ਇੰਡੋਨੇਸੀਆ ’ਚ ਫੁੱਟਬਾਲ ਮੈਚ ਦੌਰਾਨ ਹੋਈ ਹਿੰਸਾ ’ਚ 127 ਮੌਤਾਂ, ਪੜੋ ਪੂਰੀ ਖ਼ਬਰ
ਜਕਾਰਤਾ, 2 ਅਕਤੂਬਰ : ਇੰਡੋਨੇਸੀਆ ’ਚ ਫੁੱਟਬਾਲ ਮੈਚ ਦੌਰਾਨ ਹਿੰਸਾ ਦੀਆਂ ਖਬਰਾਂ ਆਈਆਂ ਹਨ। ਨਿਊਜ ਏਜੰਸੀ ਏਐਫਪੀ ਮੁਤਾਬਕ ਮੈਚ ਦੌਰਾਨ ਹੋਈ ਹਿੰਸਾ ’ਚ 127 ਲੋਕ ਮਾਰੇ ਗਏ ਹਨ। ਏਐਫਪੀ ਨੇ ਇੰਡੋਨੇਸੀਆਈ ਪੁਲਿਸ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।
ਨਿਊਜ ਵੈਬਸਾਈਟ ਦਿ ਗਾਰਡੀਅਨ ਦੀ ਰਿਪੋਰਟ ਮੁਤਾਬਕ ਇੰਡੋਨੇਸੀਆਈ ਲੀਗ ਫੁੱਟਬਾਲ ਮੈਚ ਤੋਂ ਬਾਅਦ ਹੋਈ ਹਫੜਾ-ਦਫੜੀ ਅਤੇ ਹਿੰਸਾ ਤੋਂ ਬਾਅਦ 127 ਫੁੱਟਬਾਲ ਪ੍ਰਸੰਸਕਾਂ ਦੀ ਮੌਤ ਹੋ ਗਈ ਹੈ। ਜਾਵਨੀਜ ਕਲੱਬ ਅਰੇਮਾ ਅਤੇ ਪਰਸੇਬਾਯਾ ਸੁਰਾਬਾਇਆ ਦੇ ਸਮਰਥਕ ਪੂਰਬੀ ਜਾਵਾ ਦੇ ਮਲੰਗ ਰੀਜੈਂਸੀ ’ਚ ਇੱਕ ਮੈਚ ’ਚ ਅਰੇਮਾ ਨੂੰ 3-2 ਨਾਲ ਹਰਾਉਣ ਤੋਂ ਬਾਅਦ ਭਿੜ ਗਏ।
ਮਲੰਗ ਰੀਜੈਂਸੀ ਸਿਹਤ ਦਫਤਰ ਦੇ ਮੁਖੀ ਵਿਏਨਟੋ ਵਿਜੋਯੋ ਨੇ ਕਿਹਾ ਕਿ 127 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀ ਅਜੇ ਵੀ ਜਖਮੀਆਂ ਦੀ ਗਿਣਤੀ ਦਾ ਪਤਾ ਲਗਾ ਰਹੇ ਹਨ। ਇਸ ਦੇ ਨਾਲ ਹੀ ਐਸੋਸੀਏਟਿਡ ਪ੍ਰੈਸ ਨੇ ਦੋ ਪੁਲਿਸ ਅਧਿਕਾਰੀਆਂ ਸਮੇਤ 129 ਲੋਕਾਂ ਦੇ ਮਾਰੇ ਜਾਣ ਦੀ ਖਬਰ ਦਿੱਤੀ ਹੈ।
ਘਟਨਾ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਜਾ ਰਿਹਾ ਹੈ ਕਿ ਫੁੱਟਬਾਲ ਮੈਚ ਤੋਂ ਬਾਅਦ ਹਫੜਾ-ਦਫੜੀ, ਭੀੜ-ਭੜੱਕੇ ਅਤੇ ਭਗਦੜ ਦੌਰਾਨ ਦਮ ਘੁੱਟਣ ਨਾਲ ਕਈ ਲੋਕਾਂ ਦੀ ਮੌਤ ਹੋਈ ਹੈ। ਇਸ ਹਾਦਸੇ ’ਚ 100 ਤੋਂ ਵੱਧ ਲੋਕ ਜਖਮੀ ਹੋਣ ਦੀ ਵੀ ਪੁਸਟੀ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਇਲਾਕੇ ਦੇ ਵੱਖ-ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ।
ਕਥਿਤ ਤੌਰ ’ਤੇ ਲੜਾਈ ਉਦੋਂ ਸੁਰੂ ਹੋਈ ਜਦੋਂ ਅਰੇਮਾ ਦੇ ਹਜਾਰਾਂ ਪ੍ਰਸੰਸਕ ਉਨ੍ਹਾਂ ਦੀ ਟੀਮ ਦੇ ਹਾਰਨ ਤੋਂ ਬਾਅਦ ਮੈਦਾਨ ’ਤੇ ਆ ਗਏ। ਇਸ ਦੌਰਾਨ ਪਰਸੇਬਾਯਾ ਦੇ ਖਿਡਾਰੀ ਤੁਰੰਤ ਮੈਦਾਨ ਛੱਡ ਕੇ ਚਲੇ ਗਏ। ਪਰ ਮੈਦਾਨ ‘ਤੇ ਮੌਜੂਦ ਅਰੇਮਾ ਦੇ ਕਈ ਖਿਡਾਰੀ ਹਮਲੇ ਦਾ ਸ਼ਿਕਾਰ ਹੋ ਗਏ।