Home » ਜੇਸੀਬੀ ਚਾਲਕ ਵੱਲੋਂ ਧੱਕਾ ਦੇਣ ਕਾਰਨ ਕਿਸਾਨ ਡੁੱਬਿਆ

ਜੇਸੀਬੀ ਚਾਲਕ ਵੱਲੋਂ ਧੱਕਾ ਦੇਣ ਕਾਰਨ ਕਿਸਾਨ ਡੁੱਬਿਆ

ਪੀੜਤ ਪਰਿਵਾਰ ਵੱਲੋਂ ਥਾਣੇ ਅੱਗੇ ਧਰਨੇ ਮਗਰੋਂ ਜੇਸੀਬੀ ਚਾਲਕ ਖ਼ਿਲਾਫ਼ ਕੇਸ ਦਰਜ; ਕਰੱਸ਼ਰਾਂ ਦੀ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਪ੍ਰਸ਼ਾਸਨ ਚੁੱਪ

by Rakha Prabh
211 views
ਸੁਦੇਸ਼ ਕੁਮਾਰ ਦੀ ਭਾਲ ਕਰਦੇ ਲੋਕ ਤੇ (ਇਨਸੈਟ) ਮ੍ਰਿਤਕ ਦੀ ਤਸਵੀਰ।

ਮੁਕੇਰੀਆਂ, 

ਪਿੰਡ ਜਾਹਿਦਪੁਰ ਜੱਟਾਂ ਦੇ ਬਿਆਸ ਦਰਿਆ ਵਿੱਚ ਚੱਲ ਰਹੀ ਨਾਜਾਇਜ਼ ਮਾਈਨਿੰਗ ਰੋਕਣ ਗਏ ਕਿਸਾਨ ਦੀ ਜੇਸੀਬੀ ਚਾਲਕ ਵੱਲੋਂ ਡੂੰਘੇ ਪਾਣੀ ’ਚ ਧੱਕਾ ਦੇ ਦੇਣ ਕਾਰਨ ਡੁੱਬ ਕੇ ਮੌਤ ਹੋ ਗਈ। ਪ੍ਰਸ਼ਾਸਨ ਨੇ ਬਾਹਰੋਂ ਮੰਗਵਾਏ ਗੋਤਾਖੋਰਾਂ ਦੀ ਮੱਦਦ ਨਾਲ ਬਿਆਸ ਦਰਿਆ ਵਿੱਚੋਂ ਮ੍ਰਿਤਕ ਦੀ ਲਾਸ਼ ਬਰਾਮਦ ਕਰਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਰੱਖਵਾ ਦਿੱਤੀ ਹੈ। ਢਿੱਲਮੱਠ ਵਰਤ ਰਹੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਸਰਬਜੋਤ ਸਿੰਘ ਸਾਬੀ ਦੀ ਅਗਵਾਈ ’ਚ ਥਾਣੇ ਅੱਗੇ ਦਿੱਤੇ ਧਰਨੇ ਮਗਰੋਂ ਪੁਲੀਸ ਨੇ ਅਣਪਛਾਤੇ ਜੇਸੀਬੀ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪਰ ਸ਼ਰੇਆਮ ਬਿਆਸ ਦਰਿਆ ਵਿੱਚ ਚੱਲ ਰਹੀ ਗੈਰ-ਕਨੂੰਨੀ ਮਾਈਨਿੰਗ ਤੇ ਬਿਆਸ ਦਰਿਆ ਕਿਨਾਰੇ ਨਿਯਮਾਂ ਦੇ ਉਲਟ ਪਿਛਲੀ ਸਰਕਾਰ ’ਚ ਲੱਗੇ ਕਰੱਸ਼ਰਾਂ ਖ਼ਿਲਾਫ਼ ਕਾਰਵਾਈ ਤੋਂ ਟਾਲਾ ਵੱਟ ਲਿਆ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਜੇਸੀਬੀ ਇੱਕ ਕਾਂਗਰਸੀ ਆਗੂ ਦੀ ਹੈ, ਜਿਸ ਵੱਲੋਂ ਬਿਆਸ ਦਰਿਆ ’ਚ ਨਾਜਾਇਜ਼ ਮਾਈਨਿੰਗ ਕਰਵਾਈ ਜਾ ਰਹੀ ਸੀ। ਮ੍ਰਿਤਕ ਦੇ ਪੁੱਤਰ ਮੋਹਿਤ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਉਹ ਬਿਆਸ ਦਰਿਆ ਨਾਲ ਲੱਗਦੇ ਖੇਤਾਂ ’ਚ ਪਿਤਾ ਸੁਦੇਸ਼ ਕੁਮਾਰ (38) ਨਾਲ ਪੱਠੇ ਲੈਣ ਗਿਆ ਸੀ। ਇਸੇ ਦੌਰਾਨ ਉਨ੍ਹਾਂ ਦੀ ਜ਼ਮੀਨ ਕੋਲ ਬਿਆਸ ਦਰਿਆ ਵਿੱਚ ਇੱਕ ਜੇਸੀਬੀ ਖੁਦਾਈ ਕਰਨ ਲੱਗੀ, ਜਿਸ ’ਤੇ ਆਪਣੀ ਜ਼ਮੀਨ ਦੇ ਨੁਕਸਾਨ ਡਰੋਂ ਉਸਦਾ ਪਿਤਾ ਨੇ ਦਰਿਆ ’ਚ ਜਾ ਕੇ ਜੇਸੀਬੀ ਚਾਲਕ ਨੂੰ ਰੋਕਣਾ ਚਾਹਿਆ, ਪਰ ਜੇਸੀਬੀ ਡਰਾਈਵਰ ਨੇ ਹੇਠਾਂ ਉੱਤਰ ਕੇ ਉਸਦੇ ਪਿਤਾ ਨੂੰ ਡੂੰਘੇ ਪਾਣੀ ’ਚ ਧੱਕਾ ਦੇ ਦਿੱਤਾ। ਉਸਦੇ ਰੌਲਾ ਪਾਉਣ ’ਤੇ ਇਲਾਕੇ ਦੇ ਲੋਕ ਇਕੱਤਰ ਹੋ ਗਏ ਤੇ ਉਸਦੇ ਪਿਤਾ ਦੀ ਭਾਲ ਸ਼ੁਰੂ ਕੀਤੀ, ਪਰ ਉਸਦੇ ਪਿਤਾ ਦਾ ਕੋਈ ਥਹੁ ਪਤਾ ਨਾ ਲੱਗਾ।

ਕਰੀਬ 3 ਘੰਟੇ ਬਾਅਦ ਪੁੱਜੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬਾਹਰੋ ਗੋਤਾਖੋਰ ਮੰਗਵਾ ਕੇ 23 ਘੰਟੇ ਮਗਰੋਂ ਮ੍ਰਿਤਕ ਦੀ ਲਾਸ਼ ਬਰਾਮਦ ਕੀਤੀ ਹੈ। ਪੀੜਤ ਪਰਿਵਾਰ ਨਾਲ ਹਮਦਰਦੀ ਕਰਨ ਪੁੱਜੇ ਆਮ ਆਦਮੀ ਪਾਰਟੀ ਦੇ ਆਗੂ ਸੁਲੱਖਣ ਸਿੰਘ ਜੱਗੀ ਨੇ ਕਿਹਾ ਕਿ ਉਨ੍ਹਾਂ ਕੁਝ ਦਿਨ ਪਹਿਲਾਂ ਹੀ ਮਾਈਨਿੰਗ ਅਧਿਕਾਰੀ ਨੂੰ ਬਿਆਸ ਦਰਿਆ ਤੇ ਇਲਾਕੇ ’ਚ ਚੱਲਦੀ ਗੈਰ-ਕਨੂੰਨੀ ਮਾਈਨਿੰਗ ਖ਼ਿਲਾਫ਼ ਸ਼ਿਕੰਜਾ ਕੱਸਣ ਲਈ ਆਖਿਆ ਸੀ, ਪਰ ਮਾਈਨਿੰਗ ਅਧਿਕਾਰੀਆਂ ਦੇ ਕੰਨ ’ਤੇ ਜੂੰ ਨਹੀਂ ਸਰਕੀ।  ਇਸੇ ਕਾਰਨ ਕਿਸਾਨ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਹਨ। ਇਸ ਮੌਕੇ ‘ਆਪ’ ਦੇ ਹਲਕਾ ਇੰਚਾਰਜ ਪ੍ਰੋਫੈਸਰ ਗੁਰਧਿਆਨ ਸਿੰਘ ਮੁਲਤਾਨੀ ਨੇ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚੱਲ ਰਹੀ ਗੈਰਕਨੂੰਨੀ ਮਾਈਨਿੰਗ ਬੰਦ ਕਰਨ, ਮਸ਼ੀਨਰੀ ਜ਼ਬਤ ਕਰਨ ਤੇ ਪੀੜਤ ਪਰਿਵਾਰ ਨੂੰ ਇਨਸਾਫ ਦੁਆਉਣ ਲਈ ਆਖਿਆ। ਭਾਜਪਾ ਦੇ ਹਲਕਾ ਵਿਧਾਇਕ ਜੰਗੀ ਲਾਲ ਮਹਾਜਨ ਨੇ ਵੀ ਪੀੜਤ ਪਰਿਵਾਰ ਨੂੰ ਇਨਸਾਫ ਦਾ ਭਰੋਸਾ ਦੁਆਉਂਦਿਆਂ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਸਖਤ ਕਾਰਵਾਈ ਕਰਾਉਣ ਦਾ ਭਰੋਸਾ ਦੁਆਇਆ ਹੈ।

ਬਿਆਸ ਦਰਿਆ ’ਚ ਗੈਰ-ਕਨੂੰਨੀ ਮਾਈਨਿੰਗ ਕਰ ਰਹੇ ਕਰੱਸ਼ਰਾਂ ਖ਼ਿਲਾਫ਼ ਠੋਸ ਕਾਰਵਾਈ ਨਾ ਕਰਨ ਤੋਂ ਭੜਕੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੀ ਲਾਸ਼ ਮਿਲਣ ਮਗਰੋਂ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਹੇਠ ਥਾਣੇ ਅੱਗੇ ਧਰਨਾ ਦੇ ਦਿੱਤਾ। ਸਰਬਜੋਤ ਸਾਬੀ ਨੇ ਦੋਸ਼ ਲਾਇਆ ਕਿ ਅਕਾਲੀ ਦਲ ਨੂੰ ਭੰਡਣ ਵਾਲੀ ‘ਆਪ’ ਦੇ ਸ਼ਾਸਨ ਵਿੱਚ ਸ਼ਰ੍ਹੇਆਮ ਗੈਰ-ਕਨੂੰਨੀ ਮਾਈਨਿੰਗ ਚੱਲਣਾ ਸਰਕਾਰ ਦੀ ਕਹਿਣੀ ਤੇ ਕਰਨੀ ’ਚ ਅੰਤਰ ਹੈ।

ਅਣਪਛਾਤੇ ਜੇਸੀਬੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ: ਡੀਐੱਸਪੀ

ਡੀਐੱਸਪੀ ਮੁਕੇਰੀਆਂ ਪਰਮਜੀਤ ਸਿੰਘ ਨੇ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨਾਂ ’ਤੇ ਅਣਪਛਾਤੇ ਜੇਸੀਬੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਪਰ ਮਾਈਨਿੰਗ ਵਿਭਾਗ ਨੇ ਗੈਰ-ਕਨੂੰਨੀ ਮਾਈਨਿੰਗ ਬਾਰੇ ਕੋਈ ਰਿਪੋਰਟ ਪੁਲੀਸ ਨੂੰ ਨਹੀਂ ਸੌੌਂਪੀ। ਰਿਪੋਰਟ ਮਿਲਣ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਨਾਜਾਇਜ਼ ਰੇਤੇ ਨਾਲ ਭਰੀ ਟਰਾਲੀ ਸਣੇ ਕਾਬੂ

ਸ਼ਾਹਕੋਟ (ਪੱਤਰ ਪ੍ਰੇਰਕ)ਡੀਐੱਸਪੀ ਸ਼ਾਹਕੋਟ ਜਸਬਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਐੱਸਐੱਚਓ ਸ਼ਾਹਕੋਟ ਹਰਦੀਪ ਸਿੰਘ ਦੀ ਅਗਵਾਈ ਹੇਠ ਏ.ਐਸ.ਆਈ ਕਸ਼ਮੀਰ ਸਿੰਘ ਨੇ ਨਾਕਾਬੰਦੀ ਦੌਰਾਨ ਪਿੰਡ ਤਲਵੰਡੀ ਬੂਟੀਆਂ ਦੇ ਕੋਲੋਂ ਨਾਜਾਇਜ਼ ਰੇਤੇ ਨਾਲ ਭਰੇ ਟਰੈਕਟਰ/ਟਰਾਲੀ ਸਮੇਤ ਇਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕਿਹਾ ਕਿ ਟਰੈਕਟਰ ਨੂੰ ਚਲਾਉਣ ਵਾਲੇ ਨਰੇਸ਼ਪਾਲ ਸਿੰਘ ਉਰਫ ਪਾਲ ਪੁੱਤਰ ਤਰਲੋਚਨ ਸਿੰਘ ਵਾਸੀ ਮਹਿਮਦਪੁਰ ਥਾਣਾ ਸਦਰ ਨਕੋਦਰ ਰੇਤੇ ਦੀ ਮਾਈਨਿੰਗ ਦੀ ਪਰਚੀ/ਪਰਮਿਟ ਨਾ ਦਿਖਾਉਣ ਕਾਰਨ ਉਸ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈਸ਼ੁਰੂ  ਕਰ ਦਿੱਤੀ ਗਈ ਹੈ।

Related Articles

Leave a Comment