ਸੋਸ਼ਲ ਮੀਡੀਆ ‘ਤੇ ਫੋਕੀ ਵਾਹ-ਵਾਹ ਖੱਟਣ ਲਈ ਜ਼ਮੀਨੀ ਹਕੀਕਤਾਂ ਤੋਂ ਕੋਰੇ ਨਿਰੀਖਣਾਂ ਦਾ ਸਖ਼ਤ ਵਿਰੋਧ
ਜ਼ਮੀਨੀ ਹਕੀਕਤਾਂ ਤੋਂ ਕੋਰੇ ਨਿਰੀਖਣਾਂ ਦਾ ਮਕਸਦ ਕੇਵਲ ਫੋਕੀ ਸ਼ੋਹਰਤ : ਡੀ. ਟੀ. ਐੱਫ.
ਜ਼ਮੀਨੀ ਹਕੀਕਤਾਂ ਨੂੰ ਜਾਣੇ ਬਿਨਾਂ ਨਿਰੀਖਣ ਦੇ ਨਾਂ ਤੇ ਅਧਿਆਪਕਾਂ ‘ਤੇ ਧੌਂਸ ਜਮਾਉਣ ਨਾਲ ਸਕੂਲੀ ਢਾਂਚੇ ਵਿੱਚ ਸੁਧਾਰ ਨਹੀਂ ਹੋ ਸਕਦਾ: ਡੀਟੀਐੱਫ
ਸਰਕਾਰੀ ਸਕੂਲਾਂ ਦੀ ਬਦਨਾਮੀ ਕਰਕੇ ਲੋਕਾਂ ਨੂੰ ਜਨਤਕ ਸਿੱਖਿਆ ਤੋਂ ਦੂਰ ਧੱਕਿਆ ਜਾ ਰਿਹਾ ਹੈ: ਡੀਟੀਐੱਫ
ਚੰਡੀਗੜ੍ਹ, 5 ਜੁਲਾਈ, 2023: ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਮਾਝੇ ਦੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਛੁੱਟੀਆਂ ਦੀ ਸਮਾਪਤੀ ਉਪਰੰਤ ਸਕੂਲ ਖੁੱਲ੍ਹਣ ਦੇ ਪਹਿਲੇ ਦਿਨ ਹੀ ਛਾਪੇਮਾਰੀ ਦਾ ਢੰਗ ਅਪਣਾ ਕੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਸਾਹਮਣੇ ਜ਼ਲੀਲ ਕਰਕੇ ਫੋਕੀ ਮੀਡੀਆ ਸ਼ੋਹਰਤ ਹਾਸਲ ਕਰਨ ਦਾ ਸਖ਼ਤ ਨੋਟਿਸ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ ਮੰਤਰੀ ਸਾਹਿਬ ਵੱਲੋਂ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦੀ ਸਮਾਪਤੀ ਉਪਰੰਤ ਪਹਿਲੇ ਹੀ ਦਿਨ ਵਿਦਿਆਰਥੀਆਂ ਦੀ ਹਾਜ਼ਰੀ ਘੱਟ ਹੋਣ, ਸਕੂਲ ਵਿਖੇ ਤਿਆਰ ਹੋ ਰਹੇ ਮਿਡ ਡੇ ਮੀਲ ਵਿੱਚ ਨੁਕਸ ਕੱਢਣਾ ਅਤੇ ਸਫਾਈ ਦੀ ਘਾਟ ਲਈ ਅਧਿਆਪਕਾਂ ਨੂੰ ਜਿੰਮੇਵਾਰ ਠਹਿਰਾਉਣਾ ਸਾਬਤ ਕਰਦਾ ਹੈ ਕਿ ਮੰਤਰੀ ਸਾਹਿਬ ਜ਼ਮੀਨੀ ਹਕੀਕਤਾਂ ਤੋਂ ਕੋਹਾਂ ਦੂਰ ਹਨ। ਉਹ ਨਹੀਂ ਜਾਣਦੇ ਕਿ ਬਜ਼ਾਰ ਵਿੱਚ ਅਦਰਕ ਅਤੇ ਟਮਾਟਰ ਦਾ ਭਾਅ ਕੀ ਹੈ? ਉਹ ਨਹੀਂ ਜਾਣਦੇ ਕਿ ਬਹੁਤੇ ਸਰਕਾਰੀ ਸਕੂਲਾਂ ਵਿੱਚ ਸਫਾਈ ਕਰਮਚਾਰੀਆਂ ਦੇ ਬਗੈਰ ਸਫ਼ਾਈ ਦਾ ਪ੍ਰਬੰਧ ਕਿਵੇਂ ਕੀਤਾ ਜਾਂਦਾ ਹੈ? ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿ ਸਕੂਲ ਵਿੱਚ ਕਿੰਨੀਆਂ ਅਸਾਮੀਆਂ ਖਾਲੀ ਹਨ ਅਤੇ ਉਨ੍ਹਾਂ ਖਾਲੀ ਅਸਾਮੀਆਂ ਦਾ ਭਾਰ ਕੌਣ ਕੌਣ ਢੋਅ ਰਿਹਾ ਹੈ? ਅਤੇ ਅਧਿਆਪਕਾਂ ਦੀ ਘਾਟ ਕਰਕੇ ਵਿਦਿਆਰਥੀਆਂ ਦੇ ਹੋ ਰਹੇ ਨੁਕਸਾਨ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ। ਉਹ ਇਹ ਨਹੀਂ ਜਾਣਦੇ ਕਿ ਛੁੱਟੀਆਂ ਸਮਾਪਤੀ ਉਪਰੰਤ ਪਹਿਲੇ ਦਿਨ ਕਿਸੇ ਵੀ ਅਦਾਰੇ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਸ਼ਤ ਪ੍ਰਤੀਸ਼ਤ ਨਹੀਂ ਹੁੰਦੀ?
ਆਗੂਆਂ ਨੇ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਸਕੂਲ ਮੁਖੀਆਂ, ਅਧਿਆਪਕਾਂ, ਨਾਨ ਟੀਚਿੰਗ ਸਟਾਫ, ਕਲਰਕਾਂ ਅਤੇ ਦਰਜ਼ਾ ਚਾਰ ਦੀਆਂ ਖਾਲੀ ਅਸਾਮੀਆਂ ਕੱਚੇ ਅਧਿਆਪਕਾਂ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਵਾਲੀਆਂ ਜ਼ਮੀਨੀ ਹਕੀਕਤਾਂ ਨੂੰ ਜਾਣੇ ਬਿਨਾਂ ਨਿਰੀਖਣ ਦੇ ਨਾਂ ਤੇ ਅਧਿਆਪਕਾਂ ‘ਤੇ ਧੌਂਸ ਜਮਾਉਣ ਨਾਲ ਸਕੂਲੀ ਢਾਂਚੇ ਵਿੱਚ ਸੁਧਾਰ ਨਹੀਂ ਹੋ ਸਕਦਾ, ਸਗੋਂ ਉਲਟਾ ਸਰਕਾਰੀ ਸਕੂਲਾਂ ਦੀ ਬਦਨਾਮੀ ਕਰਕੇ ਲੋਕਾਂ ਨੂੰ ਜਨਤਕ ਸਿੱਖਿਆ ਤੋਂ ਦੂਰ ਧੱਕਿਆ ਜਾ ਰਿਹਾ ਹੈ। ਡੀ.ਟੀ. ਐੱਫ. ਦੇ ਆਗੂਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਾਂਗਰਸ ਅਤੇ ਅਕਾਲੀ ਭਾਜਪਾ ਸਰਕਾਰਾਂ ਦੇ ਮੰਤਰੀਆਂ ਵੱਲੋਂ ਵੀ ਇਹੋ ਕੁਝ ਕੀਤਾ ਜਾਂਦਾ ਸੀ, ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ।
ਡੀ ਟੀ ਐੱਫ ਦੇ ਸੂਬਾਈ ਆਗੂਆਂ ਜਗਪਾਲ ਬੰਗੀ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਜਸਵਿੰਦਰ ਔਜਲਾ, ਰਘਵੀਰ ਭਵਾਨੀਗੜ੍ਹ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ, ਸੁਖਦੇਵ ਡਾਨਸੀਵਾਲ ਅਤੇ ਡੀ ਐੱਮ ਐੱਫ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਨੇ ਕਿਹਾ ਕਿ ਸਿੱਖਿਆ ਦੇ ਹਿੱਤ ਵਿੱਚ ਹੋਣ ਵਾਲੇ ਕਿਸੇ ਵੀ ਨਿਰੀਖਣ ਦਾ ਸਵਾਗਤ ਕੀਤਾ ਜਾਵੇਗਾ ਪ੍ਰੰਤੂ ਜੇਕਰ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਸ਼ੋਸ਼ਲ ਮੀਡੀਆ ‘ਤੇ ਫੋਕੀ ਵਾਹ ਵਾਹ ਖੱਟਣ ਲਈ ਜ਼ਮੀਨੀ ਹਕੀਕਤਾਂ ਤੋਂ ਕੋਰੇ ਨਿਰੀਖਣਾਂ ਦਾ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਸਖ਼ਤ ਵਿਰੋਧ ਕੀਤਾ ਜਾਵੇਗਾ।