ਚੰਡੀਗੜ੍ਹ/ਫਰੀਦਕੋਟ, 5 ਜੁਲਾਈ, 2023: ਕਿਰਤੀ ਕਿਸਾਨ ਯੂਨੀਅਨ ਨੇ ਮਾਲਵੇ ਦੇ ਵੱਡੇ ਹਿੱਸੇ ‘ਚ ਕਰੀਬ ਤਿੰਨ ਦਹਾਕਿਆਂ ਤੋਂ ਮਿਲ ਰਹੇ ਨਹਿਰੀ ਪਾਣੀ ਨੂੰ ਮੋਘੇ ਓੁੱਚੇ ਕਰਕੇ ਕੀਤੀ ਕਟੌਤੀ ਖਿਲਾਫ਼ ਅਤੇ ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਖਿਲਾਫ ਦਰਜ ਪਰਚਾ ਰੱਦ ਕਰਾਉਣ ਲਈ ਫਰੀਦਕੋਟ ‘ਚ ਜੋਰਦਾਰ ਮੁਜਾਹਰਾ ਕਰਦਿਆਂ ਐਕਸੀਅਨ ਨਹਿਰੀ ਵਿਭਾਗ ਦਾ ਘਿਰਾਓ ਕੀਤਾ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੁੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕੇ ਪੰਜਾਬ ਸਰਕਾਰ ਦੇ ਮੰਤਰੀ ਮੀਤ ਹੇਅਰ ਨੇ ਕੱਲ 16400 ਬੰਦ ਪਏ ਖਾਲ ਦੁਬਾਰਾ ਚਾਲੂ ਕਰਨ ਤੇ ਬਿਸਤ ਦੁਆਬ ਤੇ ਅਪਰ ਬਿਸਤ ਦੁਆਬ ਚ 20 ਫੀਸਦੀ ਵੱਧ ਪਾਣੀ ਛੱਡਣ ਦਾ ਦਾਅਵਾ ਕੀਤਾ ਹੈ। ਜਦਕਿ ਓੁਹ ਮਾਲਵੇ ਦੇ ਵੱਡੇ ਹਿੱਸੇ ਨੁੂੰ ਸਿੰਜਣ ਵਾਲੀ ਸਰਹਿੰਦ ਨਹਿਰ ਤੇ ਇਸਦੀਆਂ ਚਾਰ ਸ਼ਾਖਾਵਾਂ ਬਠਿੰਡਾ ਬਰਾਂਚ, ਅਬੋਹਰ ਬਰਾਂਚ, ਕੰਮਬਾਈਨਡ ਬਰਾਂਚ ਤੇ ਸਿੱਧਵਾਂ ਬਰਾਂਚ ਚ ਸਮੇਂ ਸਮੇਂ ਬੰਦੀ ਤੇ ਇਹਨਾਂ ਚੋ ਨਿਕਲਣ ਵਾਲੇ ਮਾਈਨਰਾਂ ਦੇ ਓੁੱਚੇ ਕੀਤੇ ਮੋਘਿਆ ਰਾਹੀਂ ਨਹਿਰੀ ਪਾਣੀ ‘ਚ ਕੀਤੀ ਕਟੌਤੀ ਤੇ ਚੁੱਪ ਹਨ। ਅਬੋਹਰ ਬਰਾਂਚ ‘ਚ ਅਜੇ ਵੀ ਮਹੀਨੇ ਲਈ ਵਾਰਬੰਦੀ ਕੀਤੀ ਹੋਈ ਹੈ। ਮਾਲਵੇ ਦੇ ਕਈ ਮਾਈਨਰ ਅਜੇ ਵੀ ਸੁੱਕੇ ਹਨ ਪਰ ਸਰਕਾਰ ਕਟੌਤੀ ਛੁਪਾ ਕੇ ਕਿਸੇ ਨਵੇਂ ਤੇ ਬਿਲਕੁਲ ਸੀਮਤ ਇਲਾਕੇ ‘ਚ ਪਹੁੰਚਾਏ ਪਾਣੀ ਬਾਰੇ ਜੋਰਦਾਰ ਪ੍ਰਚਾਰ ਕਰ ਰਹੀ ਹੈ, ਜਦਕਿ ਤੱਥ ਇਹ ਵੀ ਹੈ ਕਿ ਇਸ ਸਾਲ ਨਰਮੇ ਦੀ ਕਾਸ਼ਤ ਵਾਲੇ ਰਕਬੇ ‘ਚ ਰਿਕਾਰਡ ਤੋੜ ਕਟੌਤੀ ਨਹਿਰੀ ਪਾਣੀ ਸਮੇਂ ਸਿਰ ਨਾ ਮਿਲਣ ਕਰਕੇ ਹੋਈ ਹੈ ਕਿਉਂਕਿ ਨਰਮਾ ਪੱਟੀ ਚ ਧਰਤੀ ਹੇਠਲਾ ਪਾਣੀ ਫਸਲਾਂ ਲਈ ਠੀਕ ਨਹੀ। ਪਿਛਲੇ ਸਾਲ ਨਹਿਰੀ ਪਾਣੀ ਨਾ ਮਿਲਣ ਕਰਕੇ ਕਿੰਨੂਆਂ ਦੇ ਬਾਗ ਕਿਸਾਨ ਪੁੱਟਣ ਲਈ ਮਜਬੂਰ ਹੋਏ ਸੀ। ਉਨ੍ਹਾਂ ਕਿਹਾ ਕੇ ਨਹਿਰੀ ਵਿਭਾਗ ਮੁੜ ਚੱਕਬੰਦੀ ਕਰਕੇ ਨਹਿਰੀ ਪਾਣੀ ਨਾਲ ਸਿੰਜਿਆ (ਕਮਾਂਡ ਏਰੀਆ) ਤੇ ਨਾ ਸਿੰਜਿਆਂ ਜਾਣ ਵਾਲਾ (ਅਨਕਮਾਂਡ ਏਰੀਆ) ਪਤਾ ਲਗਾ ਰਿਹਾ ਹੈ। ਖੇਤਾਂ ਚ ਟਿਓੂਬਵੈਲਾਂ ਦੀ ਜਗਾਹ ਨੂੰ ਵੀ ਅਨਕਮਾਂਡ ਏਰੀਆ ‘ਚ ਲਿਆਂਦਾ ਜਾ ਰਿਹਾ ਹੈ। ਅਨਕਮਾਂਡ ਏਰੀਆ ਵੱਧ ਤੋਂ ਵੱਧ ਦਿਖਾ ਕੇ ਹੋਰ ਨਹਿਰੀ ਪਾਣੀ ‘ਚ ਕਟੌਤੀ ਦੀ ਤਿਆਰੀ ਹੈ।
ਕਿਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਜਸਵਿੰਦਰ ਸਿੰਘ ਝਬੇਲਵਾਲੀ, ਸੁਖਚੈਨ ਸਿੰਘ ਚੱਕ ਸੈਦੋਕੇ ਅਤੇ ਚਮਕੌਰ ਸਿੰਘ ਰੋਡੇ ਨੇ ਕਿਹਾ ਕੇ ਨਹਿਰੀ ਪਾਣੀ ਟੇਲਾ ਤੱਕ ਪੂਰਾ ਦੇਣ ਦੇ ਦਾਅਵੇ ਓਨਾਂ ਸਮਾਂ ਖੋਖਲੇ ਜਦ ਤੱਕ ਨਹਿਰੀ ਵਿਭਾਗ ਚ ਖਾਲੀ ਅਸਾਮੀਆਂ ਭਰਕੇ ਤੇ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੇਰੀਅਨ ਸਿਧਾਂਤ ਮੁਤਾਬਿਕ ਹੱਲ ਨਹੀ ਹੁੰਦਾ। ਨਹਿਰੀ ਵਿਭਾਗ ਚ ਮੁਲਾਜਿਮ ਨਾ ਪੂਰੇ ਹੋਣ ਕਰਕੇ ਨਹਿਰੀ ਢਾਂਚਾ ਕਮਜੋਰ ਹੋਣ ਕਰਕੇ ਟੇਲਾਂ ਤੱਕ ਪਾਣੀ ਨਹੀ ਪਹੁੰਚਦਾ ਜਦੋਂ ਪਾਣੀ ਪੂਰੀ ਮਾਤਰਾ ਚ ਛੱਡਿਆ ਜਾਂਦਾ ਤਾਂ ਰਜਬਾਹੇ ਟੁੱਟ ਜਾਂਦੇ ਨੇ ਕਿਉਂਕਿ ਨਹਿਰੀ ਵਿਭਾਗ ‘ਚ 8635 ਪੋਸਟਾਂ ਕਾਗਰਸ ਸਰਕਾਰ ਖਤਮ ਕਰ ਗਈ ਸੀ ਤੇ ਆਪ ਸਰਕਾਰ ਨੇ ਆਓੁਦਿਆਂ ਹੀ 3000 ਪੋਸਟਾਂ ਖ਼ਤਮ ਕਰ ਦਿੱਤੀਆਂ ਹਨ। ਨਹਿਰੀ ਸਫਾਈ ਦਾ ਕੰਮ ਸਰਕਾਰ ਨੇ ਨਰੇਗਾ ਵਾਲੇ ਕਾਮਿਆਂ ਤੋ ਕਰਾਇਆ ਹੈ। ਜਿਹਨਾਂ ਨੂੰ ਲਾਇਨਿੰਗ ਸਹੀ ਕਰਨ ਦਾ ਤਜਰਬਾ ਨਾ ਹੋਣ ਕਰਕੇ ਤਾਂ ਪਾਣੀ ਦੀ ਰਫਤਾਰ ਸਹੀ ਨਹੀ ਕਰ ਸਕਦੇ। ਜਿਸ ਕਰਕੇ ਟੇਲਾਂ ਤੇ ਪਾਣੀ ਨਹੀ ਪਹੁੰਚਦਾ ਤੇ ਸਰਕਾਰ ਨੇ ਨਹਿਰੀ ਢਾਂਚਾ ਮਜਬੂਤ ਕਰਨ ਦੀ ਬਜਾਈ ਮੋਘੇ ਓੁੱਚੇ ਕਰਕੇ ਟੇਲਾਂ ਤੇ ਪਾਣੀ ਪਹੁੰਚਾਓੁਣ ਦਾ ਫੈਸਲਾ ਕਰ ਲਿਆ ਜੋ ਕੇ ਕਿਸਾਨ ਵਿਰੋਧੀ ਨੇ।
ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਕਿਹਾ ਕੇ ਹਰ ਖੇਤ ਤੱਕ ਨਹਿਰੀ ਪਾਣੀ ਤੇ ਪੰਜਾਬ ਦਾ ਪਾਣੀਆਂ ਦਾ ਮਸਲਾ ਰਿਪੇਰੀਅਨ ਸਿਧਾਂਤ ਮੁਤਾਬਿਕ ਹੱਲ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਕਿਰਤੀ ਕਿਸਾਨ ਯੂਨੀਅਨ ਨੇ ਤਿੰਨ ਘੰਟੇ ਅਧਿਕਾਰੀਆਂ ਦਾ ਘਿਰਾਓ ਕੀਤਾ ਘਿਰਾਓ ਦੌਰਾਨ ਤਹਿਸੀਲਦਾਰ ਫਰੀਦਕੋਟ ਨੇ ਪਹੁੰਚ ਮੋਘੇ ਠੀਕ ਕਰਨ ਤੇ ਪਰਚੇ ਰੱਦ ਕਰਨ ਦਾ ਭਰੋਸਾ ਦਿੱਤਾ ਤੇ ਕੱਲ ਕਿਸਾਨ ਆਗੂਆਂ ਤੇ ਐੱਸ ਡੀ ਐੱਮ ਦੀ ਮੀਟਿੰਗ ਤਹਿ ਕਰਕੇ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ। ਅੱਜ ਦੇ ਧਰਨੇ ਨੂੰ ਸਰਦੂਲ ਸਿੰਘ ਕਾਸਿਮਭੱਟੀ, ਸੁਰਿੰਦਰਪਾਲ ਦਬੜੀਖਾਨਾ, ਰਜਿੰਦਰ ਕਿੰਗਰਾ ਤੇ ਗੁਰਮੀਤ ਸੰਗਰਾਹੂਰ ਆਦਿ ਆਗੂਆਂ ਵੀ ਸੰਬੋਧਨ ਕੀਤਾ।