Home » ਲੋਕਾਂ ਨੂੰ ਪਾਣੀ ਦੇ ਮਾਰੂ ਪ੍ਰਭਾਵਾਂ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਨੇ ਤਿੰਨ ਥਾਂਵਾਂ ‘ਤੇ ਤਿਆਰ ਕੀਤੇ ਹੜ੍ਹ ਰਾਹਤ ਕੇਂਦਰ: ਡਿਪਟੀ ਕਮਿਸ਼ਨਰ

ਲੋਕਾਂ ਨੂੰ ਪਾਣੀ ਦੇ ਮਾਰੂ ਪ੍ਰਭਾਵਾਂ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਨੇ ਤਿੰਨ ਥਾਂਵਾਂ ‘ਤੇ ਤਿਆਰ ਕੀਤੇ ਹੜ੍ਹ ਰਾਹਤ ਕੇਂਦਰ: ਡਿਪਟੀ ਕਮਿਸ਼ਨਰ

ਨਗਰ ਪੰਚਾਇਤ ਦਫ਼ਤਰ ਖਨੌਰੀ, ਲਾਰਡ ਸ਼ਿਵਾ ਸਕੂਲ ਹਮੀਰਗੜ੍ਹ ਤੇ ਸਰਕਾਰੀ ਸਕੂਲ ਰਾਮਪੁਰ ਗੁੱਜਰਾਂ ‘ਚ ਬਣਾਏ ਰਾਹਤ ਕੇਂਦਰਾਂ ‘ਚ ਆਰਜ਼ੀ ਰਿਹਾਇਸ਼, ਸੁੱਕਾ ਰਾਸ਼ਨ, ਪੀਣਯੋਗ ਪਾਣੀ ਤੇ ਦਵਾਈਆਂ ਸਮੇਤ ਮੈਡੀਕਲ ਸਹਾਇਤਾ 24 ਘੰਟੇ ਉਪਲਬਧ: ਜਤਿੰਦਰ ਜੋਰਵਾਲ

by Rakha Prabh
10 views

ਡਿਪਟੀ ਕਮਿਸ਼ਨਰ ਨੇ ਐਸ.ਐਸ.ਪੀ, ਫੌਜ ਅਤੇ ਐਨ.ਡੀ.ਆਰ.ਐਫ ਦੇ ਅਧਿਕਾਰੀਆਂ ਸਮੇਤ ਲਿਆ ਜਾਇਜ਼ਾ 

ਮੂਨਕ/ਸੰਗਰੂਰ, 13 ਜੁਲਾਈ, 2023: ਖਨੌਰੀ ਤੇ ਮੂਨਕ ਇਲਾਕਿਆਂ ‘ਚ ਘੱਗਰ ਦਰਿਆ ‘ਚ ਪਾਣੀ ਦੀ ਬਹੁਤ ਵੱਡੇ ਪੱਧਰ ‘ਤੇ ਆਮਦ ਹੋਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਸਥਿਤੀ ਨੂੰ ਕਾਬੂ ‘ਚ ਰੱਖਣ ਲਈ ਵਿਆਪਕ ਤੌਰ ਉੱਤੇ ਰਾਹਤ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਹਨ। ਇਲਾਕੇ ਵਿੱਚ ਵਸਦੇ ਲੋਕਾਂ ਨੂੰ ਪਾਣੀ ਦੇ ਮਾਰੂ ਪ੍ਰਭਾਵਾਂ ਤੋਂ ਬਚਾਉਣ ਅਤੇ ਹਰੇਕ ਤਰ੍ਹਾਂ ਦੀਆਂ ਲੋੜੀਂਦੀਆਂ ਸਹੂਲਤਾਂ ਉਪਲੱਬਧ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਤਿੰਨ ਥਾਂਵਾਂ ‘ਤੇ ਹੜ੍ਹ ਰਾਹਤ ਕੇਂਦਰ ਤਿਆਰ ਕੀਤੇ ਗਏ ਹਨ ਜਿਥੇ ਅੱਜ ਸ਼ਾਮ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਐਸ ਐਸ ਪੀ ਸੁਰੇਂਦਰ ਲਾਂਬਾ ਅਤੇ ਐਨ ਡੀ ਆਰ ਐਫ ਤੇ ਭਾਰਤੀ ਫੌਜ ਦੇ ਅਧਿਕਾਰੀਆਂ ਸਮੇਤ ਹਮੀਰਗੜ੍ਹ ਵਿਚ ਸਥਾਪਤ ਰਾਹਤ ਕੇਂਦਰ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪਾਣੀ ਕਾਰਨ ਫਸਣ ਵਾਲੇ ਲੋਕਾਂ ਨੂੰ ਪੁਲਿਸ, ਫੌਜ ਤੇ ਐਨ.ਡੀ.ਆਰ.ਐਫ. ਦੀ ਮਦਦ ਨਾਲ ਇਨ੍ਹਾਂ ਸੁਰੱਖਿਅਤ ਥਾਂਵਾਂ ‘ਤੇ ਲਿਆਂਦਾ ਜਾਵੇਗਾ ਤੇ ਇਸ ਕੰਮ ਲਈ ਲੋੜੀਂਦੀ ਮੁੱਢਲੀ ਕਾਰਵਾਈ ਪੂਰੀ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਗਰ ਪੰਚਾਇਤ ਦਫ਼ਤਰ ਖਨੌਰੀ, ਲਾਰਡ ਸ਼ਿਵਾ ਸਕੂਲ ਹਮੀਰਗੜ੍ਹ ਤੇ ਸਰਕਾਰੀ ਸਕੂਲ ਰਾਮਪੁਰ ਗੁੱਜਰਾਂ ‘ਚ ਰਾਹਤ ਕੇਂਦਰ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰਾਹਤ ਕੇਂਦਰਾਂ ‘ਚ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਲਈ ਆਰਜ਼ੀ ਰਿਹਾਇਸ਼, ਸੁੱਕਾ ਰਾਸ਼ਨ, ਪੀਣਯੋਗ ਪਾਣੀ ਤੇ ਦਵਾਈਆਂ ਸਮੇਤ ਮੈਡੀਕਲ ਸਹਾਇਤਾ ਦੀ ਉਪਲਬਧਤਾ 24 ਘੰਟੇ ਯਕੀਨੀ ਬਣਾਈ ਗਈ ਹੈ।
ਡੀ.ਸੀ. ਜਤਿੰਦਰ ਜੋਰਵਾਲ ਨੇ ਦੱਸਿਆ ਕਿ ਲਾਰਡ ਸ਼ਿਵਾ ਸਕੂਲ ਹਮੀਰਗੜ੍ਹ ਵਿਖੇ ਬਣਾਏ ਰਾਹਤ ਕੇਂਦਰ ਵਿਖੇ ਘੱਗਰ ਦੇ ਉੱਪਰ ਵਾਲੇ ਪਾਸੇ ਦੇ ਹੋਤੀਪੁਰ ਤੇ ਨਵਾਂਗਾਓਂ ਪਿੰਡਾਂ ਦੇ ਵਸਨੀਕਾਂ ਤੇ ਥੱਲੇ ਵਾਲੇ ਪਾਸੇ ਦੇ ਮੂਨਕ ਸ਼ਹਿਰ, ਸਰਜਨ ਭੈਣੀ, ਭੂੰਦੜ ਭੈਣੀ ਤੇ ਸਲੇਮਗੜ੍ਹ ਪਿੰਡਾਂ ਦੇ ਹੜ੍ਹ ਦੇ ਪ੍ਰਭਾਵ ਹੇਠ ਆਏ ਵਸਨੀਕਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਨਗਰ ਪੰਚਾਇਤ ਦਫ਼ਤਰ ਖਨੌਰੀ ਵਿਖੇ ਬਣਾਏ ਕੇਂਦਰ ‘ਚ ਮੂਨਕ ਸ਼ਹਿਰ ਤੇ ਬਨਾਰਸੀ ਪਿੰਡ ਦੇ ਹੜ੍ਹ ਦੀ ਮਾਰ ਹੇਠ ਆਏ ਲੋਕਾਂ ਨੂੰ ਰੱਖਣ ਲਈ ਬੰਦੋਬਸਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲ ਰਾਮਪੁਰ ਗੁੱਜਰਾਂ ਵਿਖੇ ਬਣਾਏ ਕੇਂਦਰ ‘ਚ ਹਾਂਡਾ, ਕੁੱਦਨੀ, ਘਮੂਰ ਘਾਟ, ਗਨੋਟਾ, ਫੂਲਦ ਤੇ ਮਕੌਰੜ ਸਾਹਿਬ ਪਿੰਡਾਂ ਦੇ ਲੋਕਾਂ ਲਈ ਲੋੜੀਂਦੀਆਂ ਸੁਵਿਧਾਵਾਂ ਯਕੀਨੀ ਬਣਾਈਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਹੜ੍ਹਾਂ ਦੇ ਪ੍ਰਭਾਵ ਹੇਠ ਆਉਣ ਵਾਲੇ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਨੀਵੇਂ ਇਲਾਕਿਆਂ ‘ਚ ਪਾਣੀ ਭਰਨ ਦਾ ਵੱਧ ਖਤਰਾ ਹੈ ਜਿਸ ਲਈ ਸਮਾਂ ਰਹਿੰਦੇ ਸੁਰੱਖਿਅਤ ਥਾਂਵਾਂ ‘ਤੇ ਪਹੁੰਚ ਜਾਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕਿਸੇ ਵਿਅਕਤੀ ਨੂੰ ਕਿਸੇ ਰਾਹਤ ਜਾਂ ਹੋਰ ਲੋੜ ਹੋਵੇ ਤਾਂ ਉਹ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਨੰਬਰ 01672-234196 ‘ਤੇ ਸੰਪਰਕ ਕਰ ਸਕਦਾ ਹੈ।
ਐਸ.ਐਸ.ਪੀ. ਸੁਰੇਂਦਰ ਲਾਂਬਾ ਨੇ ਕਿਹਾ ਕਿ ਸੰਗਰੂਰ ਪੁਲਿਸ ਵੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਰਾਹਤ ਕਾਰਵਾਈਆਂ ‘ਚ ਸਾਥ ਦੇ ਰਿਹਾ ਹੈ ਤੇ ਜੇਕਰ ਕਿਸੇ ਨਾਗਰਿਕ ਨੂੰ ਕੋਈ ਵੀ ਲੋੜ ਹੋਵੇ ਤਾਂ ਉਹ ਪੁਲਿਸ ਵਿਭਾਗ ਦੇ ਕੰਟਰੋਲ ਰੂਮ ਨੰਬਰ 01672-230800 ਜਾਂ 80545-45100 ‘ਤੇ ਵੀ ਸੰਪਰਕ ਕਰ ਸਕਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ, ਐਸ.ਡੀ.ਐਮ. ਸੂਬਾ ਸਿੰਘ, ਐਸ.ਡੀ.ਐਮ. ਨਵਰੀਤ ਕੌਰ ਸੇਖੋਂ ਵੀ ਹਾਜ਼ਰ ਸਨ।

Related Articles

Leave a Comment