੱਧੀਜੀਵੀ ਵਰਗ ਬਹੁਤ ਚਿੰਤਤ ਹੈ। ਉਨਾਂ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਹਲਾਤ ਇੱਥੋਂ ਤੱਕ ਵਿਗੜ ਚੁੱਕੇ ਹਨ ਕਿ ਅੱਜ ਦੇ ਦੌਰ ਵਿੱਚ ਔਰਤਾਂ ਤੇ ਨੌਜਵਾਨ ਕੁੜੀਆ ਵੀ ਵੱਧ ਡੋਜ਼ ਲੈਣ ਕਾਰਨ ਮਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਪੰਜਾਬੀਆਂ ਦੇ ਬਹਾਦਰੀ ਦੇ ਕਿੱਸੇ ਗਾਏ ਜਾਂਦੇ ਹਨ, ਪਰ ਮੌਜੂਦਾ ਸਮੇਂ ਪੰਜਾਬ ਦੇ ਗੱਭਰੂ ਨਸਿ਼ਆਂ ਵਿੱਚ ਫਸ ਕੇ ਆਪਣੀ ਜਿੰਦਗੀ ਤਬਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤਾਂ ਨਸਿ਼ਆਂ ਨੂੰ ਖਤਮ ਕਰਨ ਲਈ ਫੇਲ੍ਹ ਸਾਬਤ ਹੋ ਚੁੱਕੀ ਹੈ। ਇਸ ਲਈ ਸਮਾਜ ਸੇਵੀਆਂ ਨੂੰ ਹੀ ਅੱਗੇ ਆ ਕੇ ਪੰਜਾਬ ਦੀ ਜਵਾਨੀ ਬਚਾਉਣ ਲਈ ਨਸਿ਼ਆਂ ਨੂੰ ਖਤਮ ਕਰਨ ਲਈ ਯਤਨ ਕਰਨੇ ਪੈਣਗੇ। ਉਨ੍ਹਾਂ ਅਧਿਆਪਕਾਂ, ਸਮਾਜ ਸੇਵੀਆਂ ਅਤੇ ਬੁੱਧੀਜੀਵੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਵਿਚੋਂ ਨਸ਼ੇ ਖਤਮ ਕਰਨ ਲਈ ਇੱਕ ਲੋਕ ਲਹਿਰ ਸ਼ੁਰੂ ਕਰਨ ਤਾਂ ਜੋ ਨਸਿ਼ਆਂ ਵਿੱਚ ਗਰਕ ਰਹੀ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ।