Home » ਪੰਜਾਬ ’ਚ ਸਾਰੀਆਂ ਬੱਸਾਂ ’ਚ ਗੂੰਜਣਗੇ ਦੇਸ਼ ਭਗਤੀ ਦੇ ਗੀਤ, ਪੜੋ ਪੂਰੀ ਖ਼ਬਰ

ਪੰਜਾਬ ’ਚ ਸਾਰੀਆਂ ਬੱਸਾਂ ’ਚ ਗੂੰਜਣਗੇ ਦੇਸ਼ ਭਗਤੀ ਦੇ ਗੀਤ, ਪੜੋ ਪੂਰੀ ਖ਼ਬਰ

by Rakha Prabh
181 views

ਪੰਜਾਬ ’ਚ ਸਾਰੀਆਂ ਬੱਸਾਂ ’ਚ ਗੂੰਜਣਗੇ ਦੇਸ਼ ਭਗਤੀ ਦੇ ਗੀਤ, ਪੜੋ ਪੂਰੀ ਖ਼ਬਰ
ਗੁਰਦਾਸਪੁਰ, 25 ਸਤੰਬਰ : ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ ਆਦਰਸ਼ ਮੰਨ ਕੇ ਪੰਜਾਬ ਦੀ ਸੱਤਾ ’ਚ ਆਈ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੇ ਇਸ ਵਾਰ ਸ਼ਹੀਦ-ਏ-ਆਜ਼ਮ ਦਾ 115ਵਾਂ ਜਨਮ ਦਿਹਾੜਾ ਵੱਖਰੇ ਰੰਗ ’ਚ ਮਨਾਉਣ ਦਾ ਫੈਸਲਾ ਕੀਤਾ ਹੈ।

‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਪਹਿਲੀ ਵਾਰ ਮਨਾਏ ਜਾ ਰਹੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਦੇਸ਼ ਭਗਤੀ ਦੇ ਰੰਗ ’ਚ ਰੰਗਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਦਿਹਾੜੇ ਨੂੰ ਖ਼ਾਸ ਬਣਾਉਣ ਲਈ ਜਿੱਥੇ ਪੰਜਾਬ ਦੇ ਵੱਖ-ਵੱਖ ਖੇਤਰਾਂ ’ਚ ਸਰਕਾਰ ਵੱਲੋਂ ਸੂਬਾ ਪੱਧਰੀ ਅਤੇ ਹੋਰ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਉੱਥੇ ਇਸ ਦਿਨ ਸੂਬੇ ’ਚ ਚੱਲਣ ਵਾਲੀਆਂ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਰਾਹੀਂ ਪੂਰਾ ਦਿਨ ਦੇਸ਼ ਭਗਤੀ ਦੀ ਭਾਵਨਾ ਦਾ ਪਸਾਰ ਕੀਤਾ ਜਾਵੇਗਾ। ਇਸ ਦਿਨ ਸਮੂਹ ਬੱਸਾਂ ’ਚ ਦੇਸ਼ ਭਗਤੀ ਦੇ ਗੀਤ ਵਜਾਏ ਜਾਣਗੇ।

ਜਾਣਕਾਰੀ ਅਨੁਸਾਰ, ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਇਸ ਸਬੰਧੀ ਰਸਮੀ ਹੁਕਮ ਜਾਰੀ ਕਰ ਦਿੱਤੇ ਹਨ। ਪੰਜਾਬ ਸਰਕਾਰ ਵੱਲੋਂ ਸਟੇਟ ਟਰਾਂਸਪੋਰਟ ਕਮਿਸ਼ਨਰ ਨੂੰ 19 ਸਤੰਬਰ ਨੂੰ ਲਿਖੇ ਪੱਤਰ ’ਚ ਇਸ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ ਸਨ। ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ ਲਈ 23 ਸਤੰਬਰ ਨੂੰ ਰਾਜ ਦੇ ਟਰਾਂਸਪੋਰਟ ਕਮਿਸ਼ਨਰ ਨੇ ਰਾਜ ਦੀਆਂ ਸਾਰੀਆਂ ਖੇਤਰੀ ਟਰਾਂਸਪੋਰਟ ਅਥਾਰਟੀਆਂ ਦੇ ਸਕੱਤਰਾਂ ਨੂੰ ਸਰਕਾਰੀ ਹੁਕਮਾਂ ਦੀ ਪਾਲਣਾ ਕਰਨ ਲਈ ਅੱਗੇ ਹਦਾਇਤਾਂ ਜਾਰੀ ਕੀਤੀਆਂ ਸਨ। ਇਹ ਹੁਕਮ ਰਾਜ ਸਰਕਾਰ ਦੀਆਂ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ’ਚ ਲਾਗੂ ਹੋਣਗੇ।

ਇਸ ਸਬੰਧੀ ਆਰਟੀਓ ਗੁਰਦਾਸਪੁਰ ਗੁਰਮੀਤ ਸਿੰਘ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਪੱਤਰ ਪ੍ਰਾਪਤ ਹੋ ਗਿਆ ਹੈ। ਉਨ੍ਹਾਂ ਨੇ ਜਨਰਲ ਮੈਨੇਜਰ ਪਠਾਨਕੋਟ ਤੇ ਬਟਾਲਾ ਨੂੰ ਆਪਣੇ ਅਧੀਨ ਲਿਖਤੀ ਆਦੇਸ਼ ਦਿੱਤੇ ਹਨ। ਉਨ੍ਹਾਂ ਨੂੰ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਉਹ 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਆਪਣੇ ਇਲਾਕਿਆਂ ਵਿਚ ਹਰ ਤਰ੍ਹਾਂ ਦੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਵਿਚ ਦਿਨ ਭਰ ਦੇਸ਼ ਭਗਤੀ ਦੇ ਗੀਤ ਚਲਾਉਣੇ ਯਕੀਨੀ ਬਣਾਉਣ।

Related Articles

Leave a Comment