ਸਿਹਤ ਵਿਭਾਗ ਵੱਲੋਂ 31 ਮਈ ਤੱਕ ਮਨਾਇਆ ਜਾ ਰਿਹੈ ਤੰਬਾਕੂ ਵਿਰੋਧੀ ਪੰਦਰਵਾੜਾ
ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ‘ਤੇ ਆਮ ਲੋਕਾਂ ਨੂੰ ਕੀਤਾ ਜਾ ਰਿਹੈ ਜਾਗਰੂਕ: ਡਾ. ਪਰਮਿੰਦਰ ਕੌਰ
ਦਲਜੀਤ ਕੌਰ
ਸੰਗਰੂਰ, 25 ਮਈ, 2023: ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ 31 ਮਈ ਤੱਕ ਤੰਬਾਕੂ ਵਿਰੋਧੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਪੰਦਰਵਾੜੇ ਦੌਰਾਨ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ‘ਤੇ ਤੰਬਾਕੂ ਸੇਵਨ ਕਰਨ ਨਾਲ ਸਰੀਰ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਤੰਬਾਕੂ ਵਿੱਚ ਨਿਕੋਟੀਨ ਸਮੇਤ 4 ਹਜ਼ਾਰ ਕਿਸਮ ਦੇ ਜ਼ਹਿਰੀਲੇ ਤੱਤ ਪਾਏ ਜਾਂਦੇ ਹਨ, ਜਿਸ ਨਾਲ ਮੂੰਹ, ਗਲਾ, ਫ਼ੇਫੜੇ ਆਦਿ ਦਾ ਕੈਂਸਰ, ਦੰਦਾਂ ਦੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਹੁੰਦਾ ਹੈ। ਇਸ ਤੋਂ ਇਲਾਵਾ ਇਸ ਦੇ ਸੇਵਨ ਨਾਲ ਸਰੀਰ ਵਿੱਚ ਰੋਗਾਂ ਵਿਰੁੱਧ ਲੜਨ ਦੀ ਸ਼ਕਤੀ ਵੀ ਘਟ ਜਾਂਦੀ ਹੈ, ਜਿਸ ਨਾਲ ਆਮ ਬੀਮਾਰੀ ਵੀ ਘਾਤਕ ਸਾਬਤ ਹੋ ਸਕਦੀ ਹੈ।
ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਨੇ ਕਿਹਾ ਕਿ ਐਕਟਿਵ ਸਮੋਕਿੰਗ ਦੇ ਨਾਲ-ਨਾਲ ਪੈਸਿਵ ਸਮੋਕਿੰਗ ਵੀ ਖ਼ਤਰਨਾਕ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਿਗਰਟ, ਬੀੜੀ ਪੀਣ ਵਾਲੇ ਵਿਅਕਤੀ ਨੂੰ ਤਾਂ ਨੁਕਸਾਨ ਹੁੰਦਾ ਹੀ ਹੈ ਪਰ ਪੀਣ ਵਾਲੇ ਦੇ ਨੇੜੇ ਖੜੇ ਵਿਅਕਤੀਆਂ ਨੂੰ ਉਸ ਨਾਲੋਂ ਵੀ ਵਧੇਰੇ ਨੁਕਸਾਨ ਹੋਣ ਦਾ ਖ਼ਤਰਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ਜਿਵੇਂ, ਬੱਸ ਅੱਡੇ, ਰੇਲਵੇ ਸਟੇਸ਼ਨ, ਹੋਟਲ, ਢਾਬੇ, ਬੱਸਾਂ, ਪੈਲੇਸ ਆਦਿ ‘ਤੇ ਤੰਬਾਕੂ ਦਾ ਸੇਵਨ ਕਰਨਾ ਗੈਰ-ਕਾਨੂੰਨੀ ਹੈ।
ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਬਲਜਿੰਦਰ ਸਿੰਘ, ਬਲਾਕ ਐਜੂਕੇਟਰ ਜਸਪਾਲ ਸਿੰਘ ਜਟਾਣਾ, ਮਲਟੀਪਰਪਜ਼ ਹੈਲਥ ਵਰਕਰ ਦਲਵੀਰ ਸਿੰਘ, ਅਕਰਮਨ ਸਿੰਘ ਆਦਿ ਮੌਜੂਦ ਸਨ।