ਮੋਗਾ, 23 ਅਗਸਤ ( ਗੁਰਪ੍ਰੀਤ ਸਿੰਘ ਸਿੱਧੂ ) :- ਪਿਛਲੇ ਸਾਲ 2 ਜੁਲਾਈ 2022 ਨੂੰ ਅਸੀ ਤਿੰਨ ਮੁੱਦਿਆਂ ਨੂੰ ਲੈ ਕੇ ਸ੍ਰੀ ਮਾਨ ਸ੍ਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਸਾਂ। ਜਿਸ ਵਿੱਚ ਨੰਬਰ ਇੱਕ ਪਿੰਡ ਕਲਿਆਣ ਗੁਰਦੁਆਰਾ ਅਰਦਾਸਪੁਰਾ ਸਾਹਿਬ ਤੋ ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਫ਼ਰੀ ਸਰੂਪ, ਨੰਬਰ ਦੋ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਸ ਦੇ ਕੁਝ ਅੰਗ ਬਰਗਾੜੀ ‘ਚ ਖਿਲਾਰੇ ਗਏ ਸਨ। ਬਾਕੀ ਅੰਗ ਕਿੱਥੇ ਹਨ? ਸ੍ਰੋਮਣੀ ਕਮੇਟੀ ਵੱਲੋਂ ਤਿੰਨ ਸੌ ਅਠਾਈ ਸਰੂਪ ਜੋ ਗਾਇਬ ਕੀਤੇ ਗਏ ਹਨ, ਉਹ ਕਿੱਥੇ ਹਨ? ਇਹ ਮਸਲੇ ਅਧੂਰੇ ਪਏ ਹਨ। ਜਿਸ ਕਾਰਨ ਸਿੱਖ ਸੰਗਤਾਂ ਦੇ ਮਨਾਂ ਚ ਭਾਰੀ ਨਿਰਾਸ਼ਤਾ ਹੈ। ਅਸੀ ਸੰਤੁਸਟ ਨਹੀ ਹਾਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਜੀ ਅਜਨਾਲਾ, ਬਾਬਾ ਬਲਦੇਵ ਸਿੰਘ ਜੀ ਜੋਗੇਵਾਲਾ, ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ, ਬਾਬਾ ਚਮਕੌਰ ਸਿੰਘ ਭਾਈ ਰੂਪਾ, ਭਾਈ ਮੇਜਰ ਸਿੰਘ ਪੰਡੋਰੀ ਨੇ ਪਿੰਡ ਖੁਖਰਾਣਾ ਵਿਖੇ ਗੁਰਦੁਆਰਾ ਦੁੱਖ ਭੰਜਨਸਰ ਸਾਹਿਬ ਖੁਖਰਾਣਾ ਮੋਗਾ ਚ ਅਹਿਮ ਮੀਟੰਗ ਤੋ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।ਉਹਨਾਂ ਅੱਗੇ ਕਿਹਾ ਕਿ ਸਾਡੀ ਮੰਗ ਸੀ ਕਿ ਦੋਸ਼ੀਆਂ ਦੇ ਨਾਮ ਜਨਤਕ ਕੀਤੇ ਜਾਣ ਅਤੇ ਸਰੂਪਾਂ ਦਾ ਥਹੁ ਪਤਾ ਦੱਸਿਆ ਜਾਵੇ। ਦੋਸ਼ੀਆਂ ਦੇ ਨਾਮ ਤਾਂ ਸਰਕਾਰ ਨੇ ਜਨਤਕ ਕਰ ਦਿੱਤੇ ਨੇ। ਪਰ ਸਰੂਪਾਂ ਬਾਰੇ ਕੋਈ ਸਪੱਸਟ ਨਹੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਬੇਅਦਬੀ ਮਾਮਲਿਆ ਤਹਿਤ ਆਪਣੀ ਨੀਤੀ ਸਪਸ਼ਟ ਕਰਨ। ਮੁੱਖ ਮੰਤਰੀ ਅਤੇ ਸੀਨੀਅਰ ਅਧਿਕਾਰੀਆਂ ਨੇ ਪਿੰਡ ਕਲਿਆਣ ਵਾਲੇ ਮਸਲੇ ਤੇ ਸਿੱਟ ਬਣਾਕੇ ਸਾਨੂੰ ਤਿੰਨ ਮਹੀਨੇ ਦਾ ਸਮਾਂ ਦਿੱਤਾ ਸੀ ਅਤੇ ਵਾਅਦਾ ਕੀਤਾ ਸੀ ਕਿ ਸਮੇਂ ਦੇ ਅੰਦਰ ਅੰਦਰ ਰਿੱਜਲਟ ਦਿਆਂਗੇ। ਪਰ ਮੁੱਖ ਦੋਸ਼ੀ ਬਾਬਾ ਗੋਰੇ ਨੂੰ ਇੱਕ ਵਾਰ ਵੀ ਅਰਿਸ਼ਟ ਨਹੀਂ ਕੀਤਾ। ਨਾ ਹੀ ਰਿਮਾਂਡ ਤੇ ਲੈ ਕੇ ਕੋਈ ਪੁੱਛ ਗਿੱਛ ਕੀਤੀ। ਸਿੱਟ ਦੀ ਕਾਰਗੁਜ਼ਾਰੀ ਬਿਲਕੁਲ ਘਟੀਆ ਰਹੀ। ਸਾਨੂੰ ਲਾਰੇ-ਲੱਪੇ ਲਾ ਕੇ ਦੋਸ਼ੀ ਨੂੰ ਜ਼ਮਾਨਤ ਲੈਣ ਵਾਸਤੇ ਖੁਲਾ ਟਾਇਮ ਦਿੱਤਾ। ਜੋ ਸਿੱਖ ਸੰਗਤ ਤੇ ਸਾਡੇ ਨਾਲ ਸ਼ਰੇਆਮ ਵਾਅਦਾ ਖਿਲਾਫੀ ਕੀਤੀ ਗਈ। ਪਰ ਅਸੀ ਤੇਰਾਂ ਮਹੀਨੇ ਤੱਕ ਉਡੀਕ ਕੀਤੀ। ਇੱਥੇ ਦੱਸਨਯੋਗ ਹੈ ਕਿ ਅਸੀ ਦੋ ਜੁਲਾਈ ਵੀਹ ਸੌ ਬਾਈ ਨੂੰ ਮੁੱਖ ਮੰਤਰੀ ਨੂੰ ਮਿਲਾਂ ਸਾਂ ਅੱਜ 21 ਅਗਸਤ ਵੀਹ ਸੌ ਤੇਈ ਆ ਚੁੱਕਾ ਹੈ। ਅਸੀ ਸਪੱਸਟ ਕਰ ਦੇਣਾ ਚਹੁੰਦੇ ਹਾਂ। ਕਿ ਇਹਨਾਂ ਮੁੱਦਿਆਂ ਨੂੰ ਖੂਹ-ਖਾਤੇ ਨਹੀਂ ਪੈਣ ਦੇਵਾਂਗੇ। ਅਸੀ ਆਉਣ ਵਾਲੇ 6 ਸਤੰਬਰ ਨੂੰ ਹਮ ਖ਼ਿਆਲੀ ਪੰਥਕ ਜਥੇਬੰਦੀਆਂ ਧਾਰਮਿਕ ਸੰਪਰਦਾਵਾਂ ਸਾਧੂ ਸੰਤਾਂ ਨੂੰ ਨਾਲ ਲੈ ਕੇ ਇਕ ਵੱਡਾ ਰੋਸ ਮਾਰਚ ਗੁਰਦੁਆਰਾ ਪਾਤਸ਼ਾਹੀ ਨੌਵੀ ਧਨੌਲਾ ਤੋ ਮੁੱਖ ਮੰਤਰੀ ਦੀ ਕੋਠੀ ਅੱਗੇ ਸੰਗਰੂਰ ਲੈ ਕੇ ਜਾਵਾਂਗੇ ਅਤੇ ਧਰਨਾ ਦੇਵਾਗੇ। ਇਸ ਤੋਂ ਬਾਅਦ ਅਗਲੇ ਸੰਘਰਸ਼ ਦੀ ਰੂਪ ਰੇਖਾ ਤਹਿ ਕੀਤਾ ਜਾਵੇਗੀ। ਭਾਈ ਅਜਨਾਲਾ ਅਤੇ ਬਾਬਾ ਰੇਸ਼ਮ ਸਿੰਘ ਖੁਖਰਾਣਾ ਨੇ ਅੱਗੇ ਅੱਗੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਤਿੰਨ ਹੀ ਕਾਰਨ ਸਨ। ਪਹਿਲਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਦੂਜਾ ਨਸ਼ਿਆਂ ਕਾਰਨ ਹੋ ਰਿਹਾ ਨੌਜਵਾਨੀ ਦਾ ਘਾਣ, ਤੀਜਾ ਗੰਡਾਗਰਦੀ ਅਤੇ ਭ੍ਰਿਸ਼ਟਾਚਾਰੀ ਸਿਸਟਮ ਚ ਸੁਧਾਰ ਲਿਆਓਣਾ। ਇਹ ਸਭ ਕੁਝ ਜਿਓ ਦਾ ਤਿਓ ਉਸੇ ਤਰਾਂ ਹੀ ਚੱਲ ਰਿਹਾ ਹੈ। ਇਹ ਪੰਜਾਬ ਦੇ ਬੁਨਿਆਦੀ ਮਸਲੇ ਹਨ। ਇਹਨਾਂ ਨੂੰ ਹੱਲ ਕੀਤੇ ਬਿਨਾਂ ਵੀਹ ਸੌ ਚੌਵੀ ਅਤੇ ਸਿਰ ਤੇ ਖੜੀਆਂ ਨਗਰ ਨਿਗਮ ਜਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਦੀਆਂ ਚੋਣਾਂ ਚ ਲੋਕਾਂ ਦੇ ਮੱਥੇ ਲੱਗਣਾ ਔਖਾ ਹੋ ਜਾਵੇਗਾ। ਇਸ ਵਾਸਤੇ ਨਸ਼ਾ ਤਸਕਰਾਂ ਗੁੰਡਾ ਅਨਸਰਾਂ ਅਤੇ ਪੁਲੀਸ ਦੇ ਗਠਜੋੜ ਨੂੰ ਤੋੜਨਾਂ ਅਤਿ ਜ਼ਰੂਰੀ ਹੈ। ਇਹ ਗਠਜੋੜ ਹੀ ਸਾਰੇ ਪੁਆੜੇ ਜੜ ਹੈ। ਅਸੀ ਸਰਕਾਰ ਨੂੰ ਕਹਿਣਾ ਚਹੁੰਦੇ ਹਾਂ। ਕਿ ਇਸ ਗੱਲ ਵੱਲ ਤੁਰੰਤ ਧਿਆਨ ਦਿੱਤੇ ਜਾਵੇ। ਨਹੀ ਤਾਂ ਤੁਹਾਡੀ ਸਰਕਾਰ ਦਾ ਹਾਲ ਬਾਦਲ ਕੈਪਟਨ ਤੇ ਚੰਨੀ ਸਰਕਾਰ ਵਾਲਾ ਹੋਵੇਗਾ। ਲੋਕ ਬਹੁਤ ਪ੍ਰੇਸ਼ਾਨ ਤੇ ਦੁਖੀ ਹਨ। ਹੁਣ ਵੇਟ ਕਰਨ ਦੇ ਰੌਂ ਦੇ ਵਿੱਚ ਨਹੀ। ਤੁਰੰਤ ਐਕਸ਼ਨ ਤੁਰੰਤ ਰਿੱਜਲਟ ਚਹੁੰਦੇ ਹਨ। ਜੋ ਤੁਹਾਨੂੰ ਤੁਰੰਤ ਕਰਨਾ ਚਾਹੀਦਾ ਹੈ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਜੋਗੇਵਾਲਾ, ਸ੍ਰ ਇੰਦਰਜੀਤ ਸਿੰਘ ਸੇਖੋ ਕਲਕੱਤਾ (ਜਰਨਲ ਸਕੱਤਰ ਸ੍ਰੀ ਗੁਰੂ ਸਿੰਘ ਸਭਾ ਕਲਕੱਤਾ, ਭਾਈ ਅਮਰੀਕ ਸਿੰਘ ਜ਼ੀਰਾ, ਗਿਆਨੀ ਪ੍ਰਮਿੰਦਰ ਸਿੰਘ, ਗਿਆਨੀ ਜਸਵਿੰਦਰ ਸਿੰਘ ਟਿੰਡਵਾਂ ਹਾਜ਼ਰ ਸਨ।