0
ਹੁਸ਼ਿਆਰਪੁਰ , 23 ਜੁਲਾਈ ( ਤਰਸੇਮ ਦੀਵਾਨਾ ) :- ਵਿਵਾਦਾਂ ‘ਚ ਘਿਰੀ ਯੂਟਿਊਬਰ ਅਰਮਾਨ ਮਲਿਕ ਦੀ ਪਤਨੀ ਪਾਇਲ ਮਲਿਕ ਨੇ ਆਪਣੇ ਪਰਿਵਾਰ ਸਮੇਤ ਖ਼ਰੜ ਸਥਿਤ ਸ਼ਿਵ ਸਾਗਰ ਮਹਾਕਾਲੀ ਮੰਦਿਰ ਵਿਖੇ ਮੱਥਾ ਟੇਕਿਆ ਅਤੇ ਮਾਂ ਕਾਲੀ ਤੋਂ, ਮੰਦਿਰ ਦੇ ਮੁੱਖ ਸੇਵਾਦਾਰ ਤੇ ਹਿੰਦੂਤਵ ਆਗੂ ਨਿਸ਼ਾਂਤ ਸ਼ਰਮਾ ਕੋਲੋ ਹੱਥ ਜੋੜ ਕੇ ਮਾਫੀ ਮੰਗੀ। ਇਸ ਮੌਕੇ ਸ਼ਿਵ ਸੈਨਾ ਹਿੰਦ ਦੇ ਧਰਮਗੁਰੂ ਰਜਨ ਸ਼ਾਸਤਰੀ, ਸ਼ਿਵ ਜੋਸ਼ੀ, ਪੰਜਾਬ ਚੇਅਰਮੈਨ ਰਜਿੰਦਰ ਧਾਰੀਵਾਲ, ਖੁਸ਼ਪ੍ਰੀਤ ਲਾਡੀ, ਦੀਪਸ਼ੂ ਸੂਦ, ਅਨੁਜ ਗੁਪਤਾ, ਰਾਹੁਲ ਮਨਚੰਦਾ, ਪ੍ਰਿੰਸ ਵਰਮਾ, ਮਨੋਜ ਸ਼ਰਮਾ ਆਦਿ ਸ਼ਿਵ ਸੈਨਾ ਹਿੰਦ ਦੇ ਕਾਰਕੁਨ ਹਾਜ਼ਰ ਸਨ । ਪਾਇਲ ਮਲਿਕ ਦਾ ਕਹਿਣਾ ਹੈ ਕਿ ਉਹ ਸੱਤ ਦਿਨ ਤੱਕ ਮੰਦਿਰ ਵਿੱਚ ਰੋਜ਼ ਆ ਕੇ ਸਫਾਈ ਕਰੇਗੀ ਅਤੇ ਸੱਤਵੇਂ ਦਿਨ ਕੰਜਕ ਪੂਜਨ ਕਰੇਗੀ। ਉਸਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਤਰ੍ਹਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਵੀਡੀਓ ਨਹੀਂ ਬਣਾਏਗੀ। ਇਸ ਮੌਕੇ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ
ਹਿੰਦੂ ਧਰਮ ਦਾ ਅਪਮਾਨ ਕਦੇ ਵੀ ਸਹਿਣ ਨਹੀਂ ਕੀਤਾ ਜਾਵੇਗਾ । ਕੁਝ ਹਿੰਦੂ ਵਿਰੋਧੀ ਆਪਣੇ ਨਿੱਜੀ ਲਾਭ ਲਈ ਜਾਂ ਸਨਾਤਨ ਧਰਮ ਨੂੰ ਨੀਵਾਂ ਦਿਖਾਉਣ ਲਈ ਇਹੋ ਜਿਹੀਆ ਕੋਝੀਆਂ ਹਰਕਤਾਂ ਕਰਦੇ ਹਨ। ਜਦੋਂ ਹਿੰਦੂ ਸੰਸਥਾਵਾਂ ਵਿਰੋਧ ਕਰਦੀਆਂ ਹਨ ਤਾਂ ਫਿਰ ਇਹ ਮਾਫੀ ਮੰਗ ਕੇ ਪਿੱਛੇ ਹੱਟ ਜਾਂਦੇ ਹਨ। ਉਹਨਾਂ ਕਿਹਾ ਕਿ ਹਿੰਦੂ ਦਇਆਲੂ ਹੈ, ਪਰ ਇਹ ਦਇਆਲਤਾ ਕਮਜ਼ੋਰੀ ਨਹੀਂ ਹੈ। ਉਹਨਾਂ ਕਿਹਾ ਕਿ ਪਾਇਲ ਮਲਿਕ ਨੇ ਹੱਥ ਵਿੱਚ ਤ੍ਰਿਸ਼ੂਲ ਫੜ੍ਹਕੇ, ਸਿਰ ਤੇ ਮੁਕੁੱਟ ਪਾ ਕੇ ਮਾਂ ਕਾਲੀ ਦਾ ਰੂਪ ਧਾਰਨ ਕਰ ਕੇ ਜੋ ਵੀਡੀਓ ਬਣਾਈ, ਉਸ ਨਾਲ ਕਰੋੜਾਂ ਮਾਂ ਕਾਲੀ ਦੇ ਭਗਤਾਂ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਹੈ । ਉਹਨਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪਾਇਲ ਮਲਿਕ ਨੇ ਮਾਫੀ ਮੰਗ ਲਈ ਹੈ, ਇਸ ਲਈ ਪਹਿਲੀ ਤੇ ਅਖੀਰ ਵਾਰੀ ਛੱਡ ਰਹੇ ਹਾਂ। ਪਰ ਅਗਲੀ ਵਾਰ ਕੋਈ ਵੀ ਹਿੰਦੂ ਵਿਰੋਧੀ ਕੰਮ ਹੋਇਆ ਤਾਂ ਕਿਸੇ ਕੀਮਤ ‘ਤੇ ਮਾਫ ਨਹੀਂ ਕੀਤਾ ਜਾਵੇਗਾ। ਉਹਨਾਂ ਸਰਕਾਰ ਨੂੰ ਮੰਗ ਕੀਤੀ ਕਿ
ਸੋਸ਼ਲ ਮੀਡੀਆ ‘ਤੇ ਜੋ ਵੀਡੀਓ ਜਾਂ ਤਸਵੀਰਾਂ ਹਿੰਦੂ ਧਰਮ ਦੇ ਵਿਰੋਧ ‘ਚ ਪਾਈਆਂ ਜਾਂਦੀਆਂ ਹਨ, ਉਨ੍ਹਾਂ ਨੂੰ ਤੁਰੰਤ ਹਟਾਇਆ ਜਾਵੇ ਅਤੇ ਅਜਿਹੇ ਪੇਜ ਜਾਂ ਚੈਨਲ ਨੂੰ ਤੁਰੰਤ ਬਲੌਕ ਕੀਤਾ ਜਾਵੇ। ਉਹਨਾਂ ਕਿਹਾ ਕਿ ਹਰ ਰੋਜ਼ ਕਿਸੇ ਨਾ ਕਿਸੇ ਤਰ੍ਹਾਂ ਹਿੰਦੂ ਧਰਮ ਤੇ ਹਮਲੇ ਹੋ ਰਹੇ ਹਨ, ਜੋ ਕਿ ਬਿਲਕੁਲ ਨਿੰਦਣਯੋਗ ਹਨ।
