ਸਰਕਾਰ ਖਾਮੋਸ਼ ਹੜ੍ਹਾਂ ਨਾਲ ਕਿਸਾਨਾਂ ਦੀਆਂ ਫਸਲਾਂ ‘ ਤੇ ਜ਼ਮੀਨਾਂ, ਘਰ , ਪੁਲ ਤੇ ਸੜਕਾਂ ਹੋਈਆਂ ਜ਼ਮੀਨਦੋਜ਼
ਹੜ੍ਹਾਂ ਦੇ ਰੂਪ ਵਿੱਚ ਆਈ ਕੁਦਰਤੀ ਆਫ਼ਤ ਤੋਂ ਬਾਅਦ ਸੱਤਲੁਜ ਅਤੇ ਬਿਆਸ ਦਰਿਆ ਦੇ ਪਾਣੀ ਨਾਲ ਬੰਨਾ ਨੇੜੇ ਲੱਗਦੇ ਦੇ ਦਰਜਨਾਂ ਪਿੰਡਾ ਦੇ ਹੜਾਂ ਦੀ ਮਾਰ ਝੱਲਣ ਬਾਅਦ ਭਾਵੇਂ ਮੁੜ ਜਨਜੀਵਨ ਆਮ ਵਾਂਗ ਪਟੜੀ ਤੇ ਹੋਲੀ ਹੋਲੀ ਆਉਣ ਲੱਗਾ ਪਿਆ ਹੈ। ਪਰ ਸੱਤਲੁਜ ਅਤੇ ਬਿਆਸ ਦਰਿਆ ਦੇ ਵਿੱਚ ਆਏ ਹੜ੍ਹ ਨੇ ਇਨ੍ਹਾਂ ਇਲਾਕੇ ਦੇ ਪਿੰਡਾਂ ਵਿੱਚ ਵਸਦੇ ਲੋਕਾਂ ਦੇ ਜਨਜੀਵਨ ਨੂੰ ਤਬਾਹੀ ਦੇ ਕੰਢੇ ਖੜ੍ਹਾ ਕਰ ਦਿੱਤਾ ਅਤੇ ਹੜਾਂ ਬਾਅਦ ਸਤਲੁਜ ਦਰਿਆ ਤੇ ਬਿਆਸ ਦਰਿਆ ਦੇ ਹੜ ਦੇ ਦਿੱਤੇ ਦਰਦਾ ਦੇ ਮੰਜ਼ਰ ਦੇ ਭਿਆਨਕ ਨਿਸ਼ਾਨ ਛੱਡ ਦਿੱਤੇ ਹਨ। ਉਥੇ ਸਖ਼ਤ ਮਿਹਨਤ ਨਾਲ ਉਪਜਾਊ ਕੀਤੀ ਧਰਤੀ ਨੂੰ ਲ਼ਹੂ ਪਸੀਨੇ ਨਾਲ ਸੀਚ ਕੇ ਤਿਆਰ ਕੀਤੀਆਂ ਸੋਨੇ ਰੰਗੀਆਂ ਝੋਨੇ ਦੀਆਂ ਲਹਿਰਾਉਂਦੀਆਂ ਫਸਲਾਂ ਅਤੇ ਮਿਹਨਤਾ ਮੁਸਕਤਾ ਨਾਲ ਬਣਾਏ ਘਰ ਸਭ ਮਿੰਟਾਂ ਵਿੱਚ ਜ਼ਮੀਨਦੋਜ਼ ਹੋ ਗਏ ਅਤੇ ਸਬ ਸਦਲ ਹੜਾਂ ਦਾ ਪਾਣੀ ਆਪਣੇ ਨਾਲ ਵਹਾ ਕੇ ਲੈ ਗਿਆ। ਪਰ ਹੁਣ ਜਦੋਂ ਜ਼ਿੰਦਗੀ ਦੀ ਗੱਡੀ ਮੁੜ ਦੁਬਾਰਾ ਲੀਹ ਤੇ ਆਉਣ ਲਈ ਤਿਆਰ ਹੋਈ ਤਾਂ ਸਰਕਾਰੀ ਮਤਦ ਦਾ ਕੋਈ ਆਸਰਾ ਨਾ ਮਿਲਦਾ ਵੇਖ ਹੁਣ ਮਜਬੂਰ ਤੇ ਬੇਵੱਸ ਲੋਕ ਸਮਾਜ ਸੇਵੀ ਸੰਸਥਾਵਾਂ ਵੱਲ ਆਸ ਦੀ ਉਮੀਦ ਲਾਈ ਬੈਠੇ ਹਨ |ਉਧਰ ਕੁਝ ਨੀਵਿਆਂ ਥਾਵਾਂ `ਤੇ ਪਾਣੀ ਅੱਜ ਵੀ ਖੜਾ ਹੈ। ਇਨ੍ਹਾਂ ਹੜਾਂ ਤੋਂ ਬਾਅਦ ਦੀਆਂ ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਕ ਆਮ ਇਨਸਾਨ ਤੇ ਪਿੰਡਾਂ ਵਾਲਿਆਂ ਲਈ ਇਹ ਪਾਣੀ ਜਾਂਦੇ ਜਾਂਦੇ ਵੱਡੀਆਂ ਮੁਸੀਬਤਾਂ ਛੱਡ ਗਿਆ। ਚਾਰੋਂ ਪਾਸੇ ਹੜਾਂ ਦਾ ਪਾਣੀ ਸਭ ਕੁਝ ਬਰਬਾਦ ਕਰਕੇ ਚਲਾ ਗਿਆ ਤੇ ਪਿੱਛੇ ਮੁਸੀਬਤਾਂ ਦਾ ਪਹਾੜ ਉਨ੍ਹਾਂ ਲੋਕਾਂ ਤੇ ਪੈ ਗਿਆ ਜਿੰਨਾਂ ਦੀ ਜ਼ਮੀਨ ਅਤੇ ਫਸਲ ਵੀ ਬਰਬਾਦ ਹੋ ਗਈ ਤੇ ਪਸ਼ੂਆਂ ਦੇ ਲਈ ਹੁਣ ਹਰਾ ਚਾਰਾ ਵੀ ਨਹੀਂ ਰਿਹਾ ਤੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਅਤੇ ਲੱਖਾਂ ਰੁਪਏ ਦੀਆਂ ਉਪਜਾਊ ਜਮੀਨ ਨੂੰ ਖਤਮ ਕਰ ਕਰ ਦਿੱਤਾ। ਕਈ ਕਈ ਫੁੱਟ ਪੱਥਰ, ਰੇਤਾ, ਪਣਾਂ ਖੇਤਾਂ ਵਿੱਚ ਜਮਾਂ੍ਹ ਹੋ ਗਿਆ ਹੈ।ਕਈ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਵੱਡੇ-ਵੱਡੇ ਟੋਏ ਪੈ ਗਏ,ਕਈ ਥਾਵਾਂ ਤੇ ਬੋਰ ਖ਼ਰਾਬ ਹੋ ਗਏ ਹਨ। ਬੋਰਾ ਵਿੱਚ ਗੰਦਾ ਪਾਣੀ ਪੈ ਜਾਣ ਕਾਰਨ ਪੀਣ ਯੋਗ ਪਾਣੀ ਨਹੀਂ ਰਿਹਾ ਇੱਥੋਂ ਤੱਕ ਕੇ ਇਹ ਪਾਣੀ ਕਿਸਾਨਾਂ ਲਈ ਬਹੁਤ ਵੱਡੀਆਂ-ਵੱਡੀਆਂ ਮੁਸੀਬਤਾਂ ਖੜੀਆਂ ਕਰ ਗਿਆ ਕਿਉਂਕਿ ਨੀਵੀਆਂ ਥਾਵਾਂ ਵਿਚ ਪਾਣੀ ਅਜੇ ਵੀ ਲਗਭਗ ਦੋ ਦੋ ਫੁੱਟ ਦੇ ਕਰੀਬ ਖੜਾ ਹੈ ਜਿਸ ਕਾਰਨ ਵਾਹੀ ਯੋਗ ਜ਼ਮੀਨਾਂ ਨੂੰ ਫ਼ਸਲ ਬੀਜਣ ਲਈ ਤਿਆਰ ਕਰਨ ਵਿਚ ਕਾਫ਼ੀ ਸਮਾਂ ਲੱਗੇਗਾ। ਕਿਸਾਨਾਂ ਨੂੰ ਇਸ ਗੱਲ ਦਾ ਵੀ ਡਰ ਹੈ ਕਿ ਹੋ ਸਕਦਾ ਹੈ ਕਈ ਨੀਵੀਆਂ ਥਾਵਾਂ ‘ਤੇ ਅਗਲੀ ਕਣਕ ਦੀ ਫ਼ਸਲ ਦੀ ਬਿਜਾਈ ਵੀ ਨਹੀਂ ਹੋ ਸਕਦੀ ।
—————- ਫਿਰੋਜ਼ਪੁਰ ਜ਼ਿਲ੍ਹੇ ਦੇ ਹੜਾਂ ਦੀ ਮਾਰ ਹੇਠ ਆਏ ਪਿੰਡ ————————
- ਫ਼ਿਰੋਜ਼ਪੁਰ ਦੇ ਸਤਲੁਜ ਦਰਿਆ ਦੀ ਮਾਰ ਹੇਠ ਆਏ, ਧੁੱਸੀ ਬੰਨ੍ਹ ਅੰਦਰ ਵੱਸਦੇ ਪਿੰਡ ਧੀਰਾ ਘਾਰਾ, ਨਿਹਾਲਾ ਲਵੇਰਾ, ਮੁੱਠਿਆਂ ਵਾਲਾ, ਟੱਲੀ ਗੁਲਾਮ, ਕਾਲੇ ਕੇ ਹਿਠਾੜ, ਵਸਤੀ ਕਿਸਨੇਵਾਲੀ, ਜੱਲੋ ਕੀਆ ਬਹਿਕਾਂ, ਬੱਗੇ ਵਾਲਾ, ਰੁਕਨੇ ਵਾਲਾ ਬੰਡਾਲਾ, ਕੁਤਬਦੀਨ ਵਾਲਾ, ਆਲੇ ਵਾਲਾ, ਫਤੇ ਵਾਲਾ ਆਦਿ ਪਿੰਡਾਂ ਵਿਚ ਜਾ ਕੇ ਵੇਖਿਆ ਗਿਆ ਤਾਂ ਦ੍ਰਿਸ਼ ਮਨ ਨੂੰ ਝੰਜੋੜਨ ਵਾਲੇ ਸਨ।ਕਿਸਾਨਾਂ ਨੇ ਦੱਸਿਆ ਕਿ ਉਨ੍ਹਾ ਦੀਆਂ ਜ਼ਮੀਨਾਂ ਵਿੱਚ ਰੇਤ ਆ ਗਈ ਹੈ। ਜਿਸ ਨੂੰ ਚੁੱਕਣ ਦਾ ਉਨ੍ਹਾਂ ਨੂੰ ਹੁਕਮ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਪੂਰੀ ਫ਼ਸਲ ਤਬਾਹ ਹੋ ਗਈ ਹੈ। ਅਤੇ ਜ਼ਮੀਨਾਂ ਵੀ ਉੱਚੀਆਂ ਨੀਵੀਆਂ ਹੋ ਗਈਆਂ ਹਨ। ਜਿਸ ਨੂੰ ਪੱਧਰ ਕਰਨ ਵਿਚ ਵੀ ਕਾਫੀ ਸਮਾਂ ਲੱਗੇਗਾ। ਉਕਤ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਮੌਜੂਦਾ ਸਰਕਾਰ ਤੇ ਪ੍ਰਸ਼ਾਸਨ ਦੇ ਅੱਗੇ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਸਾਡੇ ਹੋਏ ਨੁਕਸਾਨ ਦਾ ਜਲਦ ਤੋਂ ਜਲਦ ਮੁਆਵਜਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਘਰ ਦਾ ਗੁਜ਼ਾਰਾ ਕਰ ਸਕਣ।