ਦਲਜੀਤ ਕੌਰ
ਭਵਾਨੀਗੜ੍ਹ, 14 ਸਤੰਬਰ, 2023: ਸਿਵਲ ਸਰਜਨ ਡਾ. ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਬਿਪਨਜੀਤ ਖੋਸਾ ਦੀ ਯੋਗ ਅਗਵਾਈ ਹੇਠ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਤਹਿਤ ਭਵਾਨੀਗੜ੍ਹ ਸ਼ਹਿਰ ਦੀ ਐਸ਼ਵੀਰ ਕੌਰ ਅਤੇ ਪ੍ਰਭਜੋਤ ਸਿੰਘ ਦਾ ਦਿਲ ਦੇ ਛੇਕ ਦੀ ਬਿਮਾਰੀ ਦਾ ਸਫ਼ਲ ਆਪ੍ਰੇਸ਼ਨ ਕਰਵਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਅਨਿਤ ਕੁਮਾਰ, ਡਾ. ਪ੍ਰੀਤੀ ਗਰਗ ਅਤੇ ਡਾ. ਮੋਨਿਕਾ ਸ਼ਰਮਾ ਨੇ ਦੱਸਿਆ ਕਿ ਰਾਸ਼ਟਰੀ ਬਾਲ ਸਵਾਸਥ ਕ੍ਰਾਇਆਕ੍ਰਮ (ਆਰ.ਬੀ.ਐਸ.ਕੇ.) ਤਹਿਤ ਤੀਜੇ ਕਲਾਸ ਦੀ ਵਿਦਿਆਰਥਣ ਐਸ਼ਵੀਰ ਕੌਰ ਦਾ ਫੋਟੀਸ ਹਸਪਤਾਲ, ਮੋਹਾਲੀ ਅਤੇ ਪ੍ਰਭਜੋਤ ਸਿੰਘ ਦਾ ਪੀ ਜੀ ਆਈ ਹਸਪਤਾਲ ਚੰਡੀਗੜ੍ਹ ਤੋਂ ਦਿਲ ਦੇ ਸੁਰਾਖ਼ ਦਾ ਸਫ਼ਲ ਅਪਰਸ਼ੇਨ ਕੀਤਾ ਗਿਆ ਜਿਸ ਨਾਲ ਦੋਵੇਂ ਬੱਚਿਆਂ ਨਵੀਂ ਜ਼ਿੰਦਗੀ ਮਿਲੀ ਹੈ।
ਉਨ੍ਹਾਂ ਦੱਸਿਆ ਕਿ ਆਪ੍ਰੇਸ਼ਨ ਦਾ ਖਰਚਾ ਆਰ.ਬੀ.ਐਸ.ਕੇ. ਤਹਿਤ ਸਰਕਾਰ ਵੱਲੋਂ ਕੀਤਾ ਗਿਆ ਹੈ। ਦੋਵਾਂ ਬੱਚਿਆਂ ਦੇ ਮਾਤਾ-ਪਿਤਾ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਯੋਜਨਾ ਤਹਿਤ ਬੱਚੇ ਦਾ ਇਲਾਜ ਬਿਲਕੁਲ ਮੁਫ਼ਤ ਹੋਇਆ ਹੈ ਜਦਕਿ ਪ੍ਰਾਈਵੇਟ ਤੌਰ ’ਤੇ ਇਸ ਦਾ ਇਲਾਜ ਬਹੁਤ ਮਹਿੰਗਾ ਸੀ।
ਬਲਾਕ ਐਜੂਕੇਟਰ ਸ੍ਰੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਸੂਬਾ ਸਰਕਾਰ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਆਂਗਨਵਾੜੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਰਜਿਸਟਰਡ 0 ਤੋਂ 18 ਸਾਲ ਤੱਕ ਦੇ ਬੱਚਿਆਂ ਦਾ ਇਲਾਜ ਮੁਫ਼ਤ ਵਿੱਚ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਜਨਮ ਜਾਤ ਬਿਮਾਰੀਆਂ, ਦਿਲ ਦੀਆਂ ਬਿਮਾਰੀਆਂ, ਮੰਦਬੁੱਧੀ, ਬੋਲਣ ਵਿੱਚ ਦੇਰੀ, ਦੰਦਾਂ ਦੀਆਂ ਬਿਮਾਰੀਆਂ, ਟੇਢੇ ਪੈਰ, ਰੀੜ੍ਹ ਦੀ ਹੱਡੀ ਵਿਚ ਸੋਜ਼ ਸਮੇਤ 31 ਬਿਮਾਰੀਆਂ ਦਾ ਇਲਾਜ ਮੁਫ਼ਤ ਵਿੱਚ ਕੀਤਾ ਜਾਂਦਾ ਹੈ।