ਹੱਕਾਂ ਦੀ ਆਵਾਜ਼ ਨੂੰ ਲਾਠੀਚਾਰਜ ਨਾਲ ਦਬਾਉਣਾ ਖ਼ਿਲਾਫ਼ ਅੰਦੋਲਨ ਦਾ ਐਲਾਨ -ਬਸਪਾ
ਨੀਲੇ ਕਾਰਡਾਂ ਨੂੰ ਕੱਟਣਾ ਸਰਕਾਰ ਦੀ ਅਸਫ਼ਲਤਾ ਦੀ ਨਿਸ਼ਾਨੀ – ਜਸਵੀਰ ਸਿੰਘ ਗੜ੍ਹੀ
ਜਲੰਧਰ – 4ਜੁਲਾਈ
ਬਹੁਜਨ ਸਮਾਜ ਪਾਰਟੀ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਜਲੰਧਰ ਸਾਹਿਬ ਕਾਂਸ਼ੀ ਰਾਮ ਭਵਨ ਵਿਖੇ ਹੋਈ, ਜਿਸ ਵਿਚ ਬਸਪਾ ਦੇ ਕੇਂਦਰੀ ਕੋਆਰਡੀਨੇਟਰ ਸ਼੍ਰੀ ਰਣਧੀਰ ਸਿੰਘ ਬੈਣੀਵਾਲ ਅਤੇ ਸ਼੍ਰੀ ਵਿਪੁਲ ਕੁਮਾਰ ਜੀ ਸ਼ਾਮਿਲ ਹੋਏ, ਮੀਟਿੰਗ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਨੇ ਕੀਤੀ। ਸ਼੍ਰੀ ਬੈਣੀਵਾਲ ਨੇ ਸੰਗਠਨ ਦੀ ਸਮੀਖਿਆ ਕੀਤੀ, ਜਿਲ੍ਹਾ ਤੇ ਵਿਧਾਨ ਸਭਾ ਪੱਧਰ ਦੇ ਬਸਪਾ ਬਾਮਸੇਫ਼ ਤੇ ਬੀਵੀਐੱਫ ਦੇ ਸੰਗਠਨ ਤੇ ਤਸੱਲੀ ਪ੍ਰਗਟ ਕਰਦਿਆਂ ਪੰਜਾਬ ਦੇ ਕੁੱਲ 23000 ਬੂਥਾਂ ਨੂੰ 2300 ਸੈਕਟਰ ਵਿੱਚ ਵੰਡਕੇ ਪਿੰਡ ਪਿੰਡ ਪਹੁੰਚ ਕੇ ਲੀਡਰਸ਼ਿਪ ਨਵਨਿਰਮਾਣ ਦਾ ਟੀਚਾ ਦਿੱਤਾ। ਇਸ ਮੌਕੇ ਬਹੁਜਨ ਸਮਾਜ ਪਾਰਟੀ ਪੰਜਾਬ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਦਲਿਤਾਂ, ਪਛੜੇ ਵਰਗਾਂ, ਕਿਰਤੀ ਕਿਸਾਨਾਂ, ਵਿਦਿਆਰਥੀਆਂ, ਕੱਚੇ ਪੱਕੇ ਮੁਲਾਜ਼ਮਾਂ ਉਪਰ ਪੁਲਿਸ ਰਾਹੀਂ ਕੀਤੇ ਜਾ ਰਹੇ ਤਸ਼ੱਦਦ ਦੇ ਖਿਲਾਫ ਸੂਬੇ ਭਰ ਵਿਚ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ।
ਮੀਟਿੰਗ ਵਿਚ ਬਸਪਾ ਦੇ ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਇਨ੍ਹਾਂ ਪ੍ਰਦਰਸ਼ਨਾਂ ਦੀ ਪਹਿਲੀ ਲੜੀ ਦੀ ਸ਼ੁਰੂਆਤ 10 ਜੁਲਾਈ ਤੋਂ ਕੀਤੀ ਜਾਵੇਗੀ ਜੋਕਿ 15ਅਗਸਤ ਤੱਕ ਚੱਲਣਗੇ, ਆਖਰੀ ਪ੍ਰੋਗਰਾਮ ਜਲੰਧਰ ਵਿਖੇ ਹੋਵੇਗਾ। ਸ ਗੜ੍ਹੀ ਨੇ ਕਿਹਾ ਕਿ ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਸੂਬੇ ਵਿਚ ਦਲਿਤ-ਪਛੜੇ ਵਰਗਾਂ ਨੂੰ ਦਬਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਗਰੀਬ ਮਜ਼ਲੂਮ ਵਰਗਾਂ ਤੇ ਪੁਲਿਸ ਵਲੋਂ ਨਜਾਇਜ ਪਰਚੇ ਪਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਲਿਤਾਂ ਦੇ ਹੱਕ ਵੀ ਖੋਹ ਰਹੀ ਹੈ ਤੇ ਵਿਰੋਧ ਕਰਨ ਦਾ ਹੱਕ ਵੀ ਖੋਹ ਰਹੀ ਹੈ। ਕੇਜਰੀਵਾਲ ਤੇ ਭਗਵੰਤ ਮਾਨ ਦੀ ਸਰਕਾਰ ਸੂਬੇ ਵਿਚ ਤਾਨਾਸ਼ਾਹੀ ਵੱਲ ਤੁਰੀ ਹੋਈ ਹੈ, ਜਦੋਂਕਿ ਗਰੀਬਾਂ ਦੇ ਨੀਲੇ ਕਾਰਡ ਕੱਟਣ ਨਾਲ ਸਰਕਾਰ ਦੀ ਅਸਫ਼ਲਤਾ ਸਿੱਧ ਹੋਈ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਦਲਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਨਹੀਂ ਕਰ ਰਹੀ ਜਿਸ ਕਾਰਨ ਗਰੀਬ ਵਿਦਿਆਰਥੀਆਂ ਨੂੰ ਪੇਪਰ ਵਿਚ ਵੀ ਬੈਠਣ ਨਹੀਂ ਦਿੱਤਾ ਜਾ ਰਿਹਾ ਤੇ ਇਸ ਸੰਬੰਧੀ ਜਲੰਧਰ ਵਿਚ ਜਦੋਂ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ ਤਾਂ ਜਲੰਧਰ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਵਿਦਿਆਰਥੀਆਂ ਉੱਤੇ ਲਾਠੀਚਾਰਜ ਕਰਕੇ ਜਬਰੀ ਚੁਕਵਾਕੇ ਥਾਣੇ ਲੈ ਆਇਆ, ਜਿਸ ਵਿਚ ਦਲਿਤ ਵਿਦਿਆਰਥਣਾ ਵੀ ਸ਼ਾਮਿਲ ਸਨ। ਇਸ ਤਰ੍ਹਾਂ ਹੀ ਜਲੰਧਰ ਦੇ ਮੁਹੱਲੇ ਸਈਪੁਰ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਨਾਂ ਤੇ ਪਾਰਕ ਨੂੰ ਤੋੜਨ ਦਾ ਵਿਰੋਧ ਕਰ ਰਹੇ ਬਸਪਾ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਤੇ ਉਨ੍ਹਾਂ ਦੇ ਸਾਥੀਆਂ ਤੇ ਕਮਿਸ਼ਨਰੇਟ ਪੁਲਿਸ ਵਲੋ ਅਣਮਨੁੱਖੀ ਵਰਤਾਅ ਤੇ ਤਸ਼ੱਦਦ ਕੀਤਾ ਗਿਆ। ਇਸ ਤੋਂ ਇਲਾਵਾ ਫਗਵਾੜਾ ਵਿੱਚ ਬਸਪਾ ਦੇ ਕੌਂਸਲਰ ਤੇਜਪਾਲ ਬਸਰਾ ਦੇ ਨਜਾਇਜ ਪਰਚਾ ਦਰਜ਼ ਕੀਤਾ ਗਿਆ। ਇਸ ਤਰ੍ਹਾਂ ਹੀ ਪੰਜਾਬ ਭਰ ਵਿੱਚ ਦਲਿਤ ਪਛੜੇ, ਕਿਰਤੀ ਕਿਸਾਨ, ਸਿੱਖ ਨੌਜਵਾਨਾਂ, ਮੁਲਾਜ਼ਮਾਂ , ਮੀਡੀਆ ਤੇ ਆਪ ਸਰਕਾਰ ਵੱਲੋਂ ਪੁਲੀਸ ਰਾਹੀਂ ਅਤਿਆਚਾਰ ਕੀਤਾ ਜਾ ਰਹੇ ਹਨ, ਜਿਨ੍ਹਾਂ ਦਾ ਬਸਪਾ ਤਿੱਖਾ ਵਿਰੋਧ ਕਰੇਗੀ l ਉਨ੍ਹਾਂ ਕਿਹਾ ਕਿ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਬਸਪਾ ਵੱਲੋ ਲੋਕ ਸਭਾ ਪੱਧਰੀ ਪ੍ਰਦਰਸ਼ਨਾਂ ਤਹਿਤ ਪਹਿਲਾਂ ਪ੍ਰਦਰਸ਼ਨ 10 ਜੁਲਾਈ ਨੂੰ ਪਟਿਆਲਾ ਲੋਕਸਭਾ,14 ਜੁਲਾਈ ਨੂੰ ਸੰਗਰੂਰ ਤੇ ਲੁਧਿਆਣਾ, 17 ਜੁਲਾਈ ਨੂੰ ਫਰੀਦਕੋਟ ਤੇ ਅੰਮ੍ਰਿਤਸਰ, 21 ਜੁਲਾਈ ਨੂੰ ਬਠਿੰਡਾ ਲੋਕ ਸਭਾ ਤੇ ਖਡੂਰ ਸਾਹਿਬ ਲੋਕ ਸਭਾ, 25 ਜੁਲਾਈ ਨੂੰ ਫ਼ਤਹਿਗੜ੍ਹ ਲੋਕ ਸਭਾ ਤੇ ਫਿਰੋਜ਼ਪੁਰ ਲੋਕ ਸਭਾ, 28 ਜੁਲਾਈ ਨੂੰ ਹੋਸ਼ਿਆਰਪੁਰ ਲੋਕ ਸਭਾ ਅਤੇ 31 ਜੁਲਾਈ ਨੂੰ ਸ੍ਰੀ ਅਨੰਦਪੁਰ ਸਾਹਿਬ ਅਤੇ ਗੁਰਦਾਸਪੁਰ ਲੋਕ ਸਭਾ ਵਿਖੇ ਪ੍ਰਦਰਸ਼ਨ ਤੇ ਮਾਰਚ ਕੀਤੇ ਜਾਣਗੇ, ਜਦੋਂ ਕਿ ਆਖਰੀ ਪ੍ਰੋਗਰਾਮ ਜਲੰਧਰ ਲੋਕ ਸਭਾ ਦਾ ਹੋਵੇਗਾ। ਇਸ ਮੌਕੇ ਗਵਰਨਰ ਦੇ ਨਾਮ ਮੈਮੋਰੰਡਮ ਦਿੱਤੇ ਜਾਣਗੇ।
ਇਸ ਮੌਕੇ ਸੂਬਾ ਇੰਚਾਰਜ ਸ਼੍ਰੀ ਅਜੀਤ ਸਿੰਘ ਭੈਣੀ, ਸੂਬਾ ਉੱਪਪ੍ਰਧਾਨ ਬਲਦੇਵ ਸਿੰਘ ਮਹਿਰਾਂ, ਸੂਬਾ ਜਨਰਲ ਸਕੱਤਰ ਸ਼੍ਰੀ ਬਲਵਿੰਦਰ ਕੁਮਾਰ, ਸ਼੍ਰੀ ਕੁਲਦੀਪ ਸਿੰਘ ਸਰਦੂਲਗੜ੍ਹ, ਚੌਧਰੀ ਗੁਰਨਾਮ ਸਿੰਘ, ਸ਼੍ਰੀ ਚਮਕੌਰ ਸਿੰਘ ਵੀਰ, ਸ਼੍ਰੀ ਜਗਜੀਤ ਸਿੰਘ ਛੜਵੜ, ਸ਼੍ਰੀ ਤਰਸੇਮ ਥਾਪਰ, ਸ਼੍ਰੀ ਪਰਵੀਨ ਬੰਗਾ, ਰਾਜਾ ਰਾਜਿੰਦਰ ਸਿੰਘ, ਸ਼੍ਰੀ ਕੁਲਵੰਤ ਸਿੰਘ ਮਹਤੋ, ਡਾ ਜਸਪ੍ਰੀਤ ਸਿੰਘ, ਸ਼੍ਰੀ ਗੁਰਬਖਸ ਸਿੰਘ ਚੌਹਾਨ, ਸ਼੍ਰੀ ਓਮ ਪ੍ਰਕਾਸ਼ ਸਰੋਏ, ਸ਼੍ਰੀ ਬਲਵਿੰਦਰ ਬਿੱਟਾ ਆਦਿ ਹਾਜ਼ਿਰ ਸਨ।