ਨਵੀਂ ਦਿੱਲੀ (ਪੱਤਰ ਪ੍ਰੇਰਕ): 2 ਸਤੰਬਰ
ਦਿੱਲੀ ਪੁਲੀਸ ਦੇ ਸਪੈਸ਼ਲ ਕਮਾਂਡੋਜ਼ ਨੇ ਝੜੌਦਾ ਕਲਾਂ ਸਥਿਤ ਦਿੱਲੀ ਪੁਲੀਸ ਟ੍ਰੇਨਿੰਗ ਅਕੈਡਮੀ ਵਿੱਚ ਚੱਲਦੇ ਹੈਲੀਕਾਪਟਰ ਉਪਰੋਂ ਛਾਲ ਮਾਰਨ ਤੇ ਹੇਠਾਂ ਉਤਰਨ ਦੀ ਕਸਰਤ ਕੀਤੀ ਤੇ ਪੜਾਅਵਾਰ ਕੁੱਲ ਪੰਜ ਸੌਂ ਤੋਂ ਵੱਧ ਜਵਾਨਾਂ ਨੂੰ ਸਿਖਲਾਈ ਦਿੱਤੀ ਗਈ ਹੈ। ਕਸਰਤ ਵਿੱਚ 181 ਕਮਾਂਡੋ ਸ਼ਾਮਲ ਸਨ। ਉਨ੍ਹਾਂ ’ਚ 178 ਮਰਦ, 16 ਸਬ-ਇੰਸਪੈਕਟਰ ਅਤੇ 162 ਕਾਂਸਟੇਬਲ ਤੇ 3 ਮਹਿਲਾ ਸਬ-ਇੰਸਪੈਕਟਰ ਸ਼ਾਮਲ ਸਨ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਿਖਲਾਈ ਅਭਿਆਸ ਦੌਰਾਨ ਬੀਐਸਐਫ ਹੈਲੀਕਾਪਟਰ ਐਮ ਆਈ 17 ਦੀ ਵਰਤੋਂ ਕੀਤੀ ਗਈ। ਹਥਿਆਰਾਂ ਅਤੇ ਸਰੀਰਕ ਸਿਖਲਾਈ ਤੋਂ ਬਾਅਦ ਕਮਾਂਡੋਜ਼ ਨੂੰ ਹੈਲੀਕਾਪਟਰ ਤੋਂ ਉਚਾਈ ਤੋਂ ਹੇਠਾਂ ਉਤਰਨ ਦੀ ਸਿਖਲਾਈ ਦਿੱਤੀ। ਇਸ ਤਹਿਤ ਉਨ੍ਹਾਂ ਨੂੰ 3 ਫੁੱਟ, 5 ਫੁੱਟ, 10 ਫੁੱਟ, 15 ਫੁੱਟ ਅਤੇ ਰੱਸੀ ਤੋਂ ਛਾਲ ਮਾਰਨ ਦੀ ਸਿਖਲਾਈ ਦਿੱਤੀ। ਉਨ੍ਹਾਂ ਕਿਹਾ ਕਿ ਆਮ ਤੌਰ ‘ਤੇ ਐਨਐਸਜੀ, ਅਰਧ ਸੈਨਿਕ ਬਲ ਅਤੇ ਸੈਨਾ ਅਜਿਹੇ ਹਾਲਾਤਾਂ ਵਿੱਚ ਜ਼ਿੰਮੇਵਾਰੀ ਸੰਭਾਲ ਲੈਂਦੇ ਹਨ ਪਰ ਜੀ-20 ਦੇ ਮੱਦੇਨਜ਼ਰ ਦਿੱਲੀ ਪੁਲੀਸ ਆਪਣੇ ਵਿਸ਼ੇਸ਼ ਕਮਾਂਡੋਜ਼ ਨੂੰ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਸਿਖਲਾਈ ਦੇ ਰਹੀ ਹੈ। ਅਧਿਕਾਰੀ ਨੇ ਅੱਗੇ ਕਿਹਾ ਕਿ ਜੀ-20 ਸੰਮੇਲਨ ਤੋਂ ਪਹਿਲਾਂ ਦਿੱਲੀ ਪੁਲੀਸ ਆਪਣੇ ਕਮਾਂਡੋਜ਼ ਨੂੰ ਹਾਈ-ਟੈਕ ਹਥਿਆਰਾਂ ਨਾਲ ਹਰ ਤਰ੍ਹਾਂ ਦੀ ਸਿਖਲਾਈ ਦੇ ਰਹੀ ਹੈ ਤਾਂ ਜੋ ਉਹ ਕਿਸੇ ਵੀ ਅਤਿਵਾਦੀ ਸਥਿਤੀ ਜਾਂ ਐਮਰਜੈਂਸੀ ਨਾਲ ਨਜਿੱਠ ਸਕਣ। ਵਿਸ਼ੇਸ਼ ਸੀਪੀ-ਟ੍ਰੇਨਿੰਗ ਸੁਨੀਲ ਕੁਮਾਰ ਗੌਤਮ ਨੇ ਦੱਸਿਆ ਕਿ ਇਹ ਤਿੰਨ ਮਹੀਨਿਆਂ ਦੀ ਸਿਖਲਾਈ ਹੈ ਜੋ ਵਿਸ਼ੇਸ਼ ਤੌਰ ’ਤੇ ਜੀ-20 ਸੰਮੇਲਨ ਲਈ ਕੀਤੀ ਹੈ। ਅਭਿਆਸ ਦੇ ਅੰਤਮ ਪੜਾਅ ਵਿੱਚ ਕਮਾਂਡੋ ਇੱਕ ਰੱਸੀ ਦੀ ਵਰਤੋਂ ਕਰਕੇ ਹੈਲੀਕਾਪਟਰ ਤੋਂ ਹੇਠਾਂ ਉਤਰਨ ਦਾ ਅਭਿਆਸ ਕਰਦੇ ਹਨ। ਅਭਿਆਸ ਹਰ ਸਥਿਤੀ ਨਾਲ ਨਜਿੱਠਣ ਅਤੇ ਸੁਰੱਖਿਆ ਕਾਰਜਾਂ ਨੂੰ ਅੰਜਾਮ ਦੇਣ ਲਈ ਉਨ੍ਹਾਂ ਦੇ ਆਤਮ ਵਿਸ਼ਵਾਸ ਨੂੰ ਵਧਾਉਂਦਾ ਹੈ। ਇਸੇ ਦੌਰਾਨ ਦਿੱਲੀ ਪੁਲੀਸ ਵੱਲੋਂ ਡਰੋਨ ਨਾਲ ਕਈ ਇਲਾਕਿਆਂ ’ਚ ਛੱਤਾਂ ਤੋਂ ਨਿਗਰਾਨੀ ਰੱਖੀ ਗਈ ਹੈ।