ਮੋਗਾ 3 ਜਨਵਰੀ ( ਜੀ ਐਸ ਸਿੱਧੂ / ਅਜੀਤ ਸਿੰਘ )
ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਮੌਕੇ ਸਿੰਘ ਸਾਹਿਬ ਜਥੇਦਾਰ ਗੁਰਦੇਵ ਸਿੰਘ ਕਾਉਕੇ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਜ਼ਾਵਾਂ ਕਿਉਂ ਨਹੀਂ ਦਿੱਤੀਆਂ ਗਈਆਂ।ਪਰ ਏਡੀਜੀਪੀ ਤਿਵਾੜੀ ਦੀ ਰਿਪੋਰਟ ਲੀਕ ਹੋਣ ਨੂੰ ਅਧਾਰ ਬਣਾ ਕੇ ਡਰਾਮਾ ਕਿਉਂ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੰਘ ਸਾਹਿਬ ਜਥੇਦਾਰ ਅਮਰੀਕ ਸਿੰਘ ਅਜਨਾਲਾ ਮੁਖੀ ਦਮਦਮੀ ਟਕਸਾਲ ਅਜਨਾਲਾ, ਸੰਤ ਬਾਬਾ ਬਲਦੇਵ ਸਿੰਘ ਜੋਗੇਵਾਲਾ ਮੁਖੀ ਦਮਦਮੀ ਟਕਸਾਲ ਜੋਗੇਵਾਲਾ , ਸੰਤ ਬਾਬਾ ਰੇਸ਼ਮ ਸਿੰਘ ਖੁਖਰਾਣਾ, ਬਾਬਾ ਚਮਕੌਰ ਸਿੰਘ ਭਾਈ ਰੂਪਾ, ਬਾਬਾ ਮੇਜਰ ਸਿੰਘ ਪੰਡੋਰੀ ਅਤੇ ਪੰਥਕ ਆਗੂ ਭਾਈ ਰਣਜੀਤ ਸਿੰਘ ਵਾਂਦਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪੰਥਕ ਆਗੂਆਂ ਨੇ ਕਿਹਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਸੱਤਾਂ ਵਿੱਚੋਂ ਬਾਹਰ ਹੁੰਦਾ ਹੈ ਤਾਂ ਉਹਨਾਂ ਨੂੰ ਪੰਥਕ ਦਰਦੀ ਬਣਕੇ ਪੰਥਕ ਮੁੱਦੇ ਯਾਦ ਯਾਦ ਆਉਂਦੇ ਹਨ । ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਮੌਕੇ ਸਿੱਖ ਕੌਮ ਨਾਲ ਹੋਏ ਜ਼ੁਲਮ ਦੀ ਯਾਦ ਆਉਂਦੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਹੋਈਆ ਬੇਅਦਬੀਆਂ ਯਾਦ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅਕਾਲੀ ਭਾਜਪਾ ਗੱਠਜੋੜ ਸਰਕਾਰ ਮੌਕੇ ਖੂਬ ਰਾਜਸੀ ਅਨੰਦ ਮਾਣਿਆ ਪਰ ਉਸ ਵੇਲੇ ਨਾ ਤਾ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਨਾ ਹੀ ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਯਾਦ ਆਈ ਅਤੇ ਜੇਲਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਮੁੱਦਾ ਚੁੱਕਿਆ । ਉਨ੍ਹਾਂ ਕਿਹਾ ਕਿ ਉਸ ਵੇਲੇ ਦੇ ਐਸ ਐਸ ਪੀ ਸਵਰਨ ਸਿੰਘ ਘੋਟਣਾ ਦਾ ਨਾਮ ਰਿਪੋਰਟ ਵਿਚ ਸਪੱਸ਼ਟ ਹੋਣ ਦੇ ਬਾਵਜੂਦ ਬਾਦਲ ਸਰਕਾਰ ਵੱਲੋਂ ਕੋਈ ਕਾਰਵਾਈ ਕੀਤੀ ਗਈ ਅਤੇ ਨਾ ਹੀ ਪੰਜਾਬ ਦੇ ਪਾਣੀਆਂ, ਚੰਡੀਗੜ੍ਹ ਵਰਗੇ ਅਹਿਮ ਮੁੱਦਿਆਂ ਦੀ ਬਹਿਸ ਲਈ ਸੁੱਧ ਬੁੱਧ ਰਹੀ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਬਣਾਈ ਤਿਵਾੜੀ ਸਿੱਟ ਅਤੇ ਬਰਗਾੜੀ ਕਾਂਡ ਜਸਟਿਸ ਜੋਰਾ ਸਿੰਘ ਕਮਿਸ਼ਨ ਰਿਪੋਰਟ ਬਣਾਉਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਹੁਣ ਬਾਦਲ ਕਿਹੜੇ ਮੂੰਹ ਨਾਲ ਪੰਥਕ ਹਿੱਤਾਂ ਦੀ ਰਾਖੀ ਕਰਨ ਦੀ ਗੱਲ ਕਰਦੇ ਹਨ ਅਤੇ ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਦਾ ਸ਼ਹੀਦੀ ਦਿਹਾੜਾ ਮਨਾ ਕੇ ਸਿੱਖ ਕੌਮ ਦੀ ਆ ਅੱਖੀਂ ਘੱਟਾ ਪਾਉਣ ਲਈ ਨੀਤੀ ਅਪਣਾਈ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਦੇ ਗਿਆਨੀ ਜਸਵਿੰਦਰ ਸਿੰਘ ਜੋਗੇਵਾਲਾ, ਗਿਆਨੀ ਪਰਮਿੰਦਰ ਸਿੰਘ, ਗਿਆਨੀ ਅਮਰੀਕ ਸਿੰਘ ਜ਼ੀਰਾ, ਰਾਜਵਿੰਦਰ ਸਿੰਘ, ਕੁਲਵੰਤ ਸਿੰਘ ਗਾਦੜੀ ਵਾਲਾ ਆਦਿ ਹਾਜ਼ਰ ਸਨ।