Big News : ਪੰਜਾਬ ਤੋਂ ‘ਆਪ’ ਸਾਂਸਦ ਰਾਘਵ ਚੱਢਾ ਬਣੇ ਸੰਸਦ ਦੀ ਵਿੱਤੀ ਮਾਮਲਿਆਂ ਦੀ ਸਥਾਈ ਕਮੇਟੀ ਦੇ ਮੈਂਬਰ
ਚੰਡੀਗੜ੍ਹ, 6 ਅਕਤੂਬਰ : ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਵਿੱਤੀ ਮਾਮਲਿਆਂ ਬਾਰੇ ਸੰਸਦ ਦੀ ਸਥਾਈ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਹ ਕਮੇਟੀ ਬਹੁਤ ਅਹਿਮ ਹੈ ਅਤੇ ਇਸ ਵਿੱਚ ਰਾਘਵ ਚੱਢਾ ਦਾ ਸ਼ਾਮਲ ਹੋਣਾ ਵੀ ਪੰਜਾਬ ਲਈ ਅਹਿਮ ਹੈ।
ਰਾਘਵ ਚੱਢਾ ਸਭ ਤੋਂ ਘੱਟ ਉਮਰ ਦੇ ਰਾਜ ਸਭਾ ਮੈਂਬਰ ਹਨ। ਉਹ ਵਿੱਤੀ ਮਾਮਲਿਆਂ ’ਚ ਚੰਗੀ ਤਰ੍ਹਾਂ ਜਾਣੂ ਮੰਨਿਆ ਜਾਂਦਾ ਹੈ ਅਤੇ ਪੇਸੇ ਤੋਂ ਇੱਕ ਚਾਰਟਰਡ ਅਕਾਊਂਟੈਂਟ ਹੈ। ਇਹ ਅਹੁਦਾ ਹਾਸਲ ਕਰਨ ਤੋਂ ਬਾਅਦ, ਉਹ ਹੁਣ ਤਿੰਨ ਕੇਂਦਰੀ ਮੰਤਰਾਲਿਆਂ ਅਤੇ ਨੀਤੀ ਆਯੋਗ ਦੀਆਂ ਨੀਤੀਆਂ ਨਾਲ ਸਬੰਧਤ ਫੈਸਲੇ ਲੈਣ ਦੇ ਮਾਮਲੇ ’ਚ ਵਿਧਾਨਿਕ ਸਹਾਇਤਾ ਪ੍ਰਦਾਨ ਕਰੇਗਾ।
ਲੰਡਨ ਸਕੂਲ ਆਫ ਇਕਨਾਮਿਕਸ ਦੇ ਸਾਬਕਾ ਵਿਦਿਆਰਥੀ ਰਾਘਵ ਚੱਢਾ ਨੇ ਇਸ ਸਾਲ ਅਗਸਤ ’ਚ ਸੰਸਦ ’ਚ ਆਪਣੇ ਪਹਿਲੇ ਸੈਸਨ ’ਚ ਮਹਿੰਗਾਈ ਅਤੇ ਜੀਐਸਟੀ ਵਰਗੇ ਆਰਥਿਕ ਮੁੱਦਿਆਂ ’ਤੇ ਆਵਾਜ ਚੁੱਕੀ ਸੀ। ਉਨ੍ਹਾਂ ਇਨ੍ਹਾਂ ਮੁੱਦਿਆਂ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ। ਰਾਘਵ ਚੱਢਾ ਪੰਜਾਬ ਦੀ ਆਰਥਿਕ ਹਾਲਤ ਦਾ ਮੁੱਦਾ ਵੀ ਉਠਾਉਂਦੇ ਰਹੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਸੰਸਦ ਦੀ ਵਿੱਤੀ ਮਾਮਲਿਆਂ ਬਾਰੇ ਸਥਾਈ ਕਮੇਟੀ ਵਿੱਚ ਉਨ੍ਹਾਂ ਦੇ ਸਾਮਲ ਹੋਣ ਨਾਲ ਪੰਜਾਬ ਦੇ ਆਰਥਿਕ ਮਾਮਲਿਆਂ ਨਾਲ ਜੁੜਿਆ ਪੱਖ ਮਜਬੂਤ ਹੋਵੇਗਾ।
ਸਿਆਸੀ ਅਤੇ ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਰਾਘਵ ਚੱਢਾ ਨੂੰ ਸੰਸਦ ਦੀ ਅਜਿਹੀ ਅਹਿਮ ਕਮੇਟੀ ’ਚ ਸ਼ਾਮਲ ਕਰਨਾ ਉਨ੍ਹਾਂ ਦੀ ਵਿੱਤੀ ਮੁਹਾਰਤ ਨੂੰ ਦਰਸਾਉਂਦਾ ਹੈ। ਉਹ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ’ਚੋਂ ਇੱਕ ਹਨ।
ਰਾਘਵ ਚੱਢਾ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਸਹਿ-ਇੰਚਾਰਜ ਹੋਣ ਦੇ ਨਾਲ-ਨਾਲ ਮੁੱਖ ਰਣਨੀਤੀਕਾਰ ਸਨ। ਹੁਣ ਉਹ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਉੱਥੇ ਅਹਿਮ ਭੂਮਿਕਾ ਨਿਭਾਅ ਰਹੇ ਹਨ। ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਗੁਜਰਾਤ ’ਚ ਪਾਰਟੀ ਦਾ ਸਹਿ-ਇੰਚਾਰਜ ਬਣਾਇਆ ਹੈ ਅਤੇ ਉਹ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ’ਚ ਰੁੱਝੇ ਹੋਏ ਹਨ। ਰਾਘਵ ਚੱਢਾ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਮੰਨੇ ਜਾਂਦੇ ਹਨ।