ਪਿੰਡ ਲਾਵੇਂ ਵਿਖੇ ਇੱਕ ਗਰੀਬ ਵਿਅਕਤੀ ਦੇ ਦੋ ਕਮਰਿਆਂ ਦੀਆਂ ਛੱਤਾਂ ਡਿੱਗੀਆਂ
ਅੰਮ੍ਰਿਤਸਰ , 15 ਜੂਨ ( ਰਣਜੀਤ ਸਿੰਘ ਮਸੌਣ) ਬੀਤੀ ਰਾਤ ਆਏ ਤੇਜ਼ ਤੂਫਾਨ ਨੇ ਵਿਧਾਨ ਸਭਾ ਹਲਕਾ ਰਾਜਾਂਸਾਸੀ ਦੇ ਸਰਹੱਦੀ ਖੇਤਰ ਦੇ ਪਿੰਡਾਂ ਵਿੱਚ ਭਾਰੀ ਤਬਾਹੀ ਮਚਾਈ ਹੈ, ਬਹੁਤ ਸਾਰੇ ਰੁੱਖ ਜੜਾਂ ਤੋਂ ਪੁੱਟੇ ਗਏ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਰੁੱਖਾਂ ਦੇ ਮੋਟੇ ਟਾਹਣੇ ਟੁੱਟ ਗਏ ਅਤੇ ਇਸੇ ਤਰ੍ਹਾਂ ਕਈ ਪਿੰਡ ਦੇ ਟਰਾਂਸਫਾਰਮਰ ਖੰਭਿਆਂ ਸਮੇਤ ਹੇਠਾਂ ਡਿੱਗ ਪਏ, ਬਿਜਲੀ ਵਾਲੇ ਖੰਭੇ ਵੀ ਅੱਧ ਵਿੱਚੋਂ ਟੁੱਟ ਗਏ ਤੇ ਕੁੱਝ ਪੁੱਟੇ ਗਏ, ਜਿਸ ਕਰਕੇ ਬਿਜਲੀ ਸਪਲਾਈ ਦਾ ਸਾਰਾ ਕੰਮ ਅਸਤ ਵਿਅਸਤ ਹੋ ਕੇ ਰਹਿ ਗਿਆ ਹੈ। ਖੇਤਾਂ ਵਿੱਚ ਚਾਰ ਚੁਫੇਰੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਪਿੰਡ ਖਿਆਲਾ ਕਲਾਂ ਦੇ ਥੇਹ ‘ਤੇ ਰਹਿ ਰਹੇ ਕਿਸਾਨ ਬਾਬਾ ਜਗਤਾਰ ਸਿੰਘ ਪੁੱਤਰ ਦਰਸ਼ਨ ਸਿੰਘ ਦਾ ਪਸ਼ੂਆਂ ਵਾਲਾ ਸ਼ੈੱਡ ਗਾਡਰਾਂ ਸਮੇਤ ਉੱਡ ਗਿਆ, ਜੋ ਸਾਹਮਣੇਂ ਕੋਠੀ ਤੇ ਡਿੱਗਣ ਨਾਲ ਕੋਠੀ ਦੀ ਸ਼ੋਅ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ । ਸ਼ੈੱਡ ਦੀਆਂ ਕੰਧਾਂ ਡਿੱਗਣ ਕਰਕੇ ਕਿਸਾਨ ਦੀ ਇੱਕ ਵੱਛੀ ਦੀ ਮੌਤ ਹੋ ਗਈ, ਜਦੋਂਕਿ ਇੱਕ ਗਾਂ ਦੀ ਲੱਤ ਟੁੱਟ ਗਈ ।
ਇਸੇ ਤਰ੍ਹਾਂ ਪਿੰਡ ਲਾਵੇਂ ਦੇ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਦਲਿਤ ਵਿਅਕਤੀ ਤਰਸੇਮ ਸਿੰਘ ਪੁੱਤਰ ਸੁਰਜਨ ਸਿੰਘ ਦੇ ਦੋ ਕਮਰਿਆਂ ਦੀਆਂ ਛੱਤਾਂ ਡਿੱਗ ਪਈਆਂ। ਇਸ ਘਟਨਾ ਵਿੱਚ ਇੱਕੋਂ ਕਮਰੇ ਅੰਦਰ ਬੈਠੇ ਪਰਿਵਾਰ ਦੇ ਤਿੰਨੇ ਜੀਅ ਵਾਲ-ਵਾਲ ਬਚ ਗਏ, ਪਰ ਕਮਰਿਆਂ ਵਿੱਚ ਪਏ ਦੋ ਡਬਲ ਬੈੱਡ, ਦੋ ਅਲਮਾਰੀਆਂ ਤੇ ਘਰ ਦਾ ਹੋਰ ਘਰੇਲੂ ਸਮਾਨ ਟੁੱਟ ਭੱਜ ਗਿਆ ।
ਪਿੰਡ ਕੋਹਾਲੀ ਦੇ ਦੋ ਕਿਸਾਨਾਂ ਗੁਰਸ਼ਰਨ ਸਿੰਘ ਅਤੇ ਪਰਮਜੀਤ ਸਿੰਘ ਦੀ ਕੋਠੀਆਂ ਦੀਆਂ ਪੌੜੀਆਂ ‘ਤੇ ਬਣੀਆਂ ਮਮਟੀਆਂ ਵੀ ਢਹਿ ਢੇਰੀ ਹੋ ਗਈਆਂ। ਇੱਕ ਕਿਸਾਨ ਮੱਖਣ ਸਿੰਘ ਦੀ ਰਸੋਈ ਤੇ ਪਈਆਂ ਟੀਨਾਂ ਦੀ ਛੱਤ ਵੀ ਘਰ ਤੋਂ ਦੂਰ ਖੇਤਾਂ ਵਿੱਚ ਜਾ ਡਿੱਗੀ ਤੇ ਟੀਨਾਂ ਚੂਰ-ਚੂਰ ਹੋ ਗਈਆਂ । ਪਿੰਡ ਲਾਵੇਂ ਦੇ ਕਿਸਾਨ ਕਰਮਜੀਤ ਸਿੰਘ ਨੇ ਦੱਸਿਆਂ ਕਿ ਉਸ ਦੇ ਨਾਖਾਂ ਦੇ ਬਾਗ ਵਿੱਚੋਂ ਕਰੀਬ 20 ਬੂਟੇ ਜੜਾਂ ਤੋਂ ਉੱਖੜ ਜਾਣ ਕਰਕੇ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ, ਕਿਉਂਕਿ ਇਹ ਬੂਟੇ ਹੁਣ ਫ਼ਲ ਦੇ ਰਹੇ ਸਨ । ਕਿਸਾਨ ਅਕਾਸ਼ਦੀਪ ਸਿੰਘ ਔਲਖ ਦੀ ਕੋਠੀ ਦੇ ਕੁੱਝ ਸ਼ੀਸ਼ੇ ਵੀ ਤੂਫਾਨ ਕਾਰਨ ਚਕਨਾਚੂਰ ਹੋ ਗਏ । ਪੀੜਤ ਪਰਿਵਾਰਾਂ ਨੇ ਪੰਜਾਬ ਸਰਕਾਰ ਪਾਸੋਂ ਮੁਆਵਜੇ ਦੀ ਮੰਗ ਕੀਤੀ ਹੈ । ਕੁੱਝ ਲੋਕਾਂ ਦੇ ਦੱਸਣ ਅਨੁਸਾਰ ਇਹ ਤੂਫਾਨ ਹੁਣ ਤੱਕ ਦਾ ਸਭ ਤੋਂ ਖਤਰਨਾਕ ਤੂਫਾਨ ਸੀ, ਜਿਸਨੇ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਅਤੇ ਕਈ ਨੇ ਲੋਕਾਂ ਲੱਗਭੱਗ ਸਾਰੀ ਰਾਤ ਜਾਗ ਕੇ ਲੰਘਾਈ