ਸੀ-ਪਾਈਟ ਕੈਂਪ ਬੋੜਾਵਾਲ ਵਿਖੇ ਫੌਜ ‘ਚ ਭਰਤੀ ਲਈ ਸਰੀਰਕ ਸਿਖਲਾਈ ਸ਼ੁਰੂ
ਦਲਜੀਤ ਕੌਰ
ਸੰਗਰੂਰ, 25 ਮਈ, 2023:ਸੀ ਪਾਈਟ ਕੈਂਪ ਬੋੜਾਵਾਲ (ਮਾਨਸਾ) ਦੇ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਸੰਗਰੂਰ ਜ਼ਿਲ੍ਹੇ ਦੇ ਨੌਜਵਾਨ ਜੋ ਬੀ.ਆਰ.ਓ. ਪਟਿਆਲਾ ਵਿਖੇ ਹੋਈ ਲਿਖਤੀ ਪ੍ਰੀਖਿਆ ਵਿਚੋਂ ਪਾਸ ਹੋਏ ਹਨ ਉਨ੍ਹਾਂ ਲਈ ਪੰਜਾਬ ਸਰਕਾਰ ਦੇ ਰੋਜ਼ਗਾਰ ਤੇ ਉਤਪਤੀ ਵਿਭਾਗ ਵੱਲੋਂ ਸੀ ਪਾਈਟ ਕੈਂਪ ਬੋੜਾਵਾਲ ਵਿਖੇ ਵਿਸ਼ੇਸ਼ ਸਰੀਰਕ ਸਿਖਲਾਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਅਤੇ ਮਾਨਸਾ ਦੇ ਲਿਖਤੀ ਪ੍ਰੀਖਿਆ ਪਾਸ ਨੌਜਵਾਨ ਵੀ ਇਹ ਸਿਖਲਾਈ ਹਾਸਿਲ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਵਿਚ ਸਵੇਰੇ ਸ਼ਾਮ ਦੌੜ, ਬੀਮ ਅਤੇ 9 ਫੁੱਟ ਖੱਡੇ ਦਾ ਅਭਿਆਸ ਕਰਵਾਇਆ ਜਾਵੇਗਾ। ਕੈਂਪ ਵਿਚ ਦਾਖਲੇ ਲਈ ਚਾਹਵਾਨ ਨੌਜਵਾਨ ਦਸਵੀਂ ਅਤੇ ਬਾਰ੍ਹਵੀਂ ਦਾ ਸਰਟੀਫਿਕੇਟ, ਸਕੂਲ ਤੋਂ ਚਰਿੱਤਰ ਸਰਟੀਫਿਕੇਟ, ਜਾਤੀ, ਰਿਹਾਇਸ਼ੀ, ਪੇਂਡੂ ਖੇਤਰ, ਪੱਛੜੇ (ਬੈਕਵਰਡ) ਖੇਤਰ ਦਾ ਸਰਟੀਫਿਕੇਟ, ਆਧਾਰ ਕਾਰਡ, ਸਰਪੰਚ ਤੋਂ ਬਣੇ ਤਿੰਨੋ ਸਰਟੀਫਿਕੇਟ, ਐਡਮਿਟ ਕਾਰਡ ਅਤੇ 2 ਫੋਟੋਆਂ ਲਾਜ਼ਮੀ ਹਨ। ਇਸ ਤੋਂ ਇਲਾਵਾ ਸਿਖਲਾਈ ਲਈ ਆਉਣ ਵਾਲੇ ਨੌਜਵਾਨਾਂ ਲਈ ਨੀਲੀ ਬਨੈਣ, ਨੀਲੀ ਨਿੱਕਰ ਵਾਲੀ ਵਰਦੀ, ਪੀ.ਟੀ. ਵਾਲੇ ਬੂਟ, ਖਾਣਾ ਖਾਣ ਲਈ ਬਰਤਨ ਅਤੇ ਰਹਿਣ ਲਈ ਬਿਸਤਰਾ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਨੌਜਵਾਨਾਂ ਨੇ ਪੰਜਾਬ ਪੁਲਿਸ ਵਿੱਚ ਸਿਪਾਹੀ ਦੀ ਆਸਾਮੀ ਵਾਸਤੇ ਬਿਨੈ ਕੀਤਾ ਹੋਇਆ ਹੈ, ਉਹ ਲਿਖਤੀ ਪੇਪਰ ਦੀ ਤਿਆਰੀ ਲਈ ਵੀ ਆ ਸਕਦੇ ਹਨ। ਕੈਂਪ ਵਿਚ ਮੁਫ਼ਤ ਰਿਹਾਇਸ਼ ਅਤੇ ਮੁਫ਼ਤ ਖਾਣੇ ਦਾ ਪ੍ਰਬੰਧ ਹੈ। ਨੌਜਵਾਨ ਕਿਸੇ ਵੀ ਦਿਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਆਪਣੇ ਦਸਤਾਵੇਜ਼ ਅਤੇ ਜ਼ਰੂਰੀ ਸਾਮਾਨ ਨਾਲ ਰਿਪੋਰਟ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ 94632-89901 ਅਤੇ 78885-86296 ’ਤੇ ਸੰਪਰਕ ਕੀਤਾ ਜਾ ਸਕਦਾ ਹੈ।