Home » ਡਿਬਰੂਗੜ ਜੇਲ੍ਹ ਦੇ ਖਾਣੇ ’ਚ ਤੰਬਾਕੂ ਦਾ ਮਿਲਣਾ ਮੰਦਭਾਗਾ : ਪ੍ਰੋ. ਸਰਚਾਂਦ ਸਿੰਘ

ਡਿਬਰੂਗੜ ਜੇਲ੍ਹ ਦੇ ਖਾਣੇ ’ਚ ਤੰਬਾਕੂ ਦਾ ਮਿਲਣਾ ਮੰਦਭਾਗਾ : ਪ੍ਰੋ. ਸਰਚਾਂਦ ਸਿੰਘ

ਐਨ. ਸੀ. ਐਮ ਦੇ ਚੇਅਰਮੈਨ ਸ. ਲਾਲਪੁਰਾ ਨੂੰ ਮਾਮਲੇ ’ਚ ਤੁਰੰਤ ਦਖ਼ਲ ਦੇਣ ਦੀ ਕੀਤੀ ਅਪੀਲ।

by Rakha Prabh
16 views
ਸ਼੍ਰੋਮਣੀ ਕਮੇਟੀ ’ਚ ਨਿਯਮਾਂ ਨਾਲ ਖਿਲਵਾੜ ਕਰਨ ਵਾਲੇ ਮੈਂਬਰ ਦੀ ਮੈਂਬਰੀ ਰੱਦ ਕਰਨ ਦੀ ਵੀ ਕੀਤੀ ਮੰਗ।

ਅੰਮ੍ਰਿਤਸਰ 30 ਜੂਨ ( ਰਾਖਾ ਪ੍ਰਭ ) ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਪੰਜਾਬ ਪੁਲੀਸ ਵੱਲੋਂ ਰਾਸ਼ਟਰੀ ਸੁਰੱਖਿਆ ਐਕਟ (ਐਨਐਸਏ) ਤਹਿਤ ਅਸਾਮ ਦੀ ਡਿਬਰੂਗੜ ਜੇਲ੍ਹ ’ਚ ਨਜ਼ਰਬੰਦ ਕੀਤੇ ਗਏ ’ਵਾਰਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੂੰ ਦਿੱਤੇ ਜਾ ਰਹੇ ਖਾਣੇ ਵਿਚ ਤੰਬਾਕੂ ਮਿਲਣ ਬਾਰੇ ਬੀਬੀ ਕਿਰਨਦੀਪ ਕੌਰ ਦੇ ਦਾਅਵਿਆਂ ਨੂੰ ਗੰਭੀਰਤਾ ਨਾਲ ਲਿਆ ਹੈ।
ਉਨ੍ਹਾਂ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਇਕਬਾਲ ਸਿੰਘ ਲਾਲਪੁਰਾ ਨੂੰ ਲਿਖੇ ਪੱਤਰ ’ਚ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲੇ ਇਸ ਮਾਮਲੇ ’ਚ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਉਕਤ ਦੋਸ਼ਾਂ ’ਚ ਰੱਤੀ ਭਰ ਵੀ ਸਚਾਈ ਹੈ ਤਾਂ ਇਹ ਬਹੁਤ ਮੰਦਭਾਗੀ ਗੱਲ ਹੋਵੇਗੀ, ਕਿਉਂਕਿ ’ਤੰਬਾਕੂ ਦੀ ਵਰਤੋਂ ਸਿੱਖ ਰਹਿਤ ਮਰਯਾਦਾ ਅਨੁਸਾਰ ਬੱਜਰ ਕੁਰਹਿਤ ਹੈ। ਸਿੱਖ ਭਾਈਚਾਰੇ ਦੇ ਕਿਸੇ ਵੀ ਮੈਂਬਰ ਨੂੰ ਭਾਵੇਂ ਉਹ ਜੇਲ੍ਹ ਵਿਚ ਹੀ ਕਿਊ ਨਾ ਹੋਵੇ, ਉਸ ਦੇ ਖਾਣੇ ’ਚ ਤਮਾਕੂ ਦਾ ਪਾਇਆ ਜਾਣਾ ਉਸ ਦੇ ਧਾਰਮਿਕ ਅਧਿਕਾਰਾਂ ਦੀ ਉਲੰਘਣਾ ਹੈ। ਜੋ ਕਿ ਕਿਸੇ ਵੀ ਹਾਲਤ ਵਿਚ ਨਹੀਂ ਹੋਣਾ ਚਾਹੀਦਾ। ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਕਿਸੇ ਵੀ ਅਪਰਾਧ ਲਈ ਕਾਨੂੰਨ ਆਪਣਾ ਰਸਤਾ ਅਖ਼ਤਿਆਰ ਕਰ ਰਿਹਾ ਹੈ, ਪਰ ਕਥਿਤ ਦੋਸ਼ਾਂ ਲਈ ਕਾਨੂੰਨ ਦਾ ਸਾਹਮਣਾ ਕਰ ਰਹੇ ਵਿਅਕਤੀਆਂ ਨੂੰ ਜੇਲ੍ਹ ਮੈਨੂਅਲ ਅਨੁਸਾਰ ਮਿਆਰੀ ਭੋਜਨ ਦਿੱਤਾ ਜਾਣਾ ਚਾਹੀਦਾ ਹੈ। ਕਿਸੇ ਨੂੰ ਵੀ “ਮਾੜੀ ਕੁਆਲਿਟੀ” ਦਾ ਭੋਜਨ ਪਰੋਸਣਾ ਅਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਫ਼ੋਨ ’ਤੇ ਗੱਲ ਕਰਨ ਦੀ ਇਜਾਜ਼ਤ ਨਾ ਦੇਣੀ ਮਨੁੱਖੀ ਅਧਿਕਾਰਾਂ ਦਾ ਹਨਨ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਡਿਬਰੂਗੜ ਜੇਲ੍ਹ ਅੰਦਰ ਭੁੱਖ ਹੜਤਾਲ ਕਰ ਰਹੇ ਵਿਅਕਤੀਆਂ ਦੇ ਧਾਰਮਿਕ ਮਾਮਲੇ ’ਚ ਤੁਰੰਤ ਧਿਆਨ ਦੇਣ ਦੀ ਅਪੀਲ ਕੀਤੀ ਹੈ।
ਇਸੇ ਦੌਰਾਨ ਪ੍ਰੋ. ਸਰਚਾਂਦ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਲੰਗਰ ਦੀ ਜੂਠ ਤੇ ਸੁੱਕੀਆਂ ਰੋਟੀਆਂ ਦੀ ਵਿੱਕਰੀ ਵਿੱਚ 2019 ਤੋਂ ਦਸੰਬਰ 2022 ਤਕ ਦੇ ਸਮੇਂ ਵਿਚ ਕੀਤੀ ਗਈ ਹੇਰਾਫੇਰੀ ’ਚ ਸ਼ਾਮਿਲ ਦੋਸ਼ੀਆਂ, ਉਹ ਭਾਵੇਂ ਰੂਪੋਸ਼ ਹੋ ਗਏ ਹੋਣ ਜਾਂ ਵਿਦੇਸ਼ਾਂ ਨੂੰ ਦੋੜ ਗਏ ਹੋਣ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ, ਤਾਂ ਜੋ ਅਗਾਂਹ ਕੋਈ ਵੀ ਮੁਲਾਜ਼ਮ ਗੁਰੂ ਦੀ ਗੋਲਕ ਦੀ ਲੁੱਟ ਕਰਨ ਦਾ ਹੀਆ ਨਾ ਕਰ ਸਕੇ ।
ਇੱਥੇ ਹੀ ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਅਕਾਊਂਟ ਬਰਾਂਚ ਨੇ ਇਕ ਅਹਿਮ ਮਾਮਲਾ ਸਾਹਮਣੇ ਲਿਆਂਦਾ ਹੈ, ਜਿਸ ਵਿਚ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਦੇ ਇਕ ਰਸੂਖਦਾਰ ਤਾਕਤਵਰ ਮੈਂਬਰ/ ਟਰੱਸਟੀ ਵੱਲੋਂ ਲੰਗਰ ਲਈ ਆਏ ਝੋਨੇ ਨੂੰ ਆਪਣੀਆਂ ਫ਼ਰਮਾਂ ’ਤੇ 2019-20 ਨੂੰ ਵੇਚੇ ਜਾਣ ਦੇ ਬਾਵਜੂਦ 3-4 ਸਾਲ ਬਾਅਦ ਹੁਣ ਆਣ ਕੇ ਰਸੀਦ ਨੰ. 9155, 9170 ਅਤੇ 9171 ਤਹਿਤ ਤਿੰਨ ਲੱਖ ਰੁਪਏ ਤੋਂ ਵੱਧ ਦੀ ਬਕਾਇਆ ਰਕਮ ਗੁਰੂਘਰ ਦੇ ਖ਼ਜ਼ਾਨੇ ’ਚ ਜਮਾ ਕਰਾਈ ਗਈ ਹੈ, ਜਿਸ ਤੋਂ ਸਪਸ਼ਟ ਹੈ ਕਿ ਉਸ ਮੈਂਬਰ ਟਰੱਸਟੀ ਨੇ ਗੁਰੂਘਰ ਦੇ ਖ਼ਜ਼ਾਨੇ ਵਿਚ ਬਣਦੀ ਬਕਾਇਆ ਰਕਮ ਸਮੇਂ ਸਿਰ ਜਮਾਂ ਨਾ ਕਰਵਾ ਕੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਜਿਸ ਲਈ ਉਸ ਮੈਂਬਰ ਟਰੱਸਟੀ ਨੂੰ ਸ਼੍ਰੋਮਣੀ ਕਮੇਟੀ ’ਚ ਦਿੱਤੇ ਗਏ ਅਧਿਕਾਰ ਅਤੇ ਅਹਿਮ ਵਿਭਾਗਾਂ ’ਚ ਕੀਤੀ ਗਈ ਨਿਯੁਕਤੀ ’ਤੇ ਤੁਰੰਤ ਰੋਕ ਲਗਾਈ ਜਾਵੇ। ਇਸ ਦੇ ਨਾਲ ਹੀ ਉਸ ਨੂੰ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਤੋਂ ਖ਼ਾਰਜ ਕਰਨ ਦੀ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਜ਼ਿੰਮੇਵਾਰ ਮੈਂਬਰ ਟਰੱਸਟੀਆਂ ਨੂੰ ਸਬਕ ਨਾ ਸਿਖਾਇਆ ਗਿਆ ਤਾਂ ਮੁਲਾਜ਼ਮਾਂ ਨੂੰ ਨਿਯਮਾਂ ਨਾਲ ਖਿਲਵਾੜ ਕਰਨ ਤੋਂ ਨਹੀਂ ਰੋਕਿਆ ਜਾ ਸਕੇਗਾ।।

Related Articles

Leave a Comment