ਸ੍ਰੀ ਮੁਕਤਸਰ ਸਾਹਿਬ, 5 ਜਨਵਰੀ (ਰਣਜੀਤ ਸਿੰਘ )- ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦਾ ਦਿਹਾਂਤ ਹੋ ਗਿਆ ਹੈ। ਉਹ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦੀ ਰਿਹਾਇਸ਼ ਸ੍ਰੀ ਮੁਕਤਸਰ ਸਾਹਿਬ ਵਿਖੇ ਸੀ। ਉਨ੍ਹਾਂ ਦੇ ਸਪੁੱਤਰ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਕਾਫ਼ੀ ਸਮਾਂ ਸ੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਸਬ ਜੇਲ੍ਹ ਵਿਖੇ ਜੇਲ੍ਹ ਸੁਪਰਡੈਂਟ ਵਜੋਂ ਸੇਵਾਵਾਂ ਨਿਭਾਈਆਂ ਅਤੇ ਹੁਣ ਲੁਧਿਆਣਾ ਵਿਖੇ ਤਾਇਨਾਤ ਹਨ। ਗਿਆਨੀ ਬਲਵੰਤ ਸਿੰਘ ਨੰਦਗੜ੍ਹ ਪ੍ਰਸਿੱਧ ਧਾਰਮਿਕ ਸ਼ਖਸੀਅਤ ਸਨ ਅਤੇ ਪੰਥਕ ਹਲਕਿਆਂ ਵਿਚ ਬਹੁਤ ਸਤਿਕਾਰ ਰੱਖਦੇ ਸਨ। ਉਨ੍ਹਾਂ ਦੇ ਦਾਮਾਦ ਪ੍ਰਗਟ ਸਿੰਘ ਭੋਡੀਪੁਰਾ ਨੇ ਦੱਸਿਆ ਕਿ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦਾ ਅੰਤਿਮ ਸਸਕਾਰ ਬਾਅਦ ਦੁਪਹਿਰ 2.30 ਵਜੇ ਫਾਰਮ ਹਾਊਸ ਬੂੜਾ ਗੁੱਜਰ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਜਾਵੇਗਾ।