– ਮਾਮਲਾ – ਐਕਸੀਡੈਂਟ ਵਿਚ ਨੌਜਵਾਨ ਦੀ ਹੋਈ ਮੌਤ ਦਾ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਨਾ ਮਿਲਣ ਦਾ
–
– ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਵੀ ਚੌਕ ਵਿੱਚ ਲਾਸ਼ ਨੂੰ ਰੱਖ ਕੇ ਧਰਨਾ ਜਾਰੀ ਰਿਹਾ,,,
ਮਨਜੀਤ ਸਿੰਘ ਢੱਲਾ
ਜੈਤੋ, 6 ਅਪ੍ਰੈਲ 2024 –
ਪਿਛਲੇ ਤਿੰਨ ਦਿਨ ਪਹਿਲਾਂ ਜੈਤੋ -ਕੋਟਕਪੂਰਾ ਰੋਡ ਤੇ ਇੱਕ ਸੜਕ ਹਾਦਸੇ ਦੌਰਾਨ ਇਕ ਨੌਜਵਾਨ ਸ਼ਿਵ ਕੁਮਾਰ 22 ਦੀ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਵਿੱਚ ਮੌਤ ਹੋ ਗਈ ਸੀ। ਇਸ ਮੌਤ ਨੂੰ ਲੈਕੇ ਮ੍ਰਿਤਕ ਦੇ ਪਰਿਵਾਰ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਜੈਤੋ ਬੱਸ ਸਟੈਂਡ ਚੌਂਕ ਵਿੱਚ ਆਵਾਜਾਈ ਰੋਕ ਕੇ ਧਰਨਾ ਦਿੱਤਾ ਗਿਆ ਅਤੇ ਅਸਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਇਸ ਧਰਨੇ ਵਿੱਚ ਮ੍ਰਿਤਕ ਦੀ ਲਾਸ਼ ਨੂੰ ਚੌਕ ਵਿੱਚ ਰੱਖ ਕੇ ਪੁਲਿਸ ਪ੍ਰਸ਼ਾਸਨ ਅਤੇ ਹਲਕੇ ਦੇ ਵਿਧਾਇਕ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਮ੍ਰਿਤਕ ਸ਼ਿਵ ਕੁਮਾਰ 22 ਪੁੱਤਰ ਗੁਰਦੀਪ ਸਿੰਘ ਵਾਸੀ ਜੈਤੋ ਦੇ ਪ੍ਰਵਾਰ ਨੇ ਕਿਹਾ ਕਿ ਦੋਸ਼ੀਆਂ ਨੂੰ ਫੜਨ ਵਿਚ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਚਲ ਰਹੀ ਹੈ।
ਧਰਨੇ ਤੇ ਪਹੁੰਚੇ ਡੀਐਸਪੀ ਸੁਖਦੀਪ ਸਿੰਘ ਦੇ ਭਰੋਸੇ ਤੋਂ ਬਾਅਦ ਧਰਨਕਾਰੀਆਂ ਨੇ ਧਰਨਾਂ ਚੁੱਕ ਦਿੱਤਾ ਸੀ ,ਉਸ ਤੋਂ ਬਾਅਦ ਮਾਮਲਾ ਹੱਲ ਨਾ ਹੋਣ ਦੀ ਸੂਰਤ ਤੇ ਪੀੜਤ ਪਰਿਵਾਰ ਵੱਲੋਂ ਦੂਜੇ ਦਿਨ ਸਵੇਰੇ ਧਰਨਾ ਲਗਾ ਦਿੱਤਾ । ਪੀੜਤ ਪਰਿਵਾਰ ਦੇ ਹੱਕ ਮਜ਼ਦੂਰ ਅਤੇ ਕਿਸਾਨ ਜੱਥੇਬੰਦੀਆਂ ਧਰਨੇ ਵਿੱਚ ਸ਼ਾਮਲ ਹੋਈਆਂ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਜਿਨ੍ਹਾਂ ਚਿਰ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਨ੍ਹਾਂ ਚਿਰ ਇਹ ਧਰਨਾ ਲਗਾਤਾਰ ਜਾਰੀ ਰਹੇਗਾ। ਇਸ ਧਰਨੇ ਵਿੱਚ ਔਰਤਾਂ ਤੋਂ ਇਲਾਵਾ ਭਾਰੀ ਗਿਣਤੀ ਮਜ਼ਦੂਰ ਵਰਗ ਵੀ ਹਾਜ਼ਰ ਸਨ। ਇਸ ਮੌਕੇ ਐਸ ਐਸ ਪੀ ਫਰੀਦਕੋਟ ਹਰਜੀਤ ਸਿੰਘ ਨੇ ਕਿਹਾ ਕਿ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਪੀੜਤ ਪਰਿਵਾਰ ਦੇ ਦੱਸਣ ਅਨੁਸਾਰ ਗੱਡੀ ਦਾ ਨੰਬਰ ਦਿੱਲੀ ਦਾ ਦੱਸਿਆ ਜਾ ਰਿਹਾ ਹੈ ਤੇ ਗੱਡੀ ਅਤੇ ਗੱਡੀ ਚਾਲਕ ਦੀ ਤਲਾਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਅਸਲ ਦੋਸ਼ੀਆਂ ਨੂੰ ਫੜਨ ਵਿਚ ਪੁਲਿਸ ਲੱਗੀ ਹੋਈ ਹੈ ਅਤੇ ਐਕਸੀਡੈਂਟ ਵਾਲੀ ਗੱਡੀ ਦੀ ਭਾਲ ਜਾਰੀ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈਕੇ ਤਫਦੀਸ਼ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਇਹ ਧਰਨਾ ਜਾਰੀ ਸੀ। ਇਸ ਮੌਕੇ ਕਿਸਾਨ ਆਗੂ ਬੇਅੰਤ ਸਿੰਘ ਰਾਮੇਆਣਾ, ਡਾਕਟਰ ਰਮਨਦੀਪ ਸਿੰਘ, ਲਖਵਿੰਦਰ ਸਿੰਘ ਲੱਖਾ, ਸਿਕੰਦਰ ਸਿੰਘ ਅਜਿੱਤਗਿੱਲ, ਸਰਬਜੀਤ ਸਿੰਘ ਅਜਿੱਤਗਿੱਲ ਆਦਿ ਨੇ ਪੀੜਤ ਪਰਿਵਾਰ ਦੇ ਹੱਕ ਵਿੱਚ ਅਤੇ ਇਨਸਾਫ਼ ਦਿਵਾਉਣ ਲਈ ਸ਼ਮੁਲੀਅਤ ਕੀਤੀ।