Home » ਸੰਗਰੂਰ ਨੂੰ ਉਦਯੋਗਿਕ ਪੱਖੋਂ ਵਿਕਸਿਤ ਕਰਨ ਲਈ ਬਣੇਗੀ ਵਿਆਪਕ ਯੋਜਨਾ: ਰਵਨੀਤ ਬਿੱਟੂ

ਸੰਗਰੂਰ ਨੂੰ ਉਦਯੋਗਿਕ ਪੱਖੋਂ ਵਿਕਸਿਤ ਕਰਨ ਲਈ ਬਣੇਗੀ ਵਿਆਪਕ ਯੋਜਨਾ: ਰਵਨੀਤ ਬਿੱਟੂ

ਸੰਗਰੂਰ ਜ਼ਿਲ੍ਹੇ ਦੇ ਸਾਰੇ ਰੇਲਵੇ ਸਟੇਸ਼ਨ ਬਨਣਗੇ ਅਤਿ ਆਧੁਨਿਕ: ਰਵਨੀਤ ਬਿੱਟੂ

by Rakha Prabh
16 views

ਚੰਡੀਗੜ੍ਹ, 28 ਜੁਲਾਈ ( ਜੀ.ਐਸ.ਸਿੱਧੂ ):– ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਸੰਗਰੂਰ ਦਾ ਦੌਰਾ ਕੀਤਾ। ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਥਾਨਕ ਸਾਬਕਾ ਵਿਧਾਇਕ ਅਰਵਿੰਦ ਖੰਨਾ ਦੇ ਯਤਨਾਂ ਦੀ ਬਦੌਲਤ ਪੁੱਜੇ ਸ਼੍ਰੀ ਬਿੱਟੂ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਦਿਆਂ ਸੰਗਰੂਰ ਦੀਆਂ ਸਮੱਸਿਆਵਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਯੋਜਨਾ ਉਲੀਕ ਕੇ ਸੰਗਰੂਰ ਜ਼ਿਲ੍ਹੇ ਨੂੰ ਉਦਯੋਗਿਕ ਪੱਖ ਤੋਂ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇਸ਼ ਨੂੰ ਹਰ ਪੱਖ ਤੋਂ ਮੋਹਰੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵਲੋਂ ਇਸ ਵਾਰ ਆਪਣਾ ਰੇਲਵੇ ਬਜਟ ਪੰਜ ਹਜ਼ਾਰ ਕਰੋੜ ਰੁਪਏ ਤੋਂ ਵੱਧ ਰੱਖਿਆ ਗਿਆ ਹੈ। ਜਿਸ ਦੇ ਨਾਲ ਪੰਜਾਬ ਸਮੇਤ ਦੇਸ਼ ਭਰ ਦੇ ਰੇਲਵੇ ਸਟੇਸ਼ਨ ਅਤਿ ਆਧੁਨਿਕ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਤਕਰੀਬਨ ਸਾਰੀਆਂ ਰੇਲਵੇ ਲਾਇਨਾਂ ਦਾ ਬਿਜਲੀਕਰਨ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਦੇ ਸਾਰੇ ਰੇਲਵੇ ਸਟੇਸ਼ਨ ਅੱਪਗ੍ਰੇਡ ਕੀਤੇ ਜਾਣਗੇ। ਸੂਬੇ ਦੀ ਆਮ ਆਦਮੀ ਸਰਕਾਰ ਵੱਲੋਂ ਕੇਂਦਰੀ ਵਿੱਤ ਕਮਿਸ਼ਨ ਦੀ ਮੀਟਿੰਗ ਦਾ ਬਾਈਕਾਟ ਕਰਨ ਨੂੰ ਮੰਦਭਾਗਾ ਦੱਸਦਿਆਂ ਸ਼੍ਰੀ ਬਿੱਟੂ ਨੇ ਕਿਹਾ ਕਿ ਇਹ ਸੂਬੇ ਲਈ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸੂਬਾ ਸਰਕਾਰ ਕੋਲ ਕੰਮ ਕਰਵਾਉਣ ਲਈ ਕੋਈ ਫੰਡ ਹੀ ਨਹੀਂ ਹੈ ਤਾਂ ਕੇਂਦਰ ਦੇ ਯਤਨਾਂ ਦਾ ਬਾਈਕਾਟ ਕਰਕੇ ਉਹ ਕੀ ਸਾਬਿਤ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਸਰਕਾਰ ਦੀਆਂ ਘਟੀਆ ਨੀਤੀਆਂ ਕਾਰਨ ਕਿੰਨੇ ਹੀ ਕੇਂਦਰੀ ਪ੍ਰੋਜੈਕਟ ਰੱਦ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਨੀਤੀਆਂ ਪੰਜਾਬ ਦੇ ਹਿੱਤ ਵਿੱਚ ਨਹੀਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਮੇਤ ਪੂਰੇ ਮੰਤਰੀ ਹਵਾਈ ਗੱਲਾਂ ਕਰਕੇ ਲੋਕਾਂ ਦਾ ਧਿਆਨ ਭਟਕਾ ਰਹੇ ਹਨ। ਇਸ ਮੌਕੇ ਸੰਗਰੂਰ ਦੇ ਮੋਹਤਬਰ ਵਿਅਕਤੀਆਂ ਨੇ ਸ਼੍ਰੀ ਬਿੱਟੂ ਕੋਲ ਰੇਲਵੇ ਸਟੇਸ਼ਨ ਦੇ ਵਿਕਾਸ, ਸੰਗਰੂਰ ਲਈ ਵਿਸ਼ੇਸ਼ ਪੈਕੇਜ਼ ਮੁਹੱਈਆ ਕਰਵਾਉਣ ਆਦਿ ਸਮੇਤ ਹੋਰ ਮੁਸ਼ਕਿਲਾਂ ਅਤੇ ਮੰਗਾਂ ਦਾ ਜ਼ਿਕਰ ਕੀਤਾ। ਜਿਸ ਪ੍ਰਤੀ ਕੇਂਦਰੀ ਰਾਜ ਮੰਤਰੀ ਨੇ ਭਰੋਸਾ ਦਿਵਾਇਆ ਕਿ ਉਹ ਇਸ ਸਬੰਧੀ ਗੰਭੀਰਤਾ ਨਾਲ ਯਤਨ ਕਰਨਗੇ। ਕੇਂਦਰੀ ਰਾਜ ਮੰਤਰੀ ਦੀ ਸੰਗਰੂਰ ਫੇਰੀ ਲਈ ਧੰਨਵਾਦ ਕਰਦਿਆਂ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਤੇ ਪੂਰਨ ਭਰੋਸਾ ਹੈ ਕਿ ਰਵਨੀਤ ਸਿੰਘ ਬਿੱਟੂ ਸੰਗਰੂਰ ਵਾਸੀਆਂ ਦੀਆਂ ਮੰਗਾਂ ਦਾ ਢੁਕਵਾਂ ਹੱਲ ਕੱਢਣਗੇ।

Related Articles

Leave a Comment