Home » ਲੋਕ ਸਭਾ ਹਲਕਾ ਸੰਗਰੂਰ ਦੇ 85 ਸਾਲ ਤੋਂ ਵਧੇਰੇ ਅਤੇ ਦਿਵਿਆਂਗ ਵੋਟਰਾਂ ਦੀਆਂ ਘਰ-ਘਰ ਪਹੁੰਚ ਕੇ ਪੋਸਟਲ ਬੈਲਟ ਰਾਹੀਂ ਵੋਟਾਂ ਪੁਆਉਣ ਦੀ ਪ੍ਰਕਿਰਿਆ ਸ਼ੁਰੂ

ਲੋਕ ਸਭਾ ਹਲਕਾ ਸੰਗਰੂਰ ਦੇ 85 ਸਾਲ ਤੋਂ ਵਧੇਰੇ ਅਤੇ ਦਿਵਿਆਂਗ ਵੋਟਰਾਂ ਦੀਆਂ ਘਰ-ਘਰ ਪਹੁੰਚ ਕੇ ਪੋਸਟਲ ਬੈਲਟ ਰਾਹੀਂ ਵੋਟਾਂ ਪੁਆਉਣ ਦੀ ਪ੍ਰਕਿਰਿਆ ਸ਼ੁਰੂ

199 ਵੋਟਰਾਂ ਨੇ ਚੁਣੀ ਹੈ ਇਹ ਸੁਵਿਧਾ, 27 ਮਈ ਤੱਕ ਚੱਲੇਗੀ ਪੋਸਟਲ ਬੈਲਟ ਨਾਲ ਵੋਟ ਪਵਾਉਣ ਦੀ ਪ੍ਰਕਿਰਿਆ, ਉਮੀਦਵਾਰਾਂ ਨੂੰ ਵੀ ਕੀਤਾ ਗਿਆ ਸੂਚਿਤ: ਜਤਿੰਦਰ ਜੋਰਵਾਲ

by Rakha Prabh
6 views
ਸੰਗਰੂਰ, 25 ਮਈ, 2024:
ਜ਼ਿਲ੍ਹਾ ਚੋਣ ਅਫ਼ਸਰ ਸੰਗਰੂਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਤੋਂ ਲੋਕ ਸਭਾ ਹਲਕਾ 12-ਸੰਗਰੂਰ ਦੇ ਅਧੀਨ ਆਉਂਦੇ ਵਿਧਾਨ ਸਭਾ ਸੈਗਮੈਂਟਾਂ ਵਿੱਚ ਨਿਰਧਾਰਿਤ ਸ਼ਡਿਊਲ ਅਨੁਸਾਰ 85 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਸਿਟੀਜ਼ਨਾਂ ਤੇ ਦਿਵਿਆਂਗਜਨ ਵੋਟਰਾਂ ਦੀਆਂ ਵੋਟਾਂ ਉਨ੍ਹਾਂ ਦੇ ਘਰ ਘਰ ਜਾ ਕੇ ਪੁਆਉਣ ਲਈ ਚੋਣ ਅਮਲੇ ਉਤੇ ਆਧਾਰਿਤ ਟੀਮਾਂ ਸਰਗਰਮ ਹੋ ਗਈਆਂ ਹਨ। ਇਸ ਸਬੰਧੀ ਅੱਜ ਵਿਧਾਨ ਸਭਾ ਸੈਗਮੈਂਟਾਂ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ ਦੀ ਨਿਗਰਾਨੀ ਹੇਠ ਚੋਣ ਅਮਲੇ ਨੇ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਇਸ ਪ੍ਰਕਿਰਿਆ ਨੂੰ ਅਮਲ ਵਿੱਚ ਲਿਆਂਦਾ।
ਪੋਸਟਲ ਬੈਲਟ ਦੇ ਨੋਡਲ ਅਫ਼ਸਰ ਕਰਨਬੀਰ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪ੍ਰਕਿਰਿਆ 27 ਮਈ ਤੱਕ ਜਾਰੀ ਰਹੇਗੀ ਅਤੇ 85 ਸਾਲ ਤੋਂ ਵੱਧ ਉਮਰ ਵਰਗ ਦੇ ਸੀਨੀਅਰ ਸਿਟੀਜ਼ਨ ਅਤੇ ਦਿਵਿਆਂਗਜਨ ਵੋਟਰਾਂ, ਜਿਨ੍ਹਾਂ ਵੱਲੋਂ ਨਿਰਧਾਰਤ ਫਾਰਮ ਭਰ ਕੇ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਬੇਨਤੀ ਕੀਤੀ ਗਈ ਸੀ, ਉਨ੍ਹਾਂ ਦੇ ਘਰਾਂ ਵਿੱਚ ਪਹੁੰਚ ਕਰਕੇ ਵੋਟਾਂ ਪਵਾਉਣ ਦੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਮੂਹ ਉਮੀਦਵਾਰਾਂ ਨੂੰ ਨਿਰਧਾਰਤ ਸ਼ਡਿਊਲ ਸਬੰਧੀ ਅਗੇਤੇ ਤੌਰ ਤੇ ਸੂਚਿਤ ਕਰ ਦਿੱਤਾ ਗਿਆ ਸੀ ਤਾਂ ਜੋ ਕੋਈ ਵੀ ਉਮੀਦਵਾਰ ਜਾਂ ਚੋਣ ਏਜੰਟ ਇਸ ਪ੍ਰਕਿਰਿਆ ਦੌਰਾਨ ਆਪਣੀ ਸਹਿਮਤੀ ਨਾਲ ਮੌਜੂਦ ਰਹਿ ਸਕੇ।
ਉਨ੍ਹਾਂ ਦੱਸਿਆ ਕਿ ਇਸ ਟੀਮ ਵਿੱਚ ਮਾਈਕਰੋ ਅਬਜ਼ਰਵਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਇਹ ਪ੍ਰਕਿਰਿਆ ਉਨ੍ਹਾਂ ਦੀ ਮੌਜੂਦਗੀ ਵਿੱਚ ਅਮਲ ਵਿੱਚ ਲਿਆਂਦੀ ਜਾਵੇ ਅਤੇ ਕੋਈ ਵੀ ਯੋਗ ਵੋਟਰ ਆਪਣੇ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ। ਉਨ੍ਹਾਂ ਦੱਸਿਆ ਕਿ ਸਮੁੱਚੇ ਅਮਲ ਦੌਰਾਨ ਵੋਟ ਦੀ ਗੋਪਨੀਅਤਾ ਨੂੰ ਯਕੀਨੀ ਬਣਾਇਆ ਜਾਂਦਾ ਹੈ ਅਤੇ ਸਾਰੀਆਂ ਟੀਮਾਂ ਸਖਤੀ ਨਾਲ ਚੋਣ ਕਮਿਸ਼ਨ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਪਾਬੰਦ ਹਨ।
ਫੋਟੋ ਕੈਪਸ਼ਨ: ਲੋਕ ਸਭਾ ਹਲਕਾ 12- ਸੰਗਰੂਰ ਵਿੱਚ ਵਿਧਾਨ ਸਭਾ ਸੈਗਮੈਂਟ ਲਹਿਰਾ ਵਿੱਚ ਪੈਂਦੇ ਪਿੰਡ ਡੂਡੀਆਂ ਵਿਖੇ ਪੋਲਿੰਗ ਪਾਰਟੀ ਇੱਕ ਦਿਵਿਆਂਗ ਵੋਟਰ ਦੇ ਘਰ ਪਹੁੰਚ ਕੇ ਵੋਟ ਪਵਾਉਂਦੀ ਹੋਈ।

Related Articles

Leave a Comment